ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ PM ਮੋਦੀ ਦਾ ਕੀਤਾ ਧੰਨਵਾਦ
Wednesday, May 14, 2025 - 12:12 PM (IST)

ਬਠਿੰਡਾ : ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਤਿਵਾੜੀ ਨੇ ਅੱਤਵਾਦ ਖ਼ਿਲਾਫ਼ ਲੜਾਈ 'ਚ ਮਜ਼ਬੂਤੀ ਨਾਲ ਭਾਰਤ ਦਾ ਪੱਖ ਰੱਖਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ। 12 ਮਈ ਨੂੰ ਪ੍ਰਧਾਨ ਮੰਤਰੀ ਦੇ ਰਾਸ਼ਟਰ ਨੂੰ ਸੰਬੋਧਨ ਤੋਂ ਤੁਰੰਤ ਬਾਅਦ ਕੀਤੀ ਗਈ ਇਕ ਸੋਸ਼ਲ ਮੀਡੀਆ ਪੋਸਟ 'ਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਸੰਬੋਧਨ ਭਾਰਤ ਦੇ ਅੱਤਵਾਦ ਵਿਰੋਧੀ ਯਤਨਾਂ 'ਚ ਇਕ ਮੀਲ ਪੱਥਰ ਸਾਬਿਤ ਹੋਇਆ ਹੈ, ਜੋ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨੀਤੀ 'ਚ ਇਕ ਫ਼ੈਸਲਾਕੁੰਨ ਤਬਦੀਲੀ ਦਾ ਸੰਕੇਤ ਦਿੰਦਾ ਹੈ।
ਪ੍ਰੋ. ਤਿਵਾੜੀ ਨੇ ਕਿਹਾ ਕਿ ਅਸੀਂ ਇਸ ਚੁਣੌਤੀ ਪੂਰਨ ਸਮੇਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ਤਾ ਅਤੇ ਅਟੱਲ ਅਗਵਾਈ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ। ਉਨ੍ਹਾਂ ਨੇ ਹਿੰਮਤ ਅਤੇ ਦ੍ਰਿੜਤਾ ਨਾਲ ਦੁਨੀਆ ਨੂੰ ਦਿਖਾਇਆ ਹੈ ਕਿ ਭਾਰਤ ਆਪਣੀ ਪ੍ਰਭੂੱਸਤਾ ਅਤੇ ਸੁਰੱਖਿਆ ਲਈ ਕਿਸੇ ਵੀ ਖ਼ਤਰੇ ਅੱਗੇ ਕਦੇ ਨਹੀਂ ਝੁਕੇਗਾ। 'ਆਪਰੇਸ਼ਨ ਸਿੰਦੂਰ' ਦੇ ਸਫ਼ਲ ਸੰਚਾਲਨ ਰਾਹੀਂ ਭਾਰਤ ਨੇ ਇਕ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਅਸੀਂ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਝੁਕਾਂਗੇ ਨਹੀਂ, ਅਸੀਂ ਪੂਰੀ ਤਾਕਤ ਅਤੇ ਉਦੇਸ਼ ਨਾਲ ਜਵਾਬ ਦੇਵਾਂਗੇ। ਪ੍ਰੋ. ਤਿਵਾੜੀ ਦੇ ਅਨੁਸਾਰ ਪ੍ਰਧਾਨ ਮੰਤਰੀ ਵਲੋਂ ਪਰਮਾਣੂ ਬਲੈਕਮੇਲ ਦੀਆਂ ਧਮਕੀਆਂ ਨੂੰ ਬਰਦਾਸ਼ਤ ਨਾ ਕਰਨ ਅਤੇ ਸਪਾਂਸਰਡ ਅੱਤਵਾਦ ਦੀ ਸਖ਼ਤ ਨਿੰਦਾ ਕਰਨਾ ਇਕ ਨਵੇਂ ਭਾਰਤ ਦੀ ਪਛਾਣ ਹੈ। ਇਕ ਅਜਿਹਾ ਭਾਰਤ, ਜੋ ਪ੍ਰਭੂੱਸਤਾ ਸੰਪੰਨ, ਨਿਰਭਰ ਅਤੇ ਰਾਸ਼ਟਰੀ ਸਨਮਾਨ ਦੇ ਮਾਮਲਿਆਂ 'ਚ ਦ੍ਰਿੜ ਹੋਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੋਈ ਵੀ ਗੱਲਬਾਤ ਸਿਰਫ ਅੱਤਵਾਦ ਅਤੇ ਪੀ. ਓ. ਕੇ. 'ਤੇ ਕੇਂਦਰਿਤ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਕੁਧਰਮ ਵੱਧਦਾ ਹੈ ਤਾਂ ਧਾਰਮਿਕਤਾ ਕਮਜ਼ੋਰ ਹੋ ਜਾਂਦੀ ਹੈ ਤਾਂ ਸੰਤੁਲਨ ਸਥਾਪ ਕਰਨ ਲਈ ਨਿਰਣਾਇਕ ਕਾਰਵਾਈ ਜ਼ਰੂਰੀ ਹੋ ਜਾਂਦੀ ਹੈ। 'ਆਪਰੇਸ਼ਨ ਸਿੰਦੂਰ' ਇਕ ਅਜਿਹਾ ਹੀ ਨਿਰਣਾਇਕ ਕਦਮ ਹੈ, ਜੋ ਅੱਤਵਾਦ ਦੇ ਖ਼ਾਤਮੇ ਅਤੇ ਮਾਸੂਮਾਂ ਦੀ ਰੱਖਿਆ ਲਈ ਚੁੱਕਿਆ ਗਿਆ ਹੈ। ਪ੍ਰੋ. ਤਿਵਾੜੀ ਨੇ ਕਿਹਾ ਕਿ 'ਆਪਰੇਸ਼ਨ ਸਿੰਦੂਰ' ਸਿਰਫ ਇਕ ਨਾਂ ਨਹੀਂ, ਸਗੋਂ ਲੱਖਾਂ ਭਾਰਤੀਆਂ ਦੀਆਂ ਭਾਵਨਾਵਾਂ ਦਾ ਪ੍ਰਤੀਬਿੰਬ ਹੈ। ਇਹ ਨਾਂ ਮਾਤ੍ਰਤਵ ਦਾ ਪ੍ਰਤੀਕ ਹੈ, ਜਿਸ ਤੋਂ ਬਿਨਾਂ ਕੋਈ ਵੀ ਸੱਭਿਆਤ ਜਿਊਂਦੀ ਨਹੀਂ ਰਹਿ ਸਕਦੀ।
ਇਹ ਕਾਰਵਾਈ ਭਾਰਤੀ ਸੱਭਿਅਤਾ ਦੇ ਮੂਲ ਵਿਚਾਰ ਨੂੰ ਦਰਸਾਉਂਦੀ ਹੈ, ਜਿਸ 'ਚ ਨਿਸ਼ਾਨਾ ਸਿਰਫ ਅੱਤਵਾਦੀ ਟਿਕਾਣਿਆਂ ਤੱਕ ਸੀਮਤ ਸੀ। ਆਪਣੇ ਭਾਸ਼ਣ ਦੇ ਅੰਤ 'ਚ ਪ੍ਰੋ. ਤਿਵਾੜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਭਾਸ਼ਣ ਸਿਰਫ ਇਕ ਭਾਸ਼ਣ ਨਹੀਂ ਸੀ, ਸਗੋਂ ਰਾਸ਼ਟਰੀ ਏਕਤਾ ਦਾ ਸੱਦਾ ਸੀ, ਭਾਰਤ ਦੀ ਤਾਕਤ ਦੀ ਪੁਸ਼ਟੀ ਸੀ ਅਤੇ ਇਹ ਐਲਾਨ ਸੀ ਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ, ਜਿਵੇਂ ਖ਼ੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ। ਪ੍ਰੋ. ਤਿਵਾੜੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਸਾਡੇ ਬਹਾਦਰ ਸੈਨਿਕਾਂ ਦੀ ਹਿੰਮਤ ਅਤੇ ਸਾਡੇ ਦੇਸ਼ ਦੀ ਲੀਡਰਸ਼ਿਪ ਦੇ ਅਟੁੱਟ ਇਰਾਦੇ ਨੂੰ ਸਲਾਮ ਕਰਦੀ ਹੈ। ਅਸੀਂ ਆਪਣੈ ਸੈਨਿਕਾਂ ਦੇ ਨਾਲ ਹਾਂ। ਅਸੀਂ ਆਪਣੇ ਪ੍ਰਧਾਨ ਮੰਤਰੀ ਦੇ ਨਾਲ ਹਾਂ। ਅਸੀਂ ਨਿਡਰ, ਪ੍ਰਭੂੱਸਤਾ ਸੰਪੰਨ ਭਾਰਤ ਦੇ ਨਾਲ ਖੜ੍ਹੇ ਹਾਂ।