ਖੰਨਾ ''ਚ ਦਰਦਨਾਕ ਹਾਦਸੇ ਦੌਰਾਨ 30 ਸਾਲਾ ਨੌਜਵਾਨ ਦੀ ਮੌਤ
Sunday, Oct 04, 2026 - 12:16 PM (IST)
ਖੰਨਾ (ਵਿਪਨ) : ਖੰਨਾ 'ਚ ਦੇਰ ਰਾਤ ਕਰੀਬ 9 ਵਜੇ ਲਲਹੇੜੀ ਰੋਡ ਪੁਲ ’ਤੇ ਮੋਟਰਸਾਈਕਲ ਅਤੇ ਟਰੱਕ ਦੀ ਟੱਕਰ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਬਲੂ (30) ਵਾਸੀ ਦਲੀਪ ਨਗਰ ਖੰਨਾ ਵਜੋਂ ਹੋਈ ਹੈ। 112 ਦੇ ਮੁਲਾਜ਼ਮ ਮਹਿੰਦਰ ਸਿੰਘ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲਣ ’ਤੇ ਉਹ ਮੌਕੇ ’ਤੇ ਪਹੁੰਚੇ। ਮੁੱਢਲੀ ਜਾਣਕਾਰੀ ਅਨੁਸਾਰ ਬਬਲੂ ਬੁੱਕ ਮਾਰਕੀਟ 'ਚ ਫੋਟੋ ਫਰੇਮ ਦਾ ਕੰਮ ਕਰਦਾ ਸੀ ਅਤੇ ਕੰਮ ਤੋਂ ਬਾਅਦ ਆਪਣੇ ਘਰ ਵੱਲ ਜਾ ਰਿਹਾ ਸੀ। ਜਦੋਂ ਉਹ ਲਲਹੇੜੀ ਰੋਡ ਪੁਲ ’ਤੇ ਪਹੁੰਚਿਆ ਤਾਂ ਉਸ ਦੇ ਮੋਟਰਸਾਈਕਲ ਦੀ ਟਰੱਕ ਨਾਲ ਟੱਕਰ ਹੋ ਗਈ।
ਹਾਦਸੇ 'ਚ ਬਬਲੂ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਖੰਨਾ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਅਤੇ ਮੁਹੱਲਾ ਨਿਵਾਸੀ ਵੀ ਹਸਪਤਾਲ ਪਹੁੰਚੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਬਲੂ ਹੀ ਪਰਿਵਾਰ 'ਚ ਇਕੱਲਾ ਕਮਾਉਣ ਵਾਲਾ ਸੀ। ਉਸ ਦੇ ਦੋ ਬੱਚੇ ਹਨ ਅਤੇ ਕੁੱਝ ਦਿਨ ਪਹਿਲਾਂ ਹੀ ਉਸ ਦੇ ਘਰ ਇੱਕ ਧੀ ਨੇ ਜਨਮ ਲਿਆ ਸੀ। ਪਰਿਵਾਰ ਨੇ ਦੱਸਿਆ ਕਿ ਉਹ ਆਰਥਿਕ ਤੌਰ ’ਤੇ ਬਹੁਤ ਮੁਸ਼ਿਕਲ ਹਾਲਾਤਾਂ ਵਿੱਚ ਗੁਜ਼ਾਰਾ ਕਰ ਰਿਹਾ ਹਨ।
