ਲੁਧਿਆਣਾ ’ਚ ਸ਼ਿਮਲਾ ਵਰਗੀ ਠੰਡ, ਟੁੱਟਿਆ ਪਿਛਲੇ 56 ਸਾਲਾਂ ਦਾ ਰਿਕਾਰਡ
Wednesday, Jan 14, 2026 - 10:26 AM (IST)
ਲੁਧਿਆਣਾ (ਖੁਰਾਣਾ) : ਲੋਹੜੀ ਦੇ ਤਿਉਹਾਰ ’ਤੇ ਸ਼ਹਿਰ ਵਾਸੀਆਂ ਨੂੰ ਲੁਧਿਆਣਾ ਵਿਚ ਵੀ ਦਿਨ ਭਰ ਸ਼ਿਮਲਾ ਵਰਗੀ ਠੰਢ ਦਾ ਅਹਿਸਾਸ ਹੁੰਦਾ ਰਿਹਾ। ਇਸ ਦੌਰਾਨ ਗੱਲ ਦੁਪਹਿਰ ਨੂੰ ਅਾਸਮਾਨ ਵਿਚ ਛਾਏ ਹਲਕੇ ਬੱਦਲਾਂ ਸਮੇਤ ਖਿੜੀ ਸੁਨਹਿਰੀ ਧੁੱਪ ਦੇ ਨਾਲ ਹੀ ਚੱਲ ਰਹੀਆਂ ਬਰਫੀਲੀਆਂ ਹਵਾਵਾਂ ਕਾਰਨ ਲੋਕਾਂ ਦੇ ਹੱਥ-ਪੈਰ ਸੁੰਨ ਪੈਂਦੇ ਰਹੇ। ਮਤਲਬ ਧੁੱਪ ਵੀ ਲੋਕਾਂ ਨੂੰ ਸਰਦੀ ਦੀ ਮਾਰ ਤੋਂ ਰਾਹਤ ਨਹੀਂ ਦਿਵਾ ਸਕੀ। ਹੱਡ ਕੰਬਾਅ ਦੇਣ ਵਾਲੀ ਭਿਆਨਕ ਸਰਦੀ ਕਾਰਨ ਸੜਕਾਂ ’ਤੇ ਖਰੀਦਦਾਰੀ ਕਰਨ ਲਈ ਉਤਰੇ ਲੋਕਾਂ ਨੇ ਆਪਣੇ ਆਪ ਨੂੰ ਗਰਮ ਕੱਪੜਿਆਂ ਨਾਲ ਪੂਰੀ ਤਰ੍ਹਾਂ ਕਵਰ ਕੀਤਾ ਹੋਇਆ ਸੀ, ਤਾਂ ਕਿ ਠੰਢ ਦੀ ਮਾਰ ਤੋਂ ਸੁਰੱਖਿਅਤ ਬਚਾਅ ਕੀਤਾ ਜਾ ਸਕੇ। ਇਸ ਦੌਰਾਨ ਜ਼ਿਆਦਾਤਰ ਪਰਿਵਾਰ ਦਿਨ ਸਮੇਂ ਹੀ ਅੱਗ ਬਾਲ ਕੇ ਸੇਕਦੇ ਹੋਏ ਨਜ਼ਰ ਆਏ, ਤਾਂ ਨਾਲ ਹੀ ਆਸਮਾਨ ਵਿਚ ਛਾਏ ਸੰਘਣੀ ਧੁੰਦ ਕਾਰਨ ਸੜਕਾਂ ‘ਤੇ ਵਿਜ਼ੀਬਿਲਟੀ ਬਹੁਤ ਘੱਟ ਰਹਿਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਅੜਿੱਕੇ ਚੜ੍ਹਿਆ ਗੋਸਾ ਗੈਂਗ ਦਾ ਲੀਡਰ! CIA ਸਟਾਫ਼ ਦੇ ਮੈਂਬਰ ਬਣ ਕੇ ਲੁੱਟੇ ਸੀ ਕੈਨੇਡੀਅਨ ਡਾਲਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਤਾਇਨਾਤ ਮੌਸਮ ਵਿਭਾਗ ਦੀ ਮਾਹਿਰ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਲੋਹੜੀ ਵਾਲੇ ਦਿਨ ਪਈ ਸਰਦੀ ਨੇ ਪਿਛਲੇ 56 ਸਾਲਾਂ ਦੇ ਰਿਕਾਰਡ ਤੋੜ ਦਿੱਤੇ। ਉਨ੍ਹਾਂ ਦੱਸਿਆ ਕਿ 13 ਜਨਵਰੀ ਨੂੰ ਬਾਅਦ ਦੁਪਹਿਰ ਲੁਧਿਆਣਾ ਵਿਚ ਵੱਧ ਤੋਂ ਵੱਧ ਤਾਪਮਾਨ 9.2 ਡਿਗਰੀ ਅਤੇ ਘੱਟੋ ਘੱਟ 2.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ, ਜੋ ਕਿ ਸਾਲ 1970 ਤੋਂ ਬਾਅਦ ਸਭ ਤੋਂ ਘੱਟ ਤਾਪਮਾਨ ਹੈ। ਮੌਸਮ ਵਿਗਿਆਨੀ ਡਾ. ਕਿੰਗਰਾ ਨੇ ਦੱਸਿਆ ਕਿ ਵਿਭਾਗ ਵਲੋਂ 13 ਅਤੇ 14 ਜਨਵਰੀ ਨੂੰ ਸ਼ਹਿਰ ਵਿਚ ਪੈਣ ਵਾਲੀ ਸੰਘਣੀ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ, ਜਦੋਂਕਿ ਉਸ ਤੋਂ ਬਾਅਦ ਧੁੰਦ ਨੂੰ ਲੈ ਕੇ ਯੈਲੋ ਅਲਰਟ ਬਣਿਆ ਰਹੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਦੱਸਿਆ ਕਿ ਲੁਧਿਆਣਾ ਵਿਚ ਹਾਲ ਦੀ ਘੜੀ ਬਰਸਾਤ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
