ਹਸਪਤਾਲ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਨਵਜਨਮੇ ਦੀ ਲਾਸ਼ ਥੈਲੇ 'ਚ ਲੈ ਕੇ ਪਰਤਿਆ ਬੇਬੱਸ ਪਿਤਾ
Saturday, Jun 17, 2023 - 05:53 PM (IST)
 
            
            ਜਬਲਪੁਰ (ਭਾਸ਼ਾ)- ਇਕ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਮੱਧ ਪ੍ਰਦੇਸ਼ ਦੇ ਜਬਲਪੁਰ ਸਥਿਤ ਇਕ ਸਰਕਾਰੀ ਹਸਪਤਾਲ ਨੇ ਉਸ ਨੂੰ ਐਂਬੂਲੈਂਸ ਉਪਲੱਬਧ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਆਪਣੀ ਆਰਥਿਕ ਤੰਗੀ ਕਾਰਨ ਬੱਚੇ ਦੀ ਲਾਸ਼ ਥੈਲੇ 'ਚ ਲੁਕਾ ਕੇ ਯਾਤੀਰ ਬੱਸ 'ਚ ਜਬਲਪੁਰ ਤੋਂ ਡਿੰਡੋਰੀ ਕਰੀਬ 140 ਕਿਲੋਮੀਟਰ ਦੂਰ ਆਪਣੇ ਪਿੰਡ ਲਿਜਾਉਣ ਲਈ ਮਜ਼ਬੂਰ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਘਟਨਾ 15 ਜੂਨ ਦੀ ਹੈ ਅਤੇ ਉਸ ਦੇ ਨਵਜਨਮੇ ਬੱਚੇ ਨੇ ਜਬਲਪੁਰ ਸਥਿਤ ਨੇਤਾਜੀ ਸੁਭਾਸ਼ ਚੰਦਰ ਬੋਸ ਮੈਡੀਕਲ ਕਾਲਜ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਹਾਲਾਂਕਿ ਰਾਜ ਦੇ ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਬੱਚੇ ਦੇ ਮਾਤਾ-ਪਿਤਾ ਜਦੋਂ ਉਸ ਨੂੰ ਹਸਪਤਾਲ ਤੋਂ ਬਾਹਰ ਲੈ ਗਏ, ਉਦੋਂ ਉਹ ਜਿਊਂਦਾ ਸੀ, ਜਦੋਂ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਲਈ ਕਿਹਾ, ਕਿਉਂਕਿ ਬੱਚੇ ਦੀ ਹਾਲਤ ਗੰਭੀਰ ਸੀ। ਡਿੰਡੋਰੀ ਜ਼ਿਲ੍ਹੇ ਦੇ ਸਹਿਜਪੁਰੀ ਪਿੰਡ ਦੇ ਵਾਸੀ ਸੁਨੀਲ ਧੁਰਵੇ ਨੇ ਦੱਸਿਆ,''ਮੇਰੀ ਪਤਨੀ ਜਮਨੀ ਬਾਈ ਨੇ 13 ਜੂਨ ਨੂੰ ਡਿੰਡੋਰੀ ਜ਼ਿਲ੍ਹਾ ਹਸਪਤਾਲ 'ਚ ਪੁੱਤ ਨੂੰ ਜਨਮ ਦਿੱਤਾ ਸੀ, ਜਿੱਥੇ 15 ਜੂਨ ਨੂੰ ਇਲਾਜ ਦੌਰਾਨ ਨਵਜਨਮੇ ਦੀ ਮੌਤ ਹੋ ਗਈ।''
ਉਨ੍ਹਾਂ ਕਿਹਾ,''ਨਵਜਨਮੇ ਦੀ ਲਾਸ਼ ਨੂੰ ਵਾਪਸ ਡਿੰਡੋਰੀ ਲੈ ਕੇ ਆਉਣਾ ਸੀ। ਮੈਡੀਕਲ ਕਾਲਜ ਪ੍ਰਬੰਧਨ ਤੋਂ ਐਂਬੂਲੈਂਸ ਉਪਲੱਬਧ ਕਰਵਾਉਣ ਦੀ ਅਪੀਲ ਕੀਤੀ ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਇਸ ਲਈ ਲਾਸ਼ ਨੂੰ ਥੈਲੇ 'ਚ ਰੱਖ ਕੇ ਬੱਸ 'ਤੇ ਲਿਆਇਆ ਹਾਂ।'' ਆਰਥਿਕ ਰੂਪ ਨਾਲ ਕਮਜ਼ੋਰ ਧੁਰਵੇ ਨੇ ਦੱਸਿਆ,''ਜਦੋਂ ਮੈਡੀਕਲ ਕਾਲਜ ਤੋਂ ਐਂਬੂਲੈਂਸ ਨਹੀਂ ਮਿਲੀ ਤਾਂ ਕੀ ਕਰਦੇ। ਨਿੱਜੀ ਵਾਹਨ ਦਾ ਕਿਰਾਇਆ 4 ਹਜ਼ਾਰ ਤੋਂ 5 ਹਜ਼ਾਰ ਰੁਪਏ ਹੈ। ਇਸ ਲਈ ਅਸੀਂ ਨਵਜਨਮੇ ਦੀ ਲਾਸ਼ ਥੈਲੇ 'ਚ ਰੱਖੀ। ਜਬਲਪੁਰ ਤੋਂ ਡਿੰਡੋਰੀ ਆਉਣ ਵਾਲੀ ਬੱਸ 'ਚ ਬੈਠ ਗਏ। ਦਿਲ ਰੋ ਰਿਹਾ ਸੀ ਪਰ ਮਜ਼ਬੂਰੀ ਇਹ ਸੀ ਕਿ ਅਸੀਂ ਰੋ ਵੀ ਨਹੀਂ ਪਾ ਰਹੇ ਸਨ। ਬੱਸ ਡਰਾਈਵਰ ਅਤੇ ਕੰਡਕਟਰ ਨੂੰ ਪਤਾ ਲੱਗ ਜਾਂਦਾ ਕਿ ਸਾਡੇ ਕੋਲ ਬੱਚੇ ਦੀ ਲਾਸ਼ ਹੈ ਤਾਂ ਸ਼ਾਇਦ ਉਹ ਸਾਨੂੰ ਬੱਸ ਤੋਂ ਉਤਾਰ ਦਿੰਦੇ।''
ਉੱਥੇ ਹੀ ਮੱਧ ਪ੍ਰਦੇਸ਼ ਸਿਹਤ ਵਿਭਾਗ ਦੇ ਸੰਯੁਕਤ ਸੰਚਾਲਕ ਡਾ. ਸੰਜੇ ਮਿਸ਼ਰਾ ਨੇ ਦੱਸਿਆ,''ਬੱਚੇ ਦਾ ਭਾਰ ਘੱਟ ਹੋਣ ਕਾਰਨ ਉਸ ਨੂੰ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਹਸਪਤਾਲ 'ਚ 14 ਜੂਨ ਨੂੰ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ 'ਚ ਬੱਚਾ ਇਲਾਜ ਲਈ ਦਾਖ਼ਲ ਸੀ ਅਤੇ ਉਸ ਦੀ ਹਾਲਤ ਠੀਕ ਨਹੀਂ ਸੀ। ਇਸ ਦੇ ਬਾਵਜੂਦ ਵੀ ਪਰਿਵਾਰ ਵਾਲੇ ਉਸ ਨੂੰ ਛੁੱਟੀ ਕਰਵਾਉਣ ਦੀ ਮੰਗ ਕਰ ਰਹੇ ਸਨ ਅਤੇ ਆਪਣੀ ਮਰਜ਼ੀ ਨਾਲ ਬੱਚੇ ਨੂੰ ਹਸਪਤਾਲ ਤੋਂ ਲੈ ਗਏ ਸਨ।'' ਉਨ੍ਹਾਂ ਕਿਹਾ,''ਸਾਡੇ ਹਸਪਤਾਲ 'ਚ ਬੱਚੇ ਦੀ ਮੌਤ ਨਹੀਂ ਹੋਈ ਹੈ।'' ਇਹ ਪੁੱਛੇ ਜਾਣ 'ਤੇ ਕਿ ਕੀ ਮ੍ਰਿਤਕਾਂ ਨੂੰ ਲਿਜਾਉਣ ਲਈ ਹਸਪਤਾਲ 'ਚ ਕੋਈ ਵਾਹਨ ਉਪਲੱਬਧ ਹੈ ਤਾਂ ਇਸ 'ਤੇ ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ 'ਚ ਅਜਿਹੀ ਕੋਈ ਸਹੂਲਤ ਉਪਲੱਬਧ ਨਹੀਂ ਹੈ। ਦੱਸਣਯੋਗ ਹੈ ਕਿ ਡਿੰਡੋਰੀ ਜਬਲਪੁਰ ਤੋਂ ਲਗਭਗ 140 ਕਿਲੋਮੀਟਰ ਦੂਰ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            