IMD ਵਲੋਂ ਉੱਤਰ ਭਾਰਤ 'ਚ ਕੜਾਕੇ ਦੀ ਠੰਡ ਦਾ ਅਲਰਟ, ਮੀਂਹ ਪੈਣ ਦੀ ਭਵਿੱਖਬਾਣੀ
Monday, Dec 16, 2024 - 12:43 PM (IST)
ਨਵੀਂ ਦਿੱਲੀ- ਦੇਸ਼ ਭਰ 'ਚ ਮੌਸਮ ਦੇ ਹਾਲਾਤ ਲਗਾਤਾਰ ਬਦਲ ਰਹੇ ਹਨ। ਭਾਰਤੀ ਮੌਸਮ ਵਿਭਾਗ (IMD) ਨੇ ਇਕ ਵਾਰ ਫਿਰ ਦੇਸ਼ ਦੇ ਕਈ ਹਿੱਸਿਆਂ 'ਚ ਖਰਾਬ ਮੌਸਮ ਦਾ ਅਲਰਟ ਜਾਰੀ ਕੀਤਾ ਹੈ। ਦੱਖਣੀ ਭਾਰਤ 'ਚ ਚੱਕਰਵਾਤੀ ਤੂਫ਼ਾਨ ਦੇ ਪ੍ਰਭਾਵ ਕਾਰਨ ਅਗਲੇ ਦੋ ਦਿਨਾਂ ਵਿਚ ਤੇਜ਼ ਹਵਾਵਾਂ ਚੱਲਣ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉੱਤਰੀ ਅਤੇ ਮੱਧ ਭਾਰਤ 'ਚ ਸੀਤ ਲਹਿਰ ਅਤੇ ਸੰਘਣੀ ਧੁੰਦ ਨੇ ਠੰਡ ਦੇ ਕਹਿਰ ਨੂੰ ਹੋਰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ- 18 ਦਸੰਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
IMD ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ 5 ਦਿਨਾਂ ਤੱਕ ਸਮੁੰਦਰੀ ਤੱਟਵਰਤੀ ਖੇਤਰਾਂ ਵਿਚ ਉੱਚੀਆਂ ਲਹਿਰਾਂ ਉਠਣ ਅਤੇ ਦੱਖਣੀ ਸੂਬਿਆਂ ਵਿਚ ਭਾਰੀ ਮੀਂਹ ਦਾ ਖਤਰਾ ਹੈ। ਇਸ ਤੋਂ ਇਲਾਵਾ ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਸੰਘਣੀ ਧੁੰਦ ਪੈਣ ਦੀ ਵੀ ਸੰਭਾਵਨਾ ਹੈ। ਇਹ ਸਥਿਤੀ ਸਰਗਰਮ ਚੱਕਰਵਾਤੀ ਸਰਕੂਲੇਸ਼ਨ, ਪੱਛਮੀ ਗੜਬੜੀ ਅਤੇ ਬਰਫੀਲੀਆਂ ਹਵਾਵਾਂ ਕਾਰਨ ਬਣੀ ਹੋਈ ਹੈ।
ਇਹ ਵੀ ਪੜ੍ਹੋ- ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ, ਜਾਣੋ ਕਿਵੇਂ ਕਰੀਏ ਅਪਲਾਈ
ਸੀਤ ਲਹਿਰ ਅਤੇ ਧੁੰਦ
ਮੱਧ ਪ੍ਰਦੇਸ਼, ਪੂਰਬੀ ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਓਡੀਸ਼ਾ ਸਮੇਤ ਕਈ ਸੂਬਿਆਂ 'ਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਠੰਡੀਆਂ ਹਵਾਵਾਂ ਅਤੇ ਸੰਘਣੀ ਧੁੰਦ ਉੱਤਰੀ ਭਾਰਤੀ ਸੂਬਿਆਂ 'ਚ ਆਵਾਜਾਈ ਅਤੇ ਜਨ-ਜੀਵਨ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਮੀਂਹ ਦੀ ਭਵਿੱਖਬਾਣੀ
ਅਗਲੇ 48 ਘੰਟਿਆਂ ਦੌਰਾਨ ਤਾਮਿਲਨਾਡੂ, ਪੁਡੂਚੇਰੀ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਕੇਰਲ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਦੱਖਣੀ-ਪੂਰਬੀ ਬੰਗਾਲ ਦੀ ਖਾੜੀ 'ਚ ਘੱਟ ਦਬਾਅ ਵਾਲਾ ਖੇਤਰ ਬਣਨ ਅਤੇ ਚੱਕਰਵਾਤੀ ਪ੍ਰਭਾਵ ਕਾਰਨ ਇਹ ਸਥਿਤੀ ਬਣੀ ਹੋਈ ਹੈ। ਤਾਮਿਲਨਾਡੂ ਅਤੇ ਆਲੇ-ਦੁਆਲੇ ਦੇ ਖੇਤਰਾਂ 'ਚ 12 ਸੈਂਟੀਮੀਟਰ ਤੋਂ ਵੱਧ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋ- 'ਆਪ' ਦੀ ਫਾਈਨਲ ਲਿਸਟ ਜਾਰੀ, ਕੇਜਰੀਵਾਲ ਨਵੀਂ ਦਿੱਲੀ ਤੋਂ ਲੜਨਗੇ ਚੋਣ
ਬਰਫਬਾਰੀ ਦੀ ਸੰਭਾਵਨਾ
ਅਗਲੇ ਕੁਝ ਦਿਨਾਂ 'ਚ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਉੱਚੇ ਇਲਾਕਿਆਂ 'ਚ ਬਰਫ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਤਾਪਮਾਨ ਵਿਚ ਹੋਰ ਗਿਰਾਵਟ ਆ ਸਕਦੀ ਹੈ।
IMD ਦੀ ਸਲਾਹ
IMD ਨੇ ਸਮੁੰਦਰੀ ਤੱਟਵਰਤੀ ਇਲਾਕਿਆਂ 'ਚ ਮਛੇਰਿਆਂ ਨੂੰ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਪਹਾੜੀ ਇਲਾਕਿਆਂ 'ਚ ਯਾਤਰਾ ਕਰਨ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੰਘਣੀ ਧੁੰਦ ਅਤੇ ਸੀਤ ਲਹਿਰ ਕਾਰਨ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮੌਸਮ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ। ਦੱਖਣ ਵਿਚ ਚੱਕਰਵਾਤ ਅਤੇ ਭਾਰੀ ਮੀਂਹ, ਉੱਤਰ ਵਿਚ ਸੀਤ ਲਹਿਰਾਂ ਅਤੇ ਬਰਫ਼ਬਾਰੀ ਕਾਰਨ ਜਨ-ਜੀਵਨ ਉੱਤੇ ਵੱਡਾ ਅਸਰ ਪੈ ਸਕਦਾ ਹੈ। ਅਜਿਹੇ 'ਚ ਲੋਕਾਂ ਨੂੰ ਚੌਕਸ ਰਹਿਣ ਅਤੇ ਮੌਸਮ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਲੋੜ ਹੈ।