ਮੌਤ ਦੀ ਸੈਲਫ਼ੀ; ਤਲਾਬ ਕੰਢੇ 3 ਦੋਸਤ ਲੈ ਰਹੇ ਸਨ ‘ਸੈਲਫ਼ੀ’, ਡੁੱਬਣ ਨਾਲ ਇਕ ਦੀ ਮੌਤ

03/19/2022 12:26:03 PM

ਗੁਰੂਗ੍ਰਾਮ (ਮੋਹਿਤ)— ਪਾਲੜਾ ਪਿੰਡ 'ਚ ਹੋਲੀ ਦੇ ਦਿਨ ਸੈਲਫੀ ਲੈਂਦੇ ਸਮੇਂ ਤਿੰਨ ਦੋਸਤਾਂ 'ਚੋਂ ਦੋ ਨੌਜਵਾਨ ਤਲਾਬ 'ਚ ਡੁੱਬ ਗਏ, ਜਿਸ 'ਚੋਂ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜੇ ਨੂੰ ਜ਼ਖਮੀ ਹਾਲਤ 'ਚ ਤਲਾਬ 'ਚੋਂ ਬਾਹਰ ਕੱਢ ਲਿਆ ਗਿਆ। ਦਰਅਸਲ ਹੋਲੀ ਮੌਕੇ ਮੌਜ-ਮਸਤੀ ਕਰ ਕੇ ਤਲਾਬ ’ਚ ਜੰਜ਼ੀਰ ਬਣਾ ਕੇ ਸੈਲਫ਼ੀ ਲੈ ਰਹੇ ਤਿੰਨ ਦੋਸਤਾਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਇਹ ਆਖ਼ਰੀ ਸੈਲਫ਼ੀ ਹੋਵੇਗੀ। 

ਸੂਚਨਾ ਮਿਲਦੇ ਹੀ ਪੁਲਸ ਅਤੇ ਸਿਵਲ ਡਿਫੈਂਸ ਦੀ ਟੀਮ ਗੋਤਾਖੋਰਾਂ ਨਾਲ ਮੌਕੇ ’ਤੇ ਪਹੁੰਚੀ ਅਤੇ ਕਰੀਬ ਡੇਢ ਘੰਟੇ ਦੀ ਭਾਲ ਤੋਂ  ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲਸ ਮੁਤਾਬਕ ਰਾਹੁਲ (17), ਲਲਿਤ (17) ਅਤੇ ਇਕ ਹੋਰ ਨੌਜਵਾਨ ਸ਼ੁੱਕਰਵਾਰ ਸਵੇਰ ਹੋਲੀ ਮਨਾ ਰਹੇ ਸਨ। ਮੌਜ-ਮਸਤੀ ਕਰਦੇ ਤਿੰਨੋਂ ਪਿੰਡ ਦੇ ਤਲਾਬ ’ਤੇ ਪਹੁੰਚ ਗਏ। ਇੱਥੇ ਤਿੰਨੋਂ ਤਲਾਬ ਦੇ ਕੰਢੇ ਜੰਜ਼ੀਰ ਬਣਾ ਕੇ ਸੈਲਫੀ ਲੈ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਪੈਰ ਫਿਸਲ ਗਿਆ। ਇਸ ਘਟਨਾ ਵਿਚ ਰਾਹੁਲ ਅਤੇ ਲਲਿਤ ਤਲਾਬ ’ਚ ਡਿੱਗ ਗਏ।ਉਨ੍ਹਾਂ ਨੂੰ ਬਚਾਉਣ ਲਈ ਤੀਜੇ ਦੋਸਤ ਨੇ ਵੀ ਛਾਲ ਮਾਰ ਦਿੱਤੀ, ਜਿਸ ਨੇ ਲਲਿਤ ਨੂੰ ਬਾਹਰ ਕੱਢਿਆ ਪਰ ਉਹ ਰਾਹੁਲ ਨੂੰ ਨਹੀਂ ਫੜ ਸਕੇ। ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ, ਪੁਲਸ ਅਤੇ ਸਿਵਲ ਡਿਫੈਂਸ ਦੀ ਟੀਮ ਗੋਤਾਖੋਰਾਂ ਦੇ ਨਾਲ ਮੌਕੇ 'ਤੇ ਪਹੁੰਚ ਗਈ।

ਸੈਕਟਰ-10ਏ ਥਾਣੇ ਵਿਚ ਤਾਇਨਾਤ ਹੈੱਡ ਕਾਂਸਟੇਬਲ ਦੇਵੇਂਦਰ ਮਲਿਕ ਨੇ ਹਰਿਆਣਾ ਪੁਲਸ ਦੇ ਗੋਤਾਖੋਰ ਨੂੰ ਬੁਲਾਇਆ। ਦੇਵੇਂਦਰ ਮਲਿਕ ਅਤੇ ਹੋਰਾਂ ਨੇ ਕਰੀਬ ਡੇਢ ਘੰਟੇ ਤੱਕ ਤਲਾਬ ਵਿਚ ਰਾਹੁਲ ਦੀ ਡੂੰਘਾਈ ਨਾਲ ਭਾਲ ਕੀਤੀ। ਬਾਅਦ 'ਚ ਉਨ੍ਹਾਂ ਨੂੰ ਰਾਹੁਲ ਦੀ ਲਾਸ਼ 25 ਫੁੱਟ ਦੀ ਡੂੰਘਾਈ 'ਚ ਮਿਲੀ, ਜਿਸ ਨੂੰ ਉਨ੍ਹਾਂ ਨੇ ਬਾਹਰ ਕੱਢਿਆ।

ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਤਲਾਬ ਦੇ ਆਲੇ-ਦੁਆਲੇ ਬਾਊਂਡਰੀ ਕਰ ਕੇ ਗਰਿੱਲ ਲਗਾਈ ਗਈ ਹੈ। ਤਲਾਬ ਦੀ ਸਫਾਈ ਲਈ ਚਾਰੇ ਪਾਸੇ ਗੇਟ ਲਗਾਏ ਗਏ ਹਨ। ਇਸ ਗੇਟ ਰਾਹੀਂ ਤਿੰਨੋਂ ਬੱਚੇ ਅੰਦਰ ਵੜ ਗਏ ਸਨ ਅਤੇ ਸਲੈਬ 'ਤੇ ਲਟਕ ਕੇ ਜ਼ੰਜੀਰਾਂ ਬਣਾ ਕੇ ਸੈਲਫੀ ਲੈ ਰਹੇ ਸਨ। ਇਸ ਦੌਰਾਨ ਉਹ ਪੈਰ ਫਿਸਲਣ ਕਾਰਨ ਤਲਾਬ ਵਿਚ ਡਿੱਗ ਪਏ ਅਤੇ ਇਹ ਹਾਦਸਾ ਵਾਪਰ ਗਿਆ।


Tanu

Content Editor

Related News