ਸੁਖਬੀਰ ਬਾਦਲ ਨੇ ਖੁੱਲ੍ਹ ਕੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ- ''ਪਾਕਿ ਨੇ ਮੰਗੀ ਸੀਜ਼ਫ਼ਾਇਰ ਦੀ ਭੀਖ''
Wednesday, May 14, 2025 - 11:24 AM (IST)

ਚੰਡੀਗੜ੍ਹ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਵਿਚ ਅੱਤਵਾਦੀਆਂ ਤੇ ਉਨ੍ਹਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਨੂੰ ਕਰਾਰੀ ਹਾਰ ਦੇਣ ’ਤੇ ਦੇਸ਼ ਵਾਸੀਆਂ ਖਾਸ ਤੌਰ ’ਤੇ ਸਾਡੀਆਂ ਹਥਿਆਰਬੰਦ ਫੌਜਾਂ ਨੂੰ ਵਧਾਈ ਦਿੱਤੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਸਰਹੱਦ ਪਾਰ ਤੋਂ ਸ਼ਾਂਤੀ ਦੇ ਵਿਰੋਧੀ ਦੁਸ਼ਮਣਾਂ ਨਾਲ ਨਜਿੱਠਣ ਵੇਲੇ ਇਕ ਮਜ਼ਬੂਤ ਤੇ ਸਪਸ਼ਟ ਲੀਡਰਸ਼ਿਪ ਪ੍ਰਦਾਨ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - 17 ਮਈ ਲਈ ਹੋ ਗਈ ਨਵੀਂ ਭਵਿੱਖਬਾਣੀ! ਪੜ੍ਹ ਲਓ ਪੂਰੀ ਖ਼ਬਰ
ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਦੀ ਇਸ ਗੱਲੋਂ ਵੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਹਾਲਾਤ ਨਾਲ ਕੂਟਨੀਤਕ ਢੰਗ ਨਾਲ ਨਜਿੱਠਣ ਵਾਸਤੇ ਰਾਜਨੇਤਾ ਵਾਂਗੂ ਅਗਵਾਈ ਕੀਤੀ ਤੇ ਪਾਕਿਸਤਾਨੀ ਦੀ ਫ਼ੌਜੀ ਲੀਡਰਸ਼ਿਪ ਨੂੰ ਜੰਗਬੰਦੀ ਵਾਸਤੇ ਵਾਸ਼ਿੰਗਟਨ ਤੋਂ ਭੀਖ ਮੰਗਣ ਵਾਸਤੇ ਮਜਬੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੰਗੀ ਮੈਦਾਨ ਵਿਚ ਫੈਸਲਾਕੁੰਨ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟਕਰਾਅ ਬੰਦ ਕਰਨ ਲਈ ਪ੍ਰਵਾਨਗੀ ਦੇ ਕੇ ਸਹੀ ਰਾਜਨੇਤਾ ਹੋਣ ਦਾ ਸਬੂਤ ਦਿੱਤਾ। ਉਨ੍ਹਾਂ ਕਿਹਾ ਕਿ ਜਿੱਤ ਤੋਂ ਬਾਅਦ ਸ਼ਾਂਤੀ ਦੇ ਰਾਹ ’ਤੇ ਚੱਲਣਾ ਸਭ ਤੋਂ ਵੱਧ ਸਨਮਾਨਯੋਗ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਉਨ੍ਹਾਂ ਸਿਆਸਤਦਾਨਾਂ ਦੀ ਨਿਖੇਧੀ ਕੀਤੀ ਜਿਨ੍ਹਾਂ ਨੇ ਜੰਗਬੰਦੀ ਦੀ ਆਲੋਚਨਾ ਕੀਤੀ ਤੇ ਜੰਗ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਆਸਤਦਾਨਾਂ ਨੇ ਕਦੇ ਵੀ ਜੰਗ ਨਾਲ ਹੋਇਆ ਨੁਕਸਾਨ ਨਹੀਂ ਵੇਖਿਆ ਅਤੇ ਸਿਰਫ ਆਪਣੇ ਕਮਰਿਆਂ ਵਿਚ ਬੈਠ ਕੇ ਆਪਣੇ ਟੀ. ਵੀ. ’ਤੇ ਹੀ ਜੰਗਾਂ ਵੇਖੀਆਂ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਦੇਸ਼ ਦੇ ਅਸਲ ਦੁਸ਼ਮਣ ਹਨ।
ਇਹ ਖ਼ਬਰ ਵੀ ਪੜ੍ਹੋ - ਜੇ ਪਾਕਿਸਤਾਨ 'ਚ ਪਏ ਪਰਮਾਣੂ 'ਤੇ ਡਿੱਗ ਜਾਂਦੀ ਭਾਰਤੀ ਮਿਜ਼ਾਈਲ ਤਾਂ ਕੀ ਹੁੰਦਾ? ਜਾਣੋ ਕੀ ਪੈਂਦੇ ਪ੍ਰਭਾਅ
ਸੁਖਬੀਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਜੰਗ ਲੰਬੀ ਚਲਦੀ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੀ ਝੱਲਣਾ ਪੈਂਦਾ। ਉਨ੍ਹਾਂ ਕਿਹਾ ਕਿ ਸਾਡੀ ਆਬਾਦੀ ਦੀ ਬਹੁ ਗਿਣਤੀ ਸਰਹੱਦੀ ਇਲਾਕਿਆਂ ਦੇ ਨੇੜੇ ਰਹਿੰਦੀ ਹੈ। ਜ਼ਿਆਦਾ ਸੰਘਣੀ ਆਬਾਦੀ ਵਾਲੇ ਸ਼ਹਿਰ ਵੀ ਸਰਹੱਦ ਦੇ ਨੇੜੇ ਹਨ। ਜੇਕਰ ਇਕ ਪੂਰਨ ਜੰਗ ਲੱਗ ਜਾਂਦੀ ਤਾਂ ਅਸੀਂ ਜਾਨ ਤੇ ਮਾਲ ਦੀ ਤਬਾਹੀ ਵੇਖਣੀ ਸੀ। ਉਨ੍ਹਾਂ ਕਿਹਾ ਕਿ ਅਪਰੇਸ਼ਨ ਸਿੰਦੂਰ ਤੋਂ ਬਾਅਦ ਅਕਾਲ ਪੁਰਖ ਦਾ ਦਾ ਧੰਨਵਾਦ ਹੈ ਕਿ ਦੋਹਾਂ ਮੁਲਕਾਂ ਵਿਚਾਲੇ ਜੰਗ ਬੰਦ ਹੋਈ।
ਬਾਦਲ ਨੇ ਕਿਹਾ ਕਿ ਇਸ ਸੰਕਟ ਵੇਲੇ ਵੀ ਸਿੱਖ ਕੌਮ ਦੇਸ਼ ਨਾਲ ਡੱਟ ਕੇ ਖੜ੍ਹੀ ਹੋਈ ਹੈ। ਅਸੀਂ ਇਕ ਵਾਰ ਫਿਰ ਤੋਂ ਸਾਬਤ ਕੀਤਾ ਹੈ ਕਿ ਜਦੋਂ ਦੇਸ਼ ਨੂੰ ਬਾਹਰੀ ਤਾਕਤਾਂ ਤੋਂ ਖ਼ਤਰਾ ਹੋਵੇ ਤਾਂ ਸਿੱਖ ਹਮੇਸ਼ਾ ਦੇਸ਼ ਦੀ ਰੱਖਿਆ ਵਾਸਤੇ ਮੋਹਰੀ ਨਜ਼ਰ ਆਉਂਦੇ ਹਨ। ਪਾਕਿਸਤਾਨ ਨੇ ਸ੍ਰੀ ਨਨਕਾਣਾ ਸਾਹਿਬ ਨੂੰ ਭਾਰਤੀ ਫੌਜ ਵੱਲੋਂ ਨਿਸ਼ਾਨਾ ਬਣਾਏ ਜਾਣ ਵਰਗੀਆਂ ਦਲੀਲਾਂ ਦੇ ਕੇ ਸਿੱਖਾਂ ਨੂੰ ਭੜਕਾਉਣ ਦੇ ਬਹੁਤ ਯਤਨ ਕੀਤੇ ਪਰ ਉਹ ਸਫਲ ਨਹੀਂ ਹੋ ਸਕਿਆ। ਸਿੱਖ ਕੌਮ ਜੰਗ ਵੀ ਨਹੀਂ ਚਾਹੁੰਦੀ ਸੀ, ਪਰ ਉਹ ਉਨ੍ਹਾਂ ਦੇ ਅਤੇ ਦੇਸ਼ ਦੇ ਹਿੱਤਾਂ ਵਿਚ ਭੁਗਤਣ ਵਾਸਤੇ ਕੇਂਦਰ ਸਰਕਾਰ ਦਾ ਧੰਨਵਾਦ ਵੀ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ - Punjab: 'ਜੰਗ' ਦੇ ਹਾਲਾਤ 'ਚ ਸਕੂਲ ਦੇ ਮੁਲਾਜ਼ਮ ਨੂੰ ਇਕ ਗਲਤੀ ਪੈ ਗਈ ਭਾਰੀ! ਫ਼ੌਜ ਤਕ ਪਹੁੰਚਿਆ ਮਾਮਲਾ
ਅਕਾਲੀ ਦਲ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਨ ਜੋ ਚਾਹੁੰਦੇ ਹਨ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਉਨ੍ਹਾਂ ਦੇ ਬੰਦੀ ਸਿੰਘਾਂ ਬਾਰੇ ਸਹੀ ਫੈਸਲੇ ਲਏ ਜਾਣ। ਉਨ੍ਹਾਂ ਕਿਹਾ ਕਿ ਸਿੱਖ ਕੌਮ ਤੇ ਪੰਜਾਬ ਦੇ ਹੋਰ ਸਾਰੇ ਲਟਕਦੇ ਮਸਲਿਆਂ ਦੇ ਹੱਲ ਵਾਸਤੇ ਵੀ ਯਤਨ ਹੋਣੇ ਚਾਹੀਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8