ਤੀਜੇ ਕਾਰਜਕਾਲ ’ਚ ਗੱਠਜੋੜ ਦੀ ਸੰਸਕ੍ਰਿਤੀ ਨਾਲ ਕਿਵੇਂ ਨਜਿੱਠਣਗੇ PM ਮੋਦੀ

06/06/2024 6:18:57 PM

ਨਵੀਂ ਦਿੱਲੀ- 18ਵੀਂ ਲੋਕ ਸਭਾ ਵਿਚ ਭਾਜਪਾ ਦੇ 272 ਸੀਟਾਂ ਦੇ ਬਹੁਮਤ ਦੇ ਅੰਕੜੇ ਤੋਂ ਖੁੰਝ ਜਾਣ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਗੱਠਜੋੜ ਸਰਕਾਰ ਚਲਾਉਣਾ ਮੁਸ਼ਕਲ ਹੋਵੇਗਾ। ਜੇਕਰ ਅਸੀਂ ਮੋਦੀ ਦੇ ਪਿਛਲੇ 23 ਸਾਲਾਂ ਦੇ ਸ਼ਾਸਨ (ਗੁਜਰਾਤ ਵਿਚ 13 ਸਾਲ ਅਤੇ ਦਿੱਲੀ ਵਿਚ 10 ਸਾਲ) ਦੇ ਟਰੈਕ ਰਿਕਾਰਡ ’ਤੇ ਨਜ਼ਰ ਮਾਰੀਏ, ਤਾਂ ਉਨ੍ਹਾਂ ਨੇ ਹਮੇਸ਼ਾ ਇਕ ਵੱਡਾ ਫਤਵਾ ਹਾਸਲ ਕੀਤਾ ਹੈ। ਗੱਠਜੋੜ ਸੰਸਕ੍ਰਿਤੀ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ। ਪਿਛਲੇ 10 ਸਾਲਾਂ ਵਿਚ ਮੋਦੀ ਸਰਕਾਰ ਦੌਰਾਨ ਕੋਈ ਵੀ ਭਾਈਵਾਲ ਭਾਜਪਾ ’ਤੇ ਆਪਣੀਆਂ ਸ਼ਰਤਾਂ ਥੋਪਣ ’ਚ ਸਮਰੱਥ ਨਹੀਂ ਸੀ। ਇਹ ਮੋਦੀ ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਅਤੇ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਿਚ ਫਰਕ ਹੋਵੇਗਾ। ਮੰਤਰੀ ਮੰਡਲ, ਨੌਕਰਸ਼ਾਹੀ, ਵਿਭਾਗਾਂ ਦੀ ਵੰਡ ਅਤੇ ਕੇਂਦਰ ਵਿਚ ਅਹਿਮ ਅਹੁਦਿਆਂ ਦੀ ਵੰਡ, ਕੰਮ ਕਰਨ ਦੀ ਸ਼ੈਲੀ ਵਿਚ ਪਹਿਲਾਂ ਨਾਲੋਂ ਪੂਰੀ ਤਰ੍ਹਾਂ ਬਦਲਾਅ ਦੇਖਣ ਨੂੰ ਮਿਲੇਗਾ।

ਇਹ ਸ਼ਾਇਦ 1991 ਵਿਚ ਪੀ. ਵੀ. ਨਰਸਿਮ੍ਹਾ ਰਾਓ ਸਰਕਾਰ ਵਰਗਾ ਹੀ ਹੋਵੇਗਾ, ਜਦੋਂ ਉਨ੍ਹਾਂ ਨੇ ਲੋਕ ਸਭਾ ਵਿਚ ਲੱਗਭਗ ਇਕੋ ਜਿਹੀਆਂ ਵੋਟਾਂ ਨਾਲ ਗੱਠਜੋੜ ਦੀ ਸਰਕਾਰ ਬਣਾਈ ਸੀ ਪਰ ਉਹ ਬਹੁਤ ਲਚੀਲੇ ਸੁਭਾਅ ਦੇ ਵਿਅਕਤੀ ਸਨ ਅਤੇ ਉਨ੍ਹਾਂ ਦਾ ਕਾਰਜਕਾਲ ਭ੍ਰਿਸ਼ਟਾਚਾਰ ਅਤੇ ਪਿੱਛੇ ਹਟਣ ਨਾਲ ਭਰਿਆ ਰਿਹਾ। ਪਰ ਉਨ੍ਹਾਂ ਦੀ ਅਗਵਾਈ ਵਿਚ ਭਾਰਤ ਨੇ ਆਪਣੀ ਆਰਥਿਕਤਾ ਨੂੰ ਅਸਮਾਨ ਛੂੰਹਦੇ ਦੇਖਿਆ ਪਰ 2024 ਵਿਚ ਟੁੱਟਿਆ ਫਤਵਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਭਾਜਪਾ ਦੇ ਬਹੁਤ ਸਾਰੇ ਭਰੋਸੇਮੰਦ ਸਹਿਯੋਗੀ ਵੱਖ ਹੋ ਗਏ ਹਨ, ਜਿਨ੍ਹਾਂ ਵਿਚ ਸੂਬਿਆਂ ਦੇ ਸਹਿਯੋਗੀ ਵੀ ਸ਼ਾਮਲ ਹਨ ਜਿਵੇਂ ਕਿ ਅਕਾਲੀ ਦਲ, ਪੀ. ਡੀ. ਪੀ., ਜੇ. ਜੇ. ਪੀ., ਆਰ. ਐੱਲ. ਪੀ., ਸ਼ਿਵ ਸੈਨਾ (ਊਧਵ ਠਾਕਰੇ) ਆਦਿ ਅਤੇ ਭਰੋਸੇ ਦੀ ਕਮੀ ਦਾ ਮੁੱਦਾ ਵੀ ਇਥੇ ਮੌਜੂਦ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਮਾਮਲੇ ਵਿਚ ਕੋਈ ਵੀ ਦੇਖ ਸਕਦਾ ਹੈ ਕਿ ਉਹ ਮੋਦੀ ਦੀ ਅਗਵਾਈ ਵਿਚ ਦੋ ਵਾਰ ਐੱਨ. ਡੀ. ਏ. ਤੋਂ ਬਾਹਰ ਗਏ ਅਤੇ ਦੋ ਵਾਰ ਵਾਪਸ ਆਏ। ਇਸੇ ਤਰ੍ਹਾਂ ਟੀ. ਡੀ. ਪੀ. ਆਗੂ ਚੰਦਰ ਬਾਬੂ ਨਾਇਡੂ ਕੋਲ ਵੀ ਚੰਗਾ ਤਜਰਬਾ ਨਹੀਂ ਹੈ। ਮੋਦੀ ਕਿਸੇ ਵੀ ਸਹਿਯੋਗੀ ਨੂੰ ‘ਕਿੰਗ ਮੇਕਰ’ ਸਵੀਕਾਰ ਕਰਨ ਅਤੇ ਇਸ ਤਰ੍ਹਾਂ ਦੇ ਦਬਾਅ ਨੂੰ ਝੱਲਣ ਤੋਂ ਨਫ਼ਰਤ ਕਰਨਗੇ ਕਿਉਂਕਿ ਉਨ੍ਹਾਂ ਦੇ ਆਪਣੇ ਏਜੰਡੇ ਅਤੇ ਮੰਗਾਂ ਹੁੰਦੀਆਂ ਹਨ। ਇਕ ਨੇਤਾ ਨੇ ਕਿਹਾ ਕਿ ਇਹ ਇਕ ਨਵਾਂ ਯੁੱਗ ਹੈ ਅਤੇ ਇਸਨੂੰ ਬਹੁਮਤ ਨਾਲ ਰਹਿਮ ਦੇ ਯੁੱਗ ਦੀ ਸ਼ੁਰੂਆਤ ਕਿਹਾ ਜਾ ਸਕਦਾ ਹੈ।


Rakesh

Content Editor

Related News