105 ਸਾਲ ਦੇ ਹੋਏ ਆਜ਼ਾਦ ਭਾਰਤ ਦੇ ਪਹਿਲੇ ਵੋਟਰ ਸ਼ਿਆਮ ਨੇਗੀ, ਵੋਟ ਪਾਉਣ ਦਾ ਬਣਾ ਚੁੱਕੇ ਹਨ ਰਿਕਾਰਡ

07/02/2022 12:17:16 PM

ਕਿਨੌਰ– ਆਜ਼ਾਦ ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਨੇ ਆਪਣੇ ਘਰ ਸ਼ੁੱਕਰਵਾਰ ਨੂੰ 105ਵਾਂ ਜਨਮ ਦਿਨ ਧੂਮ-ਧਾਮ ਨਾਲ ਮਨਾਇਆ। ਉਨ੍ਹਾਂ ਨੇ ਕਿਨੌਰ ਜ਼ਿਲ੍ਹੇ ਦੇ ਕਲਪਾ ਸਥਿਤ ਆਪਣੇ ਨਿਵਾਸ ਸਥਾਨ 'ਤੇ ਕੇਕ ਕੱਟ ਕੇ ਇਸ ਮੌਕੇ ਦਾ ਜਸ਼ਨ ਮਨਾਇਆ, ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਸਥਾਨਕ ਪਿੰਡ ਵਾਸੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਕੱਠੇ ਹੋਏ ਸਨ।

PunjabKesari

ਦੱਸ ਦੇਈਏ ਕਿ ਹਿਮਾਚਲ ਦੇ ਕਿਨੌਰ ਜ਼ਿਲ੍ਹਾ ਦੇ ਕਲਪਾ ਵਾਸੀ ਸ਼ਿਆਨ ਸਰਨ ਨੇਗੀ ਆਜ਼ਾਦ ਭਾਰਤ ਦੇ ਪਹਿਲੇ ਵੋਟਰ ਹਨ। ਇਸ ਦੌਰਾਨ ਕਿਨੌਰ ਦੇ ਡਿਪਟੀ ਕਮਿਸ਼ਨਰ ਆਬਿਦ ਹੁਸੈਨ ਸਾਦਿਕ ਨੇ ਉਨ੍ਹਾਂ ਨੂੰ ਕੇਕ ਖੁਆ ਕੇ ਵਧਾਈ ਦਿੱਤੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਸਾਦਿਕ ਨੇ ਕਿਹਾ ਕਿ ਉਹ ਸਾਰਿਆਂ ਲਈ ਇਕ ਪ੍ਰੇਰਨਾ ਹਨ। ਇਸ ਦੌਰਾਨ ਨੇਗੀ ਦੇ ਬੇਟੇ ਵਿਨੈ ਨੇਗੀ ਨੇ ਕਿਹਾ ਕਿ ਮੇਰੇ ਪਿਤਾ ਦਿਲਦਾਰ ਹਨ ਪਰ ਉਨ੍ਹਾਂ ਦੀ ਯਾਦਦਾਸ਼ਤ ਥੋੜ੍ਹੀ ਕਮਜ਼ੋਰ ਹੋ ਗਈ ਹੈ। ਮੈਨੂੰ ਇਸ ਗੱਲ 'ਤੇ ਮਾਣ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਇੰਨਾ ਸਨਮਾਨ ਹਾਸਲ ਕੀਤਾ ਹੈ।

PunjabKesari

ਜਾਣਕਾਰੀ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਨੇ ਦੇਸ਼ ਦੇ ਪਹਿਲੇ ਵੋਟਰ ਦਾ 105ਵਾਂ ਜਨਮ ਦਿਨ ਮਨਾਉਣ ਲਈ ਖ਼ਾਸ ਪ੍ਰਬੰਧ ਕੀਤੇ ਸਨ। ਹਿਮਾਚਲ ਦੇ ਕਿਨੌਰ ਜ਼ਿਲ੍ਹਾ ਦੇ ਕਲਪਾ ਪਿੰਡ ਦੇ ਸ਼ਿਆਮ ਨੇਗੀ ਨੇ ਹਿੰਦੋਸਤਾਨ ਦੀ ਆਜ਼ਾਦੀ ਮਗਰੋਂ ਪਈਆਂ ਲੋਕ ਸਭਾ ਲਈ ਵੋਟਿੰਗ ’ਚ ਸਭ ਤੋਂ ਪਹਿਲਾ ਵੋਟ ਪਾਈ ਸੀ। ਜਦੋਂ 1951 ਵਿਚ ਸ਼ਿਆਮ ਸਰਨ ਨੇਗੀ ਨੇ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ’ਚ ਆਪਣੀ ਵੋਟ ਦਾ ਇਸਤੇਮਾਲ ਕੀਤਾ ਤਾਂ ਉਨ੍ਹਾਂ ਆਜ਼ਾਦ ਭਾਰਤ ਦੇ ਪਹਿਲੇ ਵੋਟਰ ਬਣ ਕੇ ਇਤਿਹਾਸ ਰਚਿਆ। ਦੇਸ਼ ’ਚ 1952 ’ਚ ਪਹਿਲੀਆਂ ਲੋਕ ਸਭਾ ਚੋਣਾਂ ਹੋਈਆਂ ਪਰ ਕਿਨੌਰ ’ਚ ਭਾਰੀ ਬਰਫ਼ਬਾਰੀ ਕਾਰਨ 5 ਮਹੀਨੇ ਪਹਿਲਾਂ ਯਾਨੀ ਕਿ  ਸਤੰਬਰ 1951 ’ਚ ਹੀ ਵੋਟਾਂ ਪਈਆਂ ਸਨ। 

PunjabKesari

1 ਜੁਲਾਈ 1917 ਨੂੰ ਜਨਮੇ ਨੇਗੀ ਉਸ ਸਮੇਂ ਇਕ ਸਰਕਾਰੀ ਸਕੂਲ ’ਚ ਅਧਿਆਪਕ ਸਨ ਅਤੇ ਪਹਿਲੀਆਂ ਚੋਣਾਂ ’ਚ ਉਨ੍ਹਾਂ ਨੂੰ ਚੋਣ ਡਿਊਟੀ ਸੌਂਪੀ ਗਈ ਸੀ। ਉਨ੍ਹਾਂ ਆਪਣੇ ਪਿੰਡ ਦੀ ਪੋਲਿੰਗ ਪਾਰਟੀ ਨੂੰ ਬੇਨਤੀ ਕੀਤੀ ਸੀ ਕਿ ਉਹ ਉਨ੍ਹਾਂ ਨੂੰ ਆਪਣੀ ਵੋਟ ਪਾਉਣ ਅਤੇ ਫਿਰ ਪੋਲਿੰਗ ਸਟੇਸ਼ਨ 'ਤੇ ਜਾਣ ਦੀ ਆਗਿਆ ਦੇਵੇ, ਜਿੱਥੇ ਉਨ੍ਹਾਂ ਦੀ ਡਿਊਟੀ ਲਗਾਈ ਗਈ ਸੀ। ਸਬੰਧਤ ਅਧਿਕਾਰੀ ਨੇ ਉਨ੍ਹਾਂ ਦੀ ਬੇਨਤੀ ਮੰਨ ਲਈ ਅਤੇ ਉਹ ਦੇਸ਼ ਦੇ ਪਹਿਲੇ ਵੋਟਰ ਬਣ ਗਏ। ਉਦੋਂ ਤੋਂ ਨੇਗੀ ਕਦੇ ਵੀ ਵੋਟ ਪਾਉਣ ਦਾ ਮੌਕਾ ਨਹੀਂ ਖੁੰਝਾਇਆ, ਚਾਹੇ ਉਹ ਪੰਚਾਇਤੀ ਚੋਣਾਂ ਹੋਣ ਜਾਂ ਲੋਕ ਸਭਾ ਚੋਣਾਂ। ਨੇਗੀ ਨੂੰ 2012 ’ਚ ਸੁਤੰਤਰ ਭਾਰਤ ਦੇ ਪਹਿਲੇ ਵੋਟਰ ਵਜੋਂ ਮਾਨਤਾ ਦਿੱਤੀ ਗਈ ਸੀ ਅਤੇ ਫਿਰ ਉਸ ਵੇਲੇ ਦੇ ਮੁੱਖ ਚੋਣ ਕਮਿਸ਼ਨਰ ਨਵੀਨ ਚਾਵਲਾ ਨੇ ਉਨ੍ਹਾਂ ਦੀ ਸਹੂਲਤ ਲਈ ਕਲਪਾ ਦਾ ਦੌਰਾ ਕੀਤਾ ਸੀ।
 


Tanu

Content Editor

Related News