ਟਾਇਲਾਂ ਖ਼ਰੀਦਣ ਜਾ ਰਹੇ ਪਰਿਵਾਰ ਨਾਲ ਦਰਦਨਾਕ ਹਾਦਸਾ, ਔਰਤ ਦੀ ਮੌਤ
Thursday, Oct 08, 2026 - 12:48 PM (IST)
ਬੁਢਲਾਡਾ (ਬਾਂਸਲ) : ਸ਼ਹਿਰ ਦੇ ਵਾਰਡ ਨੰਬਰ-4 ਨਾਲ ਸਬੰਧਿਤ ਇੱਕ ਪਰਿਵਾਰ ਨਾਲ ਰੇਲਵੇ ਓਵਰਬ੍ਰਿਜ ’ਤੇ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਇੱਕ ਔਰਤ ਦੀ ਮੌਤ ਹੋਣ ਦੀ ਖ਼ਬਰ ਹੈ, ਜਦੋਂ ਕਿ ਪਰਿਵਾਰਕ ਮੈਂਬਰਾਂ ਸਣੇ ਤਿੰਨ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਵਾਰਡ ਨੰਬਰ-4 ਦੀ ਵਸਨੀਕ ਸੁਮਨ ਰਾਣੀ (45 ) ਆਪਣੇ ਬੱਚਿਆਂ ਸਮੇਤ ਇੱਕ ਗੁਆਂਢਣ ਨੂੰ ਨਾਲ ਲੈ ਕੇ ਆਟੋ ਰਿਕਸ਼ਾ ’ਤੇ ਘਰ ਲਈ ਟਾਈਲਾਂ ਦੇ ਡਿਜ਼ਾਇਨ ਦੇਖਣ ਅਤੇ ਖ਼ਰੀਦਣ ਲਈ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਰੇਲਵੇ ਓਵਰਬ੍ਰਿਜ ’ਤੇ ਪਹੁੰਚਣ ਦੌਰਾਨ ਅਚਾਨਕ ਆਟੋ ਰਿਕਸ਼ਾ ਪਲਟ ਗਿਆ। ਹਾਦਸੇ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਇਸ ਹਾਦਸੇ 'ਚ ਸੁਮਨ ਰਾਣੀ ਦੀ ਮੌਤ ਹੋਣ ਦੀ ਜਾਣਕਾਰੀ ਹੈ, ਜਦੋਂ ਕਿ ਤਿੰਨ ਹੋਰ ਪਰਿਵਾਰਕ ਮੈਂਬਰ ਜ਼ੇਰੇ ਇਲਾਜ ਹਨ। ਗੁਆਂਢਣ ਪੂਜਾ (38), ਸੰਜਨਾ (21) ਅਤੇ ਪਾਰਸ (9) ਨੂੰ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਫਿਲਹਾਲ ਹਾਦਸਾ ਕਿਸ ਕਾਰਨ ਵਾਪਰਿਆ, ਇਸ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਤੋਂ ਬਾਅਦ ਹੀ ਪੂਰੀ ਤਸਵੀਰ ਸਪੱਸ਼ਟ ਹੋ ਸਕੇਗੀ।
