ਭ੍ਰਿਸ਼ਟਾਚਾਰ ’ਚ ਭਾਰਤ 180 ਦੇਸ਼ਾਂ ’ਚੋਂ 93ਵੇਂ ਸਥਾਨ ’ਤੇ

Tuesday, Jan 30, 2024 - 06:45 PM (IST)

ਨਵੀਂ ਦਿੱਲੀ, (ਭਾਸ਼ਾ)- ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਇਕ ਰਿਪੋਰਟ ਅਨੁਸਾਰ 2023 ਦੇ ਭ੍ਰਿਸ਼ਟਾਚਾਰ ਧਾਰਨਾ ਸੂਚਕ ਅੰਕ ’ਚ ਭਾਰਤ 180 ਦੇਸ਼ਾਂ ’ਚੋਂ 93ਵੇਂ ਸਥਾਨ ’ਤੇ ਹੈ ਅਤੇ ਇਸ ਦਾ ਕੁੱਲ ਸਕੋਰ ਕਾਫੀ ਹੱਦ ਤੱਕ ਸਥਿਰ ਰਿਹਾ ਹੈ।

ਸੂਚਕ ਅੰਕ ’ਚ ਮਾਹਿਰਾਂ ਅਤੇ ਉਦਯੋਗ ਖੇਤਰ ਦੇ ਲੋਕਾਂ ਅਨੁਸਾਰ 180 ਦੇਸ਼ਾਂ ਅਤੇ ਖੇਤਰਾਂ ਨੂੰ ਜਨਤਕ ਖੇਤਰ ’ਚ ਭ੍ਰਿਸ਼ਟਾਚਾਰ ਦੇ ਪੱਧਰ ’ਤੇ ਰੱਖਿਆ ਜਾਂਦਾ ਹੈ। ਇਸ ’ਚ 0 ਤੋਂ 100 ਤੱਕ ਮਾਪਦੰਡ ਰੱਖਿਆ ਗਿਆ ਹੈ ਜਿਸ ’ਚ 0 ਬਹੁਤ ਹੀ ਭ੍ਰਿਸ਼ਟ ਲਈ ਅਤੇ 100 ਪੂਰੀ ਤਰ੍ਹਾਂ ਸਾਫ਼ ਅਕਸ ਲਈ ਵਰਤਿਆ ਜਾਂਦਾ ਹੈ।

ਭਾਰਤ ਦਾ ਕੁੱਲ ਸਕੋਰ 2023 ’ਚ 39 ਸੀ, ਜਦੋਂ ਕਿ 2022 ’ਚ ਇਹ 40 ਸੀ। 2022 ’ਚ ਭਾਰਤ ਦਾ ਰੈਂਕ 85 ਸੀ। ਰਿਪੋਰਟ ’ਚ ਕਿਹਾ ਗਿਆ ਹੈ, ‘‘ਭਾਰਤ (39) ਦੇ ਸਕੋਰ ’ਚ ਉਤਰਾਅ-ਚੜ੍ਹਾਅ ਇੰਨਾ ਛੋਟਾ ਹੈ ਕਿ ਕਿਸੇ ਵੀ ਮਹੱਤਵਪੂਰਨ ਬਦਲਾਅ ’ਤੇ ਕੋਈ ਠੋਸ ਸਿੱਟਾ ਨਹੀਂ ਕੱਢਿਆ ਜਾ ਸਕਦਾ ਹੈ। ਇਸ ’ਚ ਕਿਹਾ ਗਿਆ ਹੈ ਕਿ ਦੱਖਣ ਏਸ਼ੀਆ ’ਚ ਪਾਕਿਸਤਾਨ (133) ਅਤੇ ਸ਼੍ਰੀਲੰਕਾ (115) ਆਪਣੇ-ਆਪਣੇ ਕਰਜ਼ਿਆਂ ਦੇ ਬੋਝ ਹੇਠ ਦੱਬੇ ਹੋਏ ਹਨ ਅਤੇ ਰਾਜਨੀਤਿਕ ਅਸਥਿਰਤਾ ਨਾਲ ਜੂਝ ਰਹੇ ਹਨ।

90 ਅੰਕਾਂ ਨਾਲ ਡੈੱਨਮਾਰਕ ਸਭ ਤੋਂ ਘੱਟ ਭ੍ਰਿਸ਼ਟ

ਡੈੱਨਮਾਰਕ ਨੂੰ ਇਸ ਸਾਲ 90 ਅੰਕਾਂ ਦੇ ਨਾਲ ਸਭ ਤੋਂ ਘੱਟ ਭ੍ਰਿਸ਼ਟ ਦੇਸ਼ ਵਜੋਂ ਦੇਖਿਆ ਗਿਆ। ਇਸ ਤੋਂ ਬਾਅਦ ਫਿਨਲੈਂਡ ਅਤੇ ਨਿਊਜ਼ੀਲੈਂਡ ਦੋਵਾਂ ਨੂੰ ਬਰਾਬਰ 87 ਅੰਕ ਮਿਲੇ ਹਨ। ਬ੍ਰਿਟੇਨ ਨੇ 5 ਅੰਕ ਦੇ ਨੁਕਸਾਨ ਨਾਲ ਹੁਣ ਤੱਕ ਦਾ ਘੱਟ 73 ਅੰਕ ਹਾਸਲ ਕੀਤਾ।


Rakesh

Content Editor

Related News