ਮਤਰੇਈ ਮਾਂ ਨੇ ਬੇਰਹਿਮੀ ਨਾਲ ਬੱਚੀ ਦੀ ਕੀਤੀ ਕੁੱਟਮਾਰ, ਇਲਾਜ ਦੌਰਾਨ ਮੌਤ
Thursday, Oct 08, 2026 - 10:52 AM (IST)
ਅਬੋਹਰ (ਸ. ਹ.) : ਪਿੰਡ ਪੱਕਾ ਸੀਡ ਫਾਰਮ ਦੀ ਪੰਜ ਸਾਲਾ ਬੱਚੀ ਦੀ ਬਠਿੰਡਾ ਦੇ ਏਮਜ਼ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਇਹ ਬੱਚੀ ਪਿਛਲੇ ਕਈ ਦਿਨਾਂ ਤੋਂ ਗੰਭੀਰ ਹਾਲਤ ’ਚ ਜ਼ਿੰਦਗੀ ਅਤੇ ਮੌਤ ਮਾਲ ਜੂਝ ਰਹੀ ਸੀ ਕਿਉਂਕਿ ਉਸ ਦੀ ਮਤਰੇਈ ਮਾਂ ਨੇ ਪਿਛਲੇ ਦਿਨੀਂ ਉਸ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਹ ਇਸ ਸਥਿਤੀ ਤੱਕ ਪਹੁੰਚ ਗਈ ਅਤੇ ਆਖ਼ਰਕਾਰ ਉਸ ਨੇ ਕੱਲ ਰਾਤ ਦਮ ਤੋੜ ਦਿੱਤਾ। ਇਸ ਮਾਮਲੇ ਸਬੰਧੀ ਪੁਲਸ ਨੇ ਉਸ ਦੀ ਮਤਰੇਈ ਮਾਂ ਅੱਕੋ ਬਾਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪੁਲਸ ਦੇ ਅਨੁਸਾਰ ਬੱਚੀ ਦੀ ਮੌਤ ਤੋਂ ਬਾਅਦ ਪਹਿਲਾਂ ਤੋਂ ਦਰਜ ਮਾਮਲੇ ’ਚ ਕਤਲ ਨਾਲ ਸਬੰਧਿਤ ਧਾਰਾ ਦਾ ਵਾਧਾ ਕੀਤਾ ਗਿਆ ਹੈ। ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ।
ਮੁਹੱਲਾ ਵਾਸੀਆਂ ਨੇ ਇਸ ਘਟਨਾ ਪਿੱਛੇ ਜਾਇਦਾਦ ਨਾਲ ਸਬੰਧਿਤ ਕਾਰਨਾਂ ਦਾ ਵੀ ਸ਼ੱਕ ਜਤਾਇਆ ਹੈ, ਹਾਲਾਂਕਿ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੱਚੀ ਆਪਣੇ ਪਿਤਾ ਗੁਰਦਿੱਤ ਸਿੰਘ ਅਤੇ ਮਤਰੇਈ ਮਾਂ ਅੱਕੋ ਬਾਈ ਨਾਲ ਰਹਿੰਦੀ ਸੀ। ਦੋਸ਼ ਹੈ ਕਿ 30 ਸਤੰਬਰ ਨੂੰ ਬੱਚੀ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਅੱਕੋ ਬਾਈ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿਚ ਲੈ ਲਿਆ ਸੀ। ਬਾਅਦ ’ਚ ਬੱਚੀ ਦੀ ਮੌਤ ਹੋਣ ’ਤੇ ਪੁਲਸ ਨੇ ਕਾਨੂੰਨੀ ਕਾਰਵਾਈ ਕਰਦੇ ਹੋਏ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ।
