20 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ
Tuesday, Sep 29, 2026 - 11:04 AM (IST)
ਅਬੋਹਰ (ਸ. ਹ.) : ਨੇੜਲੇ ਪਿੰਡ ਸੀਡਫਾਰਮ ਵਾਸੀ ਇਕ ਨੌਜਵਾਨ ਦੀ ਲਾਸ਼ ਨਵੀਂ ਅਨਾਜ ਮੰਡੀ ’ਚ ਸ਼ੱਕੀ ਹਾਲਾਤ ’ਚ ਮਿਲੀ। ਸਿਟੀ ਥਾਣਾ ਨੰਬਰ-1 ਦੀ ਪੁਲਸ ਨੇ ਇਸ ਨੂੰ ਲਾਵਾਰਿਸ ਐਲਾਨ ਕੇ ਪਛਾਣ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ। ਬਾਅਦ ’ਚ ਸੋਸ਼ਲ ਮੀਡੀਆ ’ਤੇ ਲਾਸ਼ ਮਿਲਣ ਦੀ ਖ਼ਬਰ ਮਿਲਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ ਅਤੇ ਉਸ ਦੀ ਪਛਾਣ ਗੁਰਜੰਟ ਸਿੰਘ ਵਜੋਂ ਕੀਤੀ।
ਜਾਣਕਾਰੀ ਅਨੁਸਾਰ ਗੁਰਜੰਟ ਸਿੰਘ (20) ਪੁੱਤਰ ਜੀਵਨ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਦਿਹਾੜੀਦਾਰ ਮਜ਼ਦੂਰ ਸੀ ਅਤੇ ਪਿਛਲੇ ਦਿਨ ਕੰਮ ’ਤੇ ਗਿਆ ਸੀ ਪਰ ਉਹ ਘਰ ਵਾਪਸ ਨਹੀਂ ਆਇਆ। ਅੱਜ ਸਵੇਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਅਨਾਜ ਮੰਡੀ ’ਚ ਇਕ ਨੌਜਵਾਨ ਦੀ ਲਾਸ਼ ਮਿਲਣ ਦੀ ਜਾਣਕਾਰੀ ਮਿਲੀ ਤਾਂ ਉਹ ਹਸਪਤਾਲ ਪਹੁੰਚੇ ਜਿਹੜੀ ਕਿ ਗੁਰਜੰਟ ਸਿੰਘ ਦੀ ਲਾਸ਼ ਸੀ। ਮ੍ਰਿਤਕ ਦੇ ਤਾਇਆ ਪ੍ਰੀਤਮ ਸਿੰਘ ਹਸਪਤਾਲ ਪਹੁੰਚੇ ਅਤੇ ਉਸ ਦੀ ਪਛਾਣ ਕੀਤੀ। ਮ੍ਰਿਤਕ ਦੇ ਪਰਿਵਾਰ ਨੇ ਪੁਲਸ ਨੂੰ ਗੁਰਜੰਟ ਦੀ ਲਾਸ਼ ਪੋਸਟਮਾਰਟਮ ਕੀਤੇ ਬਿਨਾਂ ਜਾਂ ਕੋਈ ਕਾਨੂੰਨੀ ਕਾਰਵਾਈ ਕੀਤੇ ਬਿਨਾਂ ਸੌਂਪਣ ਦੀ ਬੇਨਤੀ ਕੀਤੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਸ਼ੱਕੀ ਹਾਲਾਤ ਵਿਚ ਹੋਈ ਹੈ ਅਤੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਹੁਕਮਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
