ਪਸ਼ੂਆਂ ਨੂੰ ਬਚਾਉਂਦੇ ਸਮੇਂ ਸਕਾਰਪੀਓ ਗੱਡੀ ਪਲਟੀ, ਇਕ ਦੀ ਮੌਤ

Saturday, Oct 03, 2026 - 01:48 PM (IST)

ਪਸ਼ੂਆਂ ਨੂੰ ਬਚਾਉਂਦੇ ਸਮੇਂ ਸਕਾਰਪੀਓ ਗੱਡੀ ਪਲਟੀ, ਇਕ ਦੀ ਮੌਤ

ਮੋਗਾ (ਆਜ਼ਾਦ) : ਮੋਗਾ-ਬੱਧਨੀ ਕਲਾਂ ਰੋਡ ’ਤੇ ਸਥਿਤ ਪਿੰਡ ਬੁੱਟਰ ਨੇੜੇ ਸੜਕ ’ਤੇ ਘੁੰਮ ਰਹੇ ਲਾਵਾਰਿਸ ਪਸ਼ੂਆਂ ਨੂੰ ਬਚਾਉਂਦੇ ਸਮੇਂ ਇਕ ਸਕਾਰਪੀਓ ਗੱਡੀ ਬੇਕਾਬੂ ਹੋ ਕੇ ਡਿਵਾਈਡਰ ’ਤੇ ਜਾ ਚੜ੍ਹੀ ਅਤੇ ਪਲਟ ਗਈ। ਇਸ ਹਾਦਸੇ ਵਿਚ ਜਸਪਾਲ ਸਿੰਘ (25) ਵਾਸੀ ਪਿੰਡ ਬੁਰਜ ਝੱਬਰ (ਮਾਨਸਾ) ਦੀ ਮੌਤ ਹੋ ਗਈ, ਜਦਕਿ ਗੱਡੀ ਵਿਚ ਸਵਾਰ ਪਿੰਡ ਲੁਠੇਰਾ ਫਤਿਹਾਬਾਦ ਵਾਸੀ ਰਵੀ ਪ੍ਰਤਾਪ, ਸੁਖਮੰਦਰ ਸਿੰਘ, ਲਕਸ਼ਮੀ ਅਤੇ ਇਕ ਹੋਰ ਵਿਅਕਤੀ ਸਮੇਤ ਚਾਰ ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਉਣਾ ਪਿਆ।

ਹਾਦਸੇ ਦੀ ਜਾਣਕਾਰੀ ਮਿਲਣ ’ਤੇ ਥਾਣਾ ਬੱਧਨੀ ਕਲਾਂ ਦੇ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਸ ਵੱਲੋਂ ਘਟਨਾ ਸਥਾਨ ਦਾ ਮੁਆਇਨਾ ਕਰਨ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਜਸਪਾਲ ਸਿੰਘ ਆਪਣੇ ਸਾਥੀਆਂ ਰਵੀ ਪ੍ਰਤਾਪ ਸਿੰਘ ਅਤੇ ਸੁਖਮੰਦਰ ਸਿੰਘ ਆਦਿ ਨਾਲ ਕਿਸੇ ਲੜਕੀ ਦਾ ਰਾਜ਼ੀਨਾਮਾ ਕਰਵਾਉਣ ਲਈ ਖੰਡੂਰ ਸਾਹਿਬ ਨੇੜੇ ਇਕ ਪਿੰਡ ਵਿਚ ਗਏ ਸਨ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਪਿੰਡ ਬੁੱਟਰ ਨੇੜੇ ਸੜਕ ’ਤੇ ਘੁੰਮ ਰਹੇ ਲਾਵਾਰਿਸ ਪਸ਼ੂਆਂ ਨੂੰ ਬਚਾਉਂਦੇ ਸਮੇਂ ਉਨ੍ਹਾਂ ਦੀ ਸਕਾਰਪੀਓ ਗੱਡੀ ਬੇਕਾਬੂ ਹੋ ਗਈ ਅਤੇ ਡਿਵਾਈਡਰ ’ਤੇ ਜਾ ਚੜ੍ਹੀ ਅਤੇ ਪਲਟ ਗਈ।

ਇਸ ਹਾਦਸੇ ਵਿਚ ਜਸਪਾਲ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਵਿਖੇ ਭੇਜਿਆ ਗਿਆ। ਇਸ ਸਬੰਧੀ ਮ੍ਰਿਤਕ ਦੇ ਭਰਾ ਹਰਪ੍ਰੀਤ ਸਿੰਘ ਦੇ ਬਿਆਨਾਂ ’ਤੇ ਅਧੀਨ ਧਾਰਾ 194 ਤਹਿਤ ਕਾਰਵਾਈ ਕਰਨ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ।


author

Gurminder Singh

Content Editor

Related News