ਪੀਐੱਮ ਮੋਦੀ ਨੇ ਕੀਤੀ ਸੀ.ਐੱਮ. ਮਾਨ ਨਾਲ ਗੱਲ
Friday, May 09, 2025 - 05:52 PM (IST)

ਜਲੰਧਰ, ਭਾਰਤ-ਪਾਕਿ ਜੰਗ ਦੌਰਾਨ ਲਗਾਤਾਰ ਪੰਜਾਬ ਦੇ 9 ਸ਼ਹਿਰਾਂ ਨੂੰ ਪਾਕਿਸਤਾਨ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੀ ਰਾਤ ਵੀ ਪਾਕਿਸਤਾਨ ਨੇ ਪੰਜਾਬ ਸਣੇ ਭਾਰਤ ਦੇ ਕਈ ਸ਼ਹਿਰਾਂ 'ਤੇ ਡਰੋਨ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ਪਿੱਛੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੋਨ ਉੱਤੇ ਗੱਲਬਾਤ ਕੀਤੀ ਗਈ। ਸੂਤਰ ਦੱਸਦੇ ਹਨ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਵਲੋਂ ਮੌਜੂਦਾ ਹਾਲਾਤ ਤੇ ਸੁਰੱਖਿਆ ਪ੍ਰਬੰਧਾਂ ਬਾਰੇ ਵੀ ਗੱਲਬਾਤ ਕੀਤੀ ਗਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਭਰੋਸਾ ਦਿੱਤਾ ਹੈ ਕਿ ਕੇਂਦਰ ਸਰਕਾਰ ਵਲੋਂ ਹਰ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਕੇਂਦਰ ਹਰ ਸੂਬੇ ਨਾਲ ਡਟ ਕੇ ਖੜਾ ਹੈ। ਫੌਜ ਹਰ ਤਰ੍ਹਾਂ ਨਾਲ ਐਕਟੀਵ ਹੈ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਸੂਤਰ ਦੱਸਦੇ ਹਨ ਕਿ ਪੀਐੱਮ ਮੋਦੀ ਵਲੋਂ ਇਸ ਬਾਰੇ ਸਿਰਫ ਪੰਜਾਬ ਦੇ ਹੀ ਨਹੀਂ ਸਗੋਂ ਰਾਜਸਥਾਨ ਦੇ ਸੀਐੱਮ ਨਾਲ ਵੀ ਫੋਨ ਉੱਤੇ ਗੱਲਬਾਤ ਕੀਤੀ ਗਈ ਹੈ।
ਦੱਸ ਦਈਏ ਕਿ ਬੀਤੀ ਰਾਤ ਜੋ ਹਮਲੇ ਪਾਕਿਸਤਾਨ ਵਲੋਂ ਪੰਜਾਬ ਜਾਂ ਹੋਰ ਸੂਬਿਆਂ ਵਿੱਚ ਕੀਤੇ ਗਏ, ਉਨ੍ਹਾਂ ਹਮਲਿਆਂ ਨੂੰ ਭਾਰਤ ਨੇ ਨਾਕਾਮ ਕਰ ਦਿੱਤਾ ਸੀ। ਦੋਵਾਂ ਦੇਸ਼ਾਂ ਵਿਚਕਾਰ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਤਨਾਅ ਦਾ ਮਾਹੌਲ ਬਣਿਆ ਹੋਇਆ ਹੈ। ਇਸ ਪਿੱਛੋਂ ਭਾਰਤ ਵਲੋਂ ਪਾਕਿਸਤਾਨ ਅੰਦਰਲੇ ਅੱਤਵਾਦੀਆਂ ਟਿਕਾਣਿਆਂ ਉੱਤੇ ਸਟ੍ਰਾਇਕ ਕੀਤੀ ਗਈ ਸੀ। ਪਾਕਿਸਤਾਨ ਹਾਲੇ ਵੀ ਭਾਰਤ ਉੱਤੇ ਲਗਾਤਾਰ ਹਮਲੇ ਕਰ ਰਿਹਾ ਹੈ, ਜਿਸ ਦਾ ਮੂੰਹ ਤੋੜ ਜਵਾਬ ਭਾਰਤ ਵਲੋਂ ਵੀ ਦਿੱਤਾ ਜਾ ਰਿਹਾ ਹੈ।