ਪਵੇਗਾ ਮੋਹਲੇਧਾਰ ਮੀਂਹ, IMD ਨੇ 7 ਸੂਬਿਆਂ ਲਈ ਜਾਰੀ ਕੀਤਾ ਰੈੱਡ ਅਤੇ ਆਰੇਂਜ ਅਲਰਟ

Sunday, Nov 24, 2024 - 04:45 PM (IST)

ਪਵੇਗਾ ਮੋਹਲੇਧਾਰ ਮੀਂਹ, IMD ਨੇ 7 ਸੂਬਿਆਂ ਲਈ ਜਾਰੀ ਕੀਤਾ ਰੈੱਡ ਅਤੇ ਆਰੇਂਜ ਅਲਰਟ

ਨਵੀਂ ਦਿੱਲੀ- ਇਸ ਸਮੇਂ ਦੇਸ਼ 'ਚ ਮੌਸਮ 'ਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਇਕ ਪਾਸੇ ਉੱਤਰੀ ਭਾਰਤ 'ਚ ਸੰਘਣੀ ਧੁੰਦ ਹੈ, ਉੱਥੇ ਹੀ ਦੂਜੇ ਪਾਸੇ ਦੱਖਣੀ ਅਤੇ ਉੱਤਰੀ-ਪੂਰਬੀ ਰਾਜਾਂ 'ਚ ਮੋਹਲੇਧਾਰ ਮੀਂਹ ਪੈ ਰਿਹਾ ਹੈ। ਪਹਾੜੀ ਇਲਾਕਿਆਂ 'ਚ ਵੀ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਮੈਦਾਨੀ ਇਲਾਕਿਆਂ 'ਚ ਠੰਡ ਵਧਣ ਲੱਗੀ ਹੈ। ਮੌਸਮ ਵਿਭਾਗ ਨੇ ਦੋ ਚੱਕਰਵਾਤੀ ਤੂਫਾਨਾਂ ਦੀ ਚਿਤਾਵਨੀ ਦਿੱਤੀ ਹੈ, ਜਿਸ ਕਾਰਨ ਕਈ ਸੂਬਿਆਂ 'ਚ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ-  ਜਾਣੋ ਸ਼ਗਨ ਦੇ ਲਿਫ਼ਾਫੇ 'ਚ ਕਿਉਂ ਹੁੰਦਾ ਹੈ '1 ਰੁਪਏ' ਦਾ ਹੀ ਸਿੱਕਾ

ਇਨ੍ਹਾਂ ਸੂਬਿਆਂ 'ਚ ਪਵੇਗਾ ਮੋਹਲੇਧਾਰ ਮੀਂਹ

ਮੌਸਮ ਵਿਭਾਗ ਨੇ 25 ਤੋਂ 29 ਨਵੰਬਰ ਤੱਕ ਮੋਹਲੇਧਾਰ ਮੀਂਹ ਲਈ ਆਰੇਂਜ ਅਤੇ ਰੈੱਡ ਅਲਰਟ ਜਾਰੀ ਕੀਤਾ ਹੈ। ਮੋਹਲੇਧਾਰ  ਮੀਂਹ ਮੁੱਖ ਤੌਰ 'ਤੇ ਦੱਖਣੀ ਭਾਰਤ ਅਤੇ ਉੱਤਰ-ਪੂਰਬੀ ਭਾਰਤ ਦੇ ਸੂਬਿਆਂ ਵਿਚ ਦੇਖਿਆ ਜਾ ਸਕਦਾ ਹੈ। 25-29 ਨਵੰਬਰ ਦੇ ਦੌਰਾਨ ਤਾਮਿਲਨਾਡੂ, ਪੁਡੂਚੇਰੀ ਅਤੇ ਕੇਰਲ 'ਚ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

26 ਅਤੇ 27 ਨਵੰਬਰ ਨੂੰ ਆਂਧਰਾ ਪ੍ਰਦੇਸ਼ ਦੇ ਤੱਟੀ ਖੇਤਰਾਂ 'ਚ ਮੋਹਲੇਧਾਰ ਮੀਂਹ ਦੇ ਨਾਲ ਗਰਜ ਅਤੇ ਬਿਜਲੀ ਡਿੱਗਣ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਆਸਾਮ, ਮੇਘਾਲਿਆ ਅਤੇ ਪੱਛਮੀ ਬੰਗਾਲ ਵਰਗੇ ਉੱਤਰੀ-ਪੂਰਬੀ ਸੂਬਿਆਂ 'ਚ ਵੀ ਮੀਂਹ ਪੈ ਸਕਦਾ ਹੈ। 26-27 ਨਵੰਬਰ ਨੂੰ ਕੇਰਲ ਅਤੇ ਤਾਮਿਲਨਾਡੂ ਤੱਟ 'ਤੇ ਹਵਾ ਦੀ ਰਫ਼ਤਾਰ 35-55 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।

ਠੰਡ ਵਧਣ ਦੀ ਸੰਭਾਵਨਾ

ਉੱਤਰੀ ਭਾਰਤ ਵਿਚ ਠੰਡ ਵਧਣ ਲੱਗੀ ਹੈ। ਉੱਤਰੀ ਭਾਰਤ ਦੇ ਕਈ ਸੂਬਿਆਂ ਵਿਚ ਤਾਪਮਾਨ ਡਿੱਗ ਰਿਹਾ ਹੈ, ਜਿਸ ਕਾਰਨ ਠੰਡ ਦਾ ਪ੍ਰਭਾਵ ਵਧਣ ਦੀ ਸੰਭਾਵਨਾ ਹੈ। 24 ਅਤੇ 28-30 ਨਵੰਬਰ ਦੌਰਾਨ ਸਵੇਰ ਅਤੇ ਰਾਤ ਦੇ ਸਮੇਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਸੰਘਣੀ ਧੁੰਦ ਪੈ ਸਕਦੀ ਹੈ। ਹਿਮਾਚਲ ਪ੍ਰਦੇਸ਼ ਵਿਚ 27-29 ਨਵੰਬਰ ਤੱਕ ਠੰਡ ਵਧਣ ਦੀ ਸੰਭਾਵਨਾ ਹੈ। ਉੱਤਰ ਪ੍ਰਦੇਸ਼ 'ਚ 28-30 ਨਵੰਬਰ ਦਰਮਿਆਨ ਸੰਘਣੀ ਧੁੰਦ ਵੀ ਪੈ ਸਕਦੀ ਹੈ। ਦਿੱਲੀ, ਰਾਜਸਥਾਨ, ਬਿਹਾਰ, ਅਸਾਮ, ਮੇਘਾਲਿਆ, ਪੱਛਮੀ ਬੰਗਾਲ ਅਤੇ ਸਿੱਕਮ 'ਚ ਧੁੰਦ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ

ਦੋ ਚੱਕਰਵਾਤੀ ਤੂਫਾਨਾਂ ਦੀ ਚਿਤਾਵਨੀ

ਭਾਰਤੀ ਮੌਸਮ ਵਿਭਾਗ (IMD) ਨੇ ਚਿਤਾਵਨੀ ਦਿੱਤੀ ਹੈ ਕਿ ਇਸ ਸਮੇਂ ਪੂਰਬੀ ਭੂਮੱਧ ਹਿੰਦ ਮਹਾਸਾਗਰ, ਦੱਖਣੀ ਅੰਡੇਮਾਨ ਸਾਗਰ ਅਤੇ ਦੱਖਣੀ-ਪੂਰਬੀ ਬੰਗਾਲ ਦੀ ਖਾੜੀ 'ਚ ਚੱਕਰਵਾਤੀ ਚੱਕਰ ਸਰਗਰਮ ਹੋ ਗਿਆ ਹੈ। ਇਸ ਕਾਰਨ, ਇੱਕ ਘੱਟ ਦਬਾਅ ਵਾਲਾ ਖੇਤਰ ਬਣ ਗਿਆ ਹੈ, ਜੋ ਹੌਲੀ-ਹੌਲੀ ਉੱਤਰ-ਪੱਛਮ ਵੱਲ ਵਧੇਗਾ ਅਤੇ 25 ਨਵੰਬਰ ਦੇ ਆਲੇ-ਦੁਆਲੇ ਬੰਗਾਲ ਦੀ ਖਾੜੀ 'ਚ ਇਕ ਦਬਾਅ 'ਚ ਬਦਲ ਸਕਦਾ ਹੈ। ਇਸ ਤੋਂ ਬਾਅਦ ਤੂਫਾਨ ਤਾਮਿਲਨਾਡੂ ਅਤੇ ਸ਼੍ਰੀਲੰਕਾ ਦੇ ਤੱਟ ਵੱਲ ਵਧੇਗਾ। ਇਸ ਤੋਂ ਇਲਾਵਾ ਅਫਗਾਨਿਸਤਾਨ ਦੇ ਨੇੜੇ ਪੱਛਮੀ ਗੜਬੜੀ ਵੀ ਸਰਗਰਮ ਹੋ ਗਈ ਹੈ, ਜਿਸ ਕਾਰਨ ਮੌਸਮ ਵੀ ਬਦਲ ਸਕਦਾ ਹੈ।

ਘੱਟੋ-ਘੱਟ ਤਾਪਮਾਨ 'ਚ ਗਿਰਾਵਟ

ਮੱਧ ਪ੍ਰਦੇਸ਼, ਕਰਨਾਟਕ, ਗੋਆ, ਮਹਾਰਾਸ਼ਟਰ, ਤੇਲੰਗਾਨਾ ਅਤੇ ਛੱਤੀਸਗੜ੍ਹ ਵਿਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 1 ਤੋਂ 3 ਡਿਗਰੀ ਸੈਲਸੀਅਸ ਘੱਟ ਹੋ ਸਕਦਾ ਹੈ। ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਜਿਵੇਂ ਕਿ ਹਰਿਆਣਾ ਦੇ ਹਿਸਾਰ ਅਤੇ ਰਾਜਸਥਾਨ ਦੇ ਸੀਕਰ ਵਿਚ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।


author

Tanu

Content Editor

Related News