ਸੀਤ ਲਹਿਰ ਕਾਰਨ ਠੰਡ ਨੇ ਛੇੜੀ ਕੰਬਣੀ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ
Sunday, Dec 22, 2024 - 10:25 AM (IST)
ਨੈਸ਼ਨਲ ਡੈਸਕ- ਦੇਸ਼ ਭਰ 'ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਕਿਤੇ ਮਾਈਨਸ ਵਿਚ ਤਾਪਮਾਨ ਡਿੱਗ ਗਿਆ ਹੈ ਤਾਂ ਕਿਤੇ ਸੀਤ ਲਹਿਰ ਨਾਲ ਲੋਕ ਕੰਬ ਰਹੇ ਹਨ। ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਧਾਰਚੂਲਾ ਵਿਚ ਹਾਲ ਹੀ ਜ਼ਮੀਨ ਖਿਸਕਣ ਕਾਰਨ ਹਾਈਵੇਅ ਬਲਾਕ ਹੋ ਗਿਆ। ਜੰਮੂ-ਕਸ਼ਮੀਰ ਵਿਚ 40 ਦਿਨ ਵਾਲੀ ਸਰਦੀ ਦਾ ਦੌਰ ਚਿਲਈ ਕਲਾਂ ਸ਼ੁਰੂ ਹੋ ਚੁੱਕਾ ਹੈ। ਸ਼੍ਰੀਨਗਰ ਵਿਚ ਇਸ ਵਾਰ ਤਾਪਮਾਨ -8.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਪਿਛਲੇ 133 ਸਾਲ ਵਿਚ ਤੀਜੀ ਵਾਰ ਹੋਇਆ ਹੈ। ਉੱਤਰ ਭਾਰਤ ਸੀਤ ਲਹਿਰ ਅਤੇ ਸੰਘਣੀ ਧੁੰਦ ਦੀ ਲਪੇਟ ਵਿਚ ਹੈ, ਜਦਕਿ ਦੱਖਣੀ ਭਾਰਤ ਵਿਚ ਮੀਂਹ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਭਾਰਤੀ ਮੌਸਮ ਵਿਭਾਗ (IMD) ਨੇ ਆਗਾਮੀ ਮੌਸਮ ਦਾ ਪੂਰਵ ਅਨੁਮਾਨ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ 28 ਦਸੰਬਰ ਤੱਕ ਮੌਸਮ ਵਿਚ ਵੱਡਾ ਬਦਲਾਅ ਹੋ ਸਕਦਾ ਹੈ। ਪੱਛਮੀ ਗੜਬੜੀ ਸਰਗਰਮ ਰਹੇਗਾ ਜਿਸ ਨਾਲ ਮੌਸਮ ਦਾ ਮਿਜਾਜ਼ ਬਦਲ ਜਾਵੇਗਾ। 27 ਤੋਂ 31 ਦਸੰਬਰ ਦਰਮਿਆਨ ਪੱਛਮੀ ਗੜਬੜੀ ਦਾ ਅਸਰ ਰਹੇਗਾ। ਇਸ ਦੇ ਚੱਲਦੇ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਹੋ ਸਕਦੀ ਹੈ ਅਤੇ ਮੈਦਾਨੀ ਇਲਾਕਿਆਂ ਵਿਚ ਹਨ੍ਹੇਰੀ-ਤੂਫਾਨ ਨਾਲ ਮੀਂਹ ਦਾ ਅਨੁਮਾਨ ਹੈ, ਜਿਸ ਤੋਂ ਠੰਡ ਵਧ ਸਕਦੀ ਹੈ।
26 ਦਸੰਬਰ ਮਗਰੋਂ ਹੋਵੇਗਾ ਬਦਲਾਅ
ਮੌਸਮ ਵਿਭਾਗ ਨੇ ਕਿਹਾ ਕਿ 26 ਦਸੰਬਰ ਦੀ ਰਾਤ ਤੋਂ ਇਕ ਹੋਰ ਪੱਛਮੀ ਗੜਬੜ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਕਾਰਨ ਦੱਖਣ-ਪੱਛਮੀ ਰਾਜਸਥਾਨ 'ਚ ਚੱਕਰਵਾਤੀ ਸਰਕੂਲੇਸ਼ਨ (ਚੱਕਰਵਾਤੀ ਹਵਾਵਾਂ ਦਾ ਚੱਕਰ) ਹੋਣ ਦੀ ਸੰਭਾਵਨਾ ਹੈ। ਇਸ ਕਾਰਨ 28 ਦਸੰਬਰ ਤੱਕ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਨਮੀ ਵਾਲੀਆਂ ਹਵਾਵਾਂ ਚੱਲਣਗੀਆਂ, ਜਿਸ ਕਾਰਨ ਪੱਛਮੀ ਹਿਮਾਲੀਅਨ ਖੇਤਰ 'ਚ ਭਾਰੀ ਮੀਂਹ ਅਤੇ ਬਰਫ਼ਬਾਰੀ ਹੋ ਸਕਦੀ ਹੈ। ਉੱਤਰ-ਪੱਛਮੀ ਭਾਰਤ ਅਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਤੂਫ਼ਾਨ ਦੇ ਨਾਲ-ਨਾਲ ਗੜੇਮਾਰੀ ਹੋ ਸਕਦੀ ਹੈ।
ਸੀਤ ਲਹਿਰ ਅਤੇ ਸੰਘਣੀ ਧੁੰਦ
ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਲੱਦਾਖ, ਪੰਜਾਬ, ਰਾਜਸਥਾਨ, ਹਰਿਆਣਾ, ਝਾਰਖੰਡ, ਓਡੀਸ਼ਾ, ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਆਸਾਮ ਅਤੇ ਮੇਘਾਲਿਆ ਵਿਚ ਸੀਤ ਲਹਿਰ ਅਤੇ ਸੰਘਣੀ ਧੁੰਦ ਪੈ ਸਕਦੀ ਹੈ।
ਦਿੱਲੀ 'ਚ ਮੀਂਹ ਦੀ ਸੰਭਾਵਨਾ
ਫਿਲਹਾਲ ਦਿੱਲੀ 'ਚ ਹਲਕੀ ਧੁੰਦ ਨਾਲ ਠੰਡ ਵਧ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਸੀਤ ਲਹਿਰ ਕਾਰਨ ਦਿੱਲੀ ਵਿੱਚ ਸੁੱਕੀ ਠੰਡ ਪੈ ਰਹੀ ਸੀ ਅਤੇ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਸੀ। ਸ਼ਨੀਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 23.4 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 7.6 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ 26 ਦਸੰਬਰ ਤੋਂ ਬਾਅਦ ਦਿੱਲੀ ਵਿਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਦਿੱਲੀ ਵਿਚ ਤਾਪਮਾਨ 21 ਤੋਂ 23 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ ਜਦਕਿ ਘੱਟੋ-ਘੱਟ ਤਾਪਮਾਨ 7 ਤੋਂ 9 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।