ਕੇਂਦਰ ਨੇ ਦਿੱਤੀ ਚਿਤਾਵਨੀ, OTT ’ਤੇ ਡਰੱਗਜ਼ ਦਾ ਪ੍ਰਚਾਰ ਪਵੇਗਾ ਮਹਿੰਗਾ
Wednesday, Dec 18, 2024 - 06:01 AM (IST)

ਨਵੀਂ ਦਿੱਲੀ, (ਭਾਸ਼ਾ)- ਸਰਕਾਰ ਨੇ ਓ. ਟੀ. ਟੀ. ਮੰਚਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਅਜਿਹੀ ਸਮੱਗਰੀ ਪ੍ਰਸਾਰਿਤ ਕਰਦੇ ਹੋਏ ਪਾਏ ਗਏ, ਜੋ ਮੁੱਖ ਪਾਤਰ ਅਤੇ ਹੋਰ ਅਦਾਕਾਰਾਂ ਰਾਹੀਂ ਡਰੱਗਜ਼ ਦੀ ਵਰਤੋਂ ਨੂੰ ਅਣਜਾਣੇ ’ਚ ਉਤਸ਼ਾਹ ਦਿੰਦੀ ਹੈ, ਜਾਂ ਉਨ੍ਹਾਂ ਦਾ ਗੁਣਗਾਨ ਕਰਦੀ ਹੈ ਤਾਂ ਉਨ੍ਹਾਂ ਖਿਲਾਫ ਰੈਗੂਲੇਟਰ ਸਬੰਧੀ ਜਾਂਚ ਕੀਤੀ ਜਾਵੇਗੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਓ. ਟੀ. ਟੀ. ਮੰਚਾਂ ਲਈ ਜਾਰੀ ਕੀਤੀ ਗਈ ਐਡਵਾਈਜ਼ਰੀ ’ਚ ਕਿਹਾ ਕਿ ਇਸ ਤਰ੍ਹਾਂ ਦੇ ਫਿਲਮਾਂਕਣ ਦੇ, ਖਾਸ ਕਰ ਕੇ ਨੌਜਵਾਨ ਅਤੇ ਸੰਵੇਦਨਸ਼ੀਲ ਦਰਸ਼ਕਾਂ ’ਤੇ ਸੰਭਾਵੀ ਅਸਰ ਦੇ ਮੱਦੇਨਜ਼ਰ ਗੰਭੀਰ ਨਤੀਜੇ ਹੋ ਸਕਦੇ ਹਨ।
ਐਡਵਾਈਜ਼ਰੀ ’ਚ ਓ. ਟੀ. ਟੀ. ਮੰਚਾਂ ਲਈ ਕੋਡ ਆਫ ਕੰਡਕਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਸਮੱਗਰੀ ਦੀ ਸਮੀਖਿਆ ਦੌਰਾਨ ਉਚਿਤ ਸਾਵਧਾਨੀ ਵਰਤਣ ਅਤੇ ਕਿਸੇ ਵੀ ਪ੍ਰੋਗਰਾਮ ’ਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਫਿਲਮਾਂਕਣ ਕਰਦੇ ਸਮੇਂ ਡਿਸਕਲੇਮਰ ਜਾਂ ਉਪਯੋਗਕਰਤਾ ਚਿਤਾਵਨੀ ਜਾਰੀ ਕਰਨ ਲਈ ਕਿਹਾ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਓ. ਟੀ. ਟੀ. ਮੰਚਾਂ ਨੂੰ ਅਪੀਲ ਹੈ ਕਿ ਉਹ ਵਿਆਪਕ ਜਨਹਿੱਤ ’ਚ ਆਪਣੀ ਇੱਛਾ ਨਾਲ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ।