IMD Warning : ਪੰਜਾਬ ਸਣੇ ਨਾਲ ਲੱਗਦੇ ਸੂਬਿਆਂ ''ਚ ਕੜਾਕੇ ਦੀ ਠੰਡ ਦਾ ਅਲਰਟ ਜਾਰੀ
Thursday, Dec 19, 2024 - 03:40 PM (IST)
ਵੈੱਬ ਡੈਸਕ : ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਅਗਲੇ ਪੰਜ ਤੋਂ ਸੱਤ ਦਿਨਾਂ ਤੱਕ ਉੱਤਰ-ਪੱਛਮੀ ਭਾਰਤ 'ਚ ਸੀਤ ਲਹਿਰ ਚੱਲਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ ਸਣੇ ਹੋਰ ਰਾਜਾਂ ਵਿੱਚ ਕੜਾਕੇ ਦੀ ਠੰਡ ਦਾ ਅਸਰ ਦੇਖਣ ਨੂੰ ਮਿਲੇਗਾ।
ਇਸ ਦੇ ਨਾਲ ਹੀ ਦੱਖਣੀ-ਪੱਛਮੀ ਬੰਗਾਲ ਦੀ ਖਾੜੀ 'ਚ ਘੱਟ ਦਬਾਅ ਦਾ ਖੇਤਰ ਬਣਨ ਕਾਰਨ ਤਾਮਿਲਨਾਡੂ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਰਾਇਲਸੀਮਾ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਾਨਾਮ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ ਰਾਇਲਸੀਮਾ ਵਿੱਚ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
19 ਦਸੰਬਰ ਨੂੰ ਸਵੇਰੇ ਦਿੱਲੀ ਅਤੇ ਐੱਨਸੀਆਰ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ, ਜਦੋਂ ਕਿ ਦਿਨ ਵੇਲੇ ਵੀ ਹਲਕੀ ਧੁੰਦ ਛਾਏ ਰਹਿਣ ਦੀ ਸੰਭਾਵਨਾ ਹੈ। ਤਾਪਮਾਨ 23 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਹੋ ਸਕਦਾ ਹੈ ਤੇ ਰਾਤ ਨੂੰ 7 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼, ਪੰਜਾਬ ਤੇ ਰਾਜਸਥਾਨ ਦੇ ਕੁਝ ਹਿੱਸਿਆਂ 'ਚ ਅਗਲੇ ਹਫ਼ਤੇ ਤੱਕ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ ਤੇ ਇਨ੍ਹਾਂ ਇਲਾਕਿਆਂ ਵਿੱਚ 19 ਤੋਂ 22 ਦਸੰਬਰ ਤੱਕ ਠੰਡ ਵਧਣ ਦੀ ਸੰਭਾਵਨਾ ਹੈ।