ਭਾਜਪਾ ਨੇ ਪੰਜਾਬ ਸਰਕਾਰ ਦੀ ''ਸਿਹਤ ਬੀਮਾ ਯੋਜਨਾ'' ''ਤੇ ਚੁੱਕੇ ਸਵਾਲ, ਪੜ੍ਹੋ ਤਰੁਣ ਚੁੱਘ ਦਾ ਬਿਆਨ (ਵੀਡੀਓ)

Wednesday, Jan 28, 2026 - 04:02 PM (IST)

ਭਾਜਪਾ ਨੇ ਪੰਜਾਬ ਸਰਕਾਰ ਦੀ ''ਸਿਹਤ ਬੀਮਾ ਯੋਜਨਾ'' ''ਤੇ ਚੁੱਕੇ ਸਵਾਲ, ਪੜ੍ਹੋ ਤਰੁਣ ਚੁੱਘ ਦਾ ਬਿਆਨ (ਵੀਡੀਓ)

ਚੰਡੀਗੜ੍ਹ (ਅੰਕੁਰ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਸਰਕਾਰ ਦੀ ਤਥਾ-ਕਥਿਤ 'ਮੁੱਖ ਮੰਤਰੀ ਸਿਹਤ ਬੀਮਾ ਸਕੀਮ' ਨੂੰ ਭਰਮਾਉਣ ਵਾਲੀ, ਅਮਲਯੋਗ ਨਾ ਹੋਣ ਵਾਲੀ ਅਤੇ ਪੂਰੀ ਤਰ੍ਹਾਂ ਪ੍ਰਚਾਰ ਕੇਂਦਰਿਤ ਸਕੀਮ ਕਰਾਰ ਦਿੱਤਾ। ਚੁੱਘ ਨੇ ਕਿਹਾ ਕਿ ਇਸ ਸਕੀਮ ਦੀ ਸਭ ਤੋਂ ਵੱਡੀ ਅਤੇ ਮੂਲ ਖਾਮੀ ਇਸ ਦੀ ਸਖ਼ਤ ਪੈਕੇਜ ਕੈਪਿੰਗ ਹੈ, ਜੋ 10 ਲੱਖ ਦੇ ਸਿਹਤ ਕਵਰੇਜ ਦੇ ਦਾਅਵੇ ਨੂੰ ਸ਼ੁਰੂ ਤੋਂ ਹੀ ਝੂਠ ਸਾਬਤ ਕਰ ਦਿੰਦੀ ਹੈ। ਚੁੱਘ ਨੇ ਕਿਹਾ ਕਿ ਕੇਜਰੀਵਾਲ ਅਤੇ ਮਾਨ ਸਰਕਾਰ ਦੀ ਇਸ ਸਕੀਮ ਦਾ ਸਭ ਤੋਂ ਵੱਡਾ ਝੂਠ 10 ਲੱਖ ਦੀ ਸਿਹਤ ਸੁਰੱਖਿਆ ਦਾ ਦਾਅਵਾ ਹੈ। ਹਕੀਕਤ ਇਹ ਹੈ ਕਿ ਇਸ ਸਕੀਮ 'ਚ ਪ੍ਰਤੀ ਪਰਿਵਾਰ ਸਿਰਫ਼ ਇਕ ਲੱਖ ਦਾ ਹੀ ਅਸਲੀ ਬੀਮਾ ਹੈ, ਜਦੋਂ ਕਿ ਬਾਕੀ 9 ਲੱਖ ਕਰਜ਼ੇ ਹੇਠ ਡੁੱਬੀ ਮਾਨ ਸਰਕਾਰ ਦੇ ਭਰੋਸੇ ਛੱਡ ਦਿੱਤੇ ਗਏ ਹਨ। ਉਨ੍ਹਾਂ ਸਵਾਲ ਚੁੱਕਿਆ ਕਿ ਇਹ 9 ਲੱਖ ਆਉਣਗੇ ਕਿੱਥੋਂ?  ਤਰੁਣ ਚੁੱਘ ਨੇ ਕਿਹਾ ਕਿ ਇੱਕ ਪਾਸੇ ਕੇਜਰੀਵਾਲ ਅਤੇ ਉਸ ਦੀ ਪਾਰਟੀ 10 ਲੱਖ ਦੇ ਝੂਠ ਦਾ ਸ਼ੋਰ ਮਚਾ ਰਹੀ ਹੈ, ਦੂਜੇ ਪਾਸੇ ਗੰਭੀਰ ਤੋਂ ਗੰਭੀਰ ਬੀਮਾਰੀਆਂ ‘ਤੇ ਇੰਨੀ ਘੱਟ ਕੈਪਿੰਗ ਲਗਾਈ ਗਈ ਹੈ ਕਿ ਮਰੀਜ਼ ਲਈ ਢੰਗ ਦਾ ਇਲਾਜ ਮਿਲਣਾ ਅਸੰਭਵ ਹੈ। ਜਦੋਂ ਇਲਾਜ ‘ਤੇ ਹੀ ਅਜਿਹੀ ਕੈਪਿੰਗ ਲਗਾ ਦਿੱਤੀ ਜਾਵੇ ਕਿ ਪੂਰਾ ਇਲਾਜ ਹੋ ਹੀ ਨਾ ਸਕੇ ਤਾਂ 10 ਲੱਖ ਦਾ ਦਾਅਵਾ ਸਿਰਫ਼ ਕਾਗਜ਼ੀ ਪ੍ਰਚਾਰ ਬਣ ਕੇ ਰਹਿ ਜਾਂਦਾ ਹੈ। ਇਸ ਸਕੀਮ ਦਾ ਨਤੀਜਾ ਜਾਂ ਤਾਂ ਅਧੂਰਾ ਇਲਾਜ ਹੈ ਜਾਂ ਮਰੀਜ਼ ਲਈ ਆਪਣੀ ਜੇਬ ਤੋਂ ਵੱਡਾ ਖ਼ਰਚ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਨਾਮੀ 5 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਕੀਤੀ ਗਈ ਛੁੱਟੀ
ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਸਕੀਮ ਇਲਾਜ ਦੀ ਅਸਲ ਲਾਗਤ ਦੇ ਅਨੁਸਾਰ ਦਰਾਂ ਤੈਅ ਕਰਕੇ ਇੱਕ ਮਿਆਰ ਬਣਾਉਂਦੀ ਹੈ, ਜਦੋਂ ਕਿ ਮੁੱਖ ਮੰਤਰੀ ਸਿਹਤ ਸਕੀਮ 'ਚ ਦਿਲ, ਦਿਮਾਗ ਅਤੇ ਗੋਡਿਆਂ ਵਰਗੀਆਂ ਜਟਿਲ ਸਰਜਰੀਆਂ ‘ਤੇ ਬਹੁਤ ਘੱਟ ਕੈਪਿੰਗ ਲਗਾਈ ਗਈ ਹੈ। ਇਸ ਕਾਰਨ ਵੱਡੇ ਅਤੇ ਭਰੋਸੇਯੋਗ ਹਸਪਤਾਲ ਸਕੀਮ ਤੋਂ ਦੂਰ ਹਨ ਅਤੇ ਸਭ ਤੋਂ ਵੱਧ ਨੁਕਸਾਨ ਗਰੀਬ ਅਤੇ ਮੱਧ ਵਰਗ ਨੂੰ ਝੱਲਣਾ ਪੈਂਦਾ ਹੈ। ਚੁੱਘ ਨੇ ਕਿਹਾ ਕਿ ਇਸ ਸਕੀਮ ਨੂੰ ਲਿਆਂਦੇ ਹੋਏ ਮਾਨ ਸਰਕਾਰ ਨੂੰ 48 ਮਹੀਨੇ ਲੱਗ ਗਏ ਅਤੇ ਹੁਣ ਵੀ ਸਰਕਾਰ ਖ਼ੁਦ ਕਹਿ ਰਹੀ ਹੈ ਕਿ ਇਸ ਨੂੰ ਲਾਗੂ ਕਰਨ 'ਚ ਹੋਰ ਮਹੀਨੇ ਲੱਗਣਗੇ। ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਮਰੀਜ਼ਾਂ ਨੂੰ ਇਲਾਜ ਨਹੀਂ ਮਿਲੇਗਾ ਪਰ ਚੁਣਾਵੀ ਸਾਲ ਵਿੱਚ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਨਾਲ 'ਆਪ' ਸਿਰਫ਼ ਆਪਣਾ ਪ੍ਰਚਾਰ ਕਰੇਗੀ।

ਇਹ ਵੀ ਪੜ੍ਹੋ : ਪੰਜਾਬ ਦੇ 18 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ, ਬਿਜਲੀ ਤੇ ਗਰਜ ਨਾਲ ਤੇਜ਼ ਹਵਾਵਾਂ ਦੀ ਚਿਤਾਵਨੀ
ਤਰੁਣ ਚੁੱਘ ਨੇ ਪੰਜਾਬ ਦੀ ਡਿੱਗਦੀ ਵਿੱਤੀ ਹਾਲਤ ‘ਤੇ ਗੰਭੀਰ ਚਿੰਤਾ ਜਤਾਈ ਅਤੇ ਕਿਹਾ ਕਿ ਸੂਬਾ ਪਹਿਲਾਂ ਹੀ 4 ਲੱਖ ਕਰੋੜ ਤੋਂ ਵੱਧ ਕਰਜ਼ੇ ਹੇਠ ਹੈ। ਪਿਛਲੇ ਚਾਰ ਸਾਲਾਂ 'ਚ ਮਾਨ ਸਰਕਾਰ ਨੇ ਇਕ ਲੱਖ ਕਰੋੜ ਤੋਂ ਵੱਧ ਨਵਾਂ ਕਰਜ਼ਾ ਚੜ੍ਹਾ ਦਿੱਤਾ ਹੈ ਅਤੇ ਇਸ ਸਾਲ ਹੀ 90,000 ਕਰੋੜ ਦੀ ਅਦਾਇਗੀ ਕਰਨੀ ਹੈ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਸਰਕਾਰ ਕੋਲ ਆਪਣੇ ਮੁਲਾਜ਼ਮਾਂ ਨੂੰ ਡੀ. ਏ. ਦੇਣ ਲਈ ਪੈਸਾ ਨਹੀਂ, ਪਰ ਕੇਜਰੀਵਾਲ ਦੇ ਹੈਲੀਕਾਪਟਰ ਲਈ ਪੂਰਾ ਫੰਡ ਮੌਜੂਦ ਹੈ। ਚੁੱਘ ਨੇ ਅਖ਼ੀਰ 'ਚ ਕਿਹਾ ਕਿ ਅਸਲੀ ਮੁੱਦਾ 5 ਲੱਖ ਬਨਾਮ 10 ਲੱਖ ਨਹੀਂ, ਸਗੋਂ ਅਸਲੀ ਬੀਮਾ ਬਨਾਮ ਕਾਗਜ਼ੀ ਵਾਅਦੇ ਦਾ ਹੈ। ਆਯੁਸ਼ਮਾਨ ਭਾਰਤ ਅਸਲੀ, ਫੰਡਿਡ ਸੁਰੱਖਿਆ ਦਿੰਦੀ ਹੈ, ਜਦੋਂ ਕਿ 'ਆਪ' ਦੀ 'ਮੁੱਖ ਮੰਤਰੀ ਸਿਹਤ ਸਕੀਮ' ਖੋਖਲੇ ਦਾਵਿਆਂ ਅਤੇ ਕਮਜ਼ੋਰ ਬੁਨਿਆਦ ‘ਤੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੀ ਜਨਤਾ ਦੇ ਹਿੱਤ 'ਚ ਇਹ ਸੱਚਾਈ ਸਾਹਮਣੇ ਲਿਆਉਂਦੀ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News