ਨੌਜਵਾਨ ਦੇਸ਼ ਦਾ ਭਵਿੱਖ, ਦੇਸ਼ ਦੀ ਤਰੱਕੀ ਤੇ ਪੰਜਾਬ ਨੂੰ ਰੰਗਲਾ ਬਣਾਉਣ ’ਚ ਸਰਗਰਮ ਯੋਗਦਾਨ ਪਾਉਣ: ਰਾਜਪਾਲ ਕਟਾਰੀਆ
Saturday, Jan 17, 2026 - 11:09 AM (IST)
ਜਲੰਧਰ (ਪੁਨੀਤ)-ਨੌਜਵਾਨ ਦੇਸ਼ ਅਤੇ ਸਮਾਜ ਦੀ ਭਲਾਈ ਲਈ ਆਪਣੀ ਯੋਗਤਾ ਅਤੇ ਸਿੱਖਿਆ ਦੀ ਵਰਤੋਂ ਕਰਨ। ਵਿਦਿਆਰਥੀ ਦੇਸ਼ ਦਾ ਭਵਿੱਖ ਹਨ, ਜਿਨ੍ਹਾਂ ’ਤੇ ਦੇਸ਼ ਦੀ ਤਰੱਕੀ ਨਿਰਭਰ ਕਰਦੀ ਹੈ। ਨੌਜਵਾਨ ਪੰਜਾਬ ਨੂੰ ਰੰਗਲਾ ਬਣਾਉਣ ਵਿਚ ਆਪਣਾ ਸਰਗਰਮ ਯੋਗਦਾਨ ਪਾਉਣ। ਇਹ ਗੱਲਾਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨ. ਆਈ. ਟੀ.) ਜਲੰਧਰ ਦੇ 21ਵੇਂ ਡਿਗਰੀ ਵੰਡ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕਹੀਆਂ।
ਰਾਜਪਾਲ ਕਟਾਰੀਆ ਨੇ ਕਿਹਾ ਕਿ ਡਿਗਰੀ ਵੰਡ ਸਮਾਗਮ ਵਿਦਿਆਰਥੀ ਦੀ ਜ਼ਿੰਦਗੀ ਦੇ ਸਭ ਤੋਂ ਵੱਡੇ ਤਿਉਹਾਰਾਂ ਵਿਚੋਂ ਇਕ ਹੈ। ਇਸ ਦਿਨ ਤੱਕ ਪਹੁੰਚਣ ਵਿਚ ਸਾਲਾਂ ਦੀ ਮਿਹਨਤ ਰੰਗ ਲਿਆਉਂਦੀ ਹੈ। ਐੱਨ. ਆਈ. ਟੀ. ਜਲੰਧਰ ਦੇ ਬੋਰਡ ਆਫ਼ ਗਵਰਨਰਜ਼ ਦੇ ਚੇਅਰਪਰਸਨ ਪ੍ਰੋ. ਜੇ. ਐੱਸ. ਯਾਦਵ ਅਤੇ ਐੱਨ. ਆਈ. ਟੀ. ਜਲੰਧਰ ਦੇ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਸੰਸਥਾ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ।

ਇਹ ਵੀ ਪੜ੍ਹੋ: ਪੰਜਾਬ: ਦਿਨ-ਦਿਹਾੜੇ ਮੋਟਰਸਾਈਕਲ 'ਤੇ ਜਾਂਦੇ ਮੁੰਡੇ ਨੂੰ ਰਾਹ 'ਚ ਰੋਕ ਕੇ ਮਾਰ ਦਿੱਤੀਆਂ ਗੋਲ਼ੀਆਂ
ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਵਿਦਿਆਰਥੀ ਆਪਣੀ ਯੋਗਤਾ ਨਾਲ ਉੱਚ ਅਹੁਦੇ ਹਾਸਲ ਕਰਨ, ਆਪਣੇ ਪਰਿਵਾਰਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਅਤੇ ਇਕ ਮਜ਼ਬੂਤ ਤੇ ਤਰੱਕੀ ਕਰਨ ਵਾਲੇ ਦੇਸ਼ ਦੇ ਨਿਰਮਾਣ ਵਿਚ ਸਰਗਰਮ ਭੂਮਿਕਾ ਨਿਭਾਉਣ। ਸਮਾਗਮ ਵਿਚ ਕੁੱਲ 1454 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ, ਜਿਨ੍ਹਾਂ ਵਿਚ 1011 ਬੀ. ਟੈੱਕ, 237 ਐੱਮ. ਟੈੱਕ, 23 ਐੱਮ. ਬੀ. ਏ., 90 ਐੱਮ. ਐੱਸ. ਸੀ. ਅਤੇ 92 ਪੀ. ਐੱਚ. ਡੀ. ਗ੍ਰੈਜੂਏਟ ਸ਼ਾਮਲ ਸਨ। ਵਧੀਆ ਅਕਾਦਮਿਕ ਪ੍ਰਦਰਸ਼ਨ ਲਈ 31 ਮੈਡਲ ਦਿੱਤੇ ਗਏ, ਜਿਸ ਵਿਚ 30 ਸਬਜੈਕਟ-ਵਾਈਜ਼ ਮੈਡਲ ਅਤੇ ਇਕ ਓਵਰਆਲ ਬੀ. ਟੈੱਕ ਟਾਪਰ ਮੈਡਲ ਸ਼ਾਮਲ ਹੈ।

ਰਾਜਪਾਲ ਨੇ ਐੱਨ. ਆਈ. ਟੀ. ਜਲੰਧਰ ਨੂੰ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਵਿਚੋਂ ਇਕ ਦੱਸਿਆ ਅਤੇ ਕਿਹਾ ਕਿ ਇਥੋਂ ਨਿਕਲਣ ਵਾਲੇ ਵਿਦਿਆਰਥੀ ਸਫਲਤਾ ਹਾਸਲ ਕਰਕੇ ਗਲੋਬਲ ਪੱਧਰ ’ਤੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਕ ਮਹਾਨ ਦੇਸ਼ ਬਣਾਉਣ ਲਈ ਡਿਗਰੀ ਦੇ ਨਾਲ-ਨਾਲ ਚਰਿੱਤਰ ਨਿਰਮਾਣ ਵੀ ਓਨਾ ਹੀ ਜ਼ਰੂਰੀ ਹੈ। ਉਨ੍ਹਾਂ ਵਿਸ਼ਵ ਪੱਧਰੀ ਇੰਜੀਨੀਅਰ ਬਣਾਉਣ ਵਿਚ ਸੰਸਥਾ ਦੇ ਯੋਗਦਾਨ ਦੇ ਨਾਲ-ਨਾਲ ਰਿਸਰਚ ਅਤੇ ਇਨੋਵੇਸ਼ਨ ਵਿਚ ਇਸ ਦੇ ਕੰਮ ਦੀ ਵੀ ਸ਼ਲਾਘਾ ਕੀਤੀ। ਸਾਂਝੇ ਯਤਨਾਂ ਦਾ ਸੱਦਾ ਦਿੰਦਿਆਂ ਰਾਜਪਾਲ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿਚ ਨੌਜਵਾਨਾਂ ਤੋਂ ਸਹਿਯੋਗ ਮੰਗਿਆ ਅਤੇ ਉਨ੍ਹਾਂ ਨੂੰ ਪਾਣੀ ਬਚਾਉਣ, ਕਿਸਾਨਾਂ ਨੂੰ ਹੋਰ ਮਜ਼ਬੂਤ ਬਣਾਉਣ, ਮਹਿਲਾ ਸਸ਼ਕਤੀਕਰਨ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਏ. ਡੀ. ਸੀ. ਅਮਨਿੰਦਰ ਕੌਰ ਬਰਾੜ, ਨਵਦੀਪ ਕੌਰ ਸਮੇਤ ਵੱਡੀ ਗਿਣਤੀ ਵਿਚ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ! 20 ਜਨਵਰੀ ਤੱਕ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਧੁੰਦ ਕਾਰਨ ਰਾਸ਼ਟਰਪਤੀ ਦਾ ਦੌਰਾ ਰੱਦ
ਸਮਾਗਮ ਵਿਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਵਾਲੇ ਸਨ ਅਤੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਦੀ ਸ਼ੁਰੂਆਤ ਉਨ੍ਹਾਂ ਵੱਲੋਂ ਹੀ ਕੀਤੀ ਜਾਣੀ ਸੀ। ਮੌਸਮ ਵਿਚ ਅਚਾਨਕ ਆਈ ਖਰਾਬੀ ਅਤੇ ਧੁੰਦ ਕਾਰਨ ਰਾਸ਼ਟਰਪਤੀ ਦਾ ਜਹਾਜ਼ ਲੈਂਡ ਹੋਣ ਵਿਚ ਦਿੱਕਤਾਂ ਆਉਣ ਕਰਕੇ ਉਨ੍ਹਾਂ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਇਸ ਕਾਰਨ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਕੀਤੀ ਗਈ।
ਇਹ ਵੀ ਪੜ੍ਹੋ: ਨਸ਼ੇ ਦਾ ਅੱਡਾ ਬਣਿਆ ਪੰਜਾਬ, ਚੱਲ ਰਿਹੈ ਗੁੰਡਾਗਰਦੀ ਦਾ ਰਾਜ: ਸੁਨੀਲ ਜਾਖੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
