ਬਾਂਸੁਰੀ ਸਵਰਾਜ ਨੂੰ ਕੋਰਟ ਨੂੰ ਜਾਰੀ ਕੀਤਾ ਨੋਟਿਸ, ਜਾਣੋ ਪੂਰਾ ਮਾਮਲਾ
Monday, Dec 16, 2024 - 01:13 PM (IST)
ਨਵੀਂ ਦਿੱਲੀ- ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਸੋਮਵਾਰ ਨੂੰ ਭਾਜਪਾ ਸੰਸਦ ਮੈਂਬਰ ਬਾਂਸੁਰੀ ਸਵਰਾਜ ਨੂੰ ਅਪਰਾਧਕ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਆਮ ਆਦਮੀ ਪਾਰਟੀ (ਆਪ) ਨੇਤਾ ਸਤੇਂਦਰ ਜੈਨ ਦੀ ਪਟੀਸ਼ਨ 'ਤੇ ਬਾਂਸੁਰੀ ਨੂੰ ਜਾਰੀ ਕੀਤਾ ਗਿਆ ਹੈ। ਜੈਨ ਨੇ ਦੋਸ਼ ਲਾਇਆ ਹੈ ਕਿ ਬਾਂਸੁਰੀ ਸਵਰਾਜ ਨੇ 5 ਅਕਤੂਬਰ 2023 ਨੂੰ ਇਕ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਉਨ੍ਹਾਂ ਖਿਲਾਫ਼ ਅਪਮਾਨਜਨਕ ਟਿੱਪਣੀ ਕੀਤੀ ਸੀ।
20 ਦਸੰਬਰ ਨੂੰ ਹੋਵੇਗੀ ਸੁਣਵਾਈ
ਕੋਰਟ ਵਲੋਂ ਦਿੱਤੇ ਗਏ ਨੋਟਿਸ ਵਿਚ ਬਾਂਸੁਰੀ ਸਵਰਾਜ ਨੂੰ 20 ਦਸੰਬਰ ਨੂੰ ਕੋਰਟ ਵਿਚ ਪੇਸ਼ ਹੋਣ ਲਈ ਕਿਹਾ ਗਿਆ। ਕੋਰਟ ਨੇ ਆਪਣੇ ਹੁਕਮ 'ਚ ਕਿਹਾ ਕਿ ਬਾਂਸੁਰੀ ਸਵਰਾਜ ਨਿੱਜੀ ਜਾਂ ਉਨ੍ਹਾਂ ਵਲੋਂ ਉਨ੍ਹਾਂ ਦੇ ਵਕੀਲ ਪੇਸ਼ ਹੋ ਸਕਦੇ ਹਨ। ਉੱਥੇ ਹੀ ਕੋਰਟ 20 ਦਸੰਬਰ ਨੂੰ ਸਤੇਂਦਰ ਜੈਨ ਅਤੇ ਉਨ੍ਹਾਂ ਦੇ ਦੋ ਗਵਾਹਾਂ ਦੇ ਬਿਆਨ ਦਰਜ ਕਰੇਗੀ।
ਸਤੇਂਦਰ ਜੈਨ ਨੇ ਲਾਇਆ ਇਹ ਦੋਸ਼
ਜੈਨ ਨੇ ਬਾਂਸੁਰੀ ਸਵਰਾਜ 'ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਇੰਟਰਵਿਊ ਵਿਚ ਕਿਹਾ ਸੀ ਕਿ ਉਨ੍ਹਾਂ ਦੇ ਘਰੋਂ 3 ਕਰੋੜ ਰੁਪਏ ਬਰਾਮਦ ਹੋਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ 1.8 ਕਿਲੋ ਸੋਨਾ ਅਤੇ 133 ਸੋਨੇ ਦੇ ਸਿੱਕੇ ਵੀ ਉਨ੍ਹਾਂ ਦੇ ਘਰ ਵਿਚੋਂ ਮਿਲੇ ਸਨ। ਦੱਸ ਦੇਈਏ ਕਿ ਸਵਰਾਜ ਨੇ ਇਹ ਦਾਅਵਾ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਜੈਨ ਦੇ ਘਰ 'ਤੇ ਕੀਤੀ ਗਈ ਰੇਡ ਨੂੰ ਲੈ ਕੇ ਕੀਤੀ ਸੀ।