ਸਸਤੇ ''ਚ ਡਾਲਰ ਦੇਣ ਦਾ ਲਾਲਚ ਦੇ ਕੇ ਧੋਖਾਧੜੀ, ਇਕ ਗ੍ਰਿਫਤਾਰ

7/16/2020 4:34:58 PM

ਵਡੋਦਰਾ- ਗੁਜਰਾਤ 'ਚ ਵਡੋਦਰਾ ਸ਼ਹਿਰ ਦੇ ਮਾਜਲਪੁਰ ਖੇਤਰ 'ਚ ਸਸਤੇ 'ਚ ਡਾਲਰ ਦੇਣ ਦਾ ਲਾਲਚ ਦੇ ਕੇ ਧੋਖਾਧੜੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਰਾਜਸਥਾਨ ਦੇ 2 ਵਪਾਰੀਆਂ ਨੇ ਮੰਗਲਵਾਰ ਨੂੰ ਇਕ ਮਾਮਲਾ ਦਰਜ ਕਰਵਾਇਆ ਹੈ ਕਿ ਵਡੋਦਰਾ ਦੇ 2 ਲੋਕਾਂ ਨੇ ਘੱਟ ਕੀਮਤ 'ਚ ਡਾਲਰ ਦੇਣ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਵਡੋਦਰਾ ਬੁਲਾਇਆ ਅਤੇ ਉਨ੍ਹਾਂ ਤੋਂ 2 ਲੱਖ ਰੁਪਏ ਨਕਦ ਲੈ ਕੇ ਫਰਾਰ ਹੋ ਗਏ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਦੀ ਟੀਮ ਨੇ ਉਸੇ ਦਿਨ ਦੋਸ਼ੀ ਵਿਸ਼ਾਲ ਉਰਫ਼ ਤਰੁਣ ਪਟੇਲ ਨੂੰ ਭਾਅਲੀ ਰੇਲਵੇ ਸਟੇਸ਼ਨ ਤੋਂ ਵਡੋਦਰਾ ਵੱਲ ਆਉਣ ਦੇ ਰਸਤੇ ਤੋਂ ਫੜ ਕੇ ਉਸ ਤੋਂ 32 ਹਜ਼ਾਰ ਰੁਪਏ ਨਕਦ ਸਮੇਤ 2 ਲੱਖ 62 ਹਜ਼ਾਰ ਦ ਸਾਮਾਨ ਜ਼ਬਤ ਕਰ ਲਿਆ, ਜਦੋਂ ਕਿ ਭਰੂਚ ਵਾਸੀ ਰਾਕੇਸ਼ ਉਰਫ਼ ਅਬਦੁਲਮਜੀਦ ਅਬਦੁੱਲ ਭਾਈ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ। 

ਇਹ ਦੋਸ਼ੀ ਵੱਖ-ਵੱਖ ਸੂਬਿਆਂ 'ਚ ਲੋਕਾਂ ਨੂੰ ਮੋਬਾਇਲ ਫੋਨ ਕਰ ਕੇ ਸਸਤੇ ਕੀਮਤ 'ਚ ਡਾਲਰ ਦੇਣ ਦੀ ਲਾਲਚ ਦੇ ਕੇ ਵਡੋਦਰਾ ਬੁਲਾਉਂਦੇ ਸਨ ਅਤੇ ਉਨ੍ਹਾਂ ਨੂੰ ਡਾਲਰ ਦਿੱਤੇ ਬਿਨਾਂ ਉਨ੍ਹਾਂ ਤੋਂ ਨਕਦ ਰੁਪਏ ਲੈ ਕੇ ਕਾਰ 'ਚ ਫਰਾਰ ਹੋ ਜਾਂਦੇ ਸਨ। ਇਨ੍ਹਾਂ 'ਤੇ ਸੂਰਤ ਦੇ ਅਡਾਜਣ ਥਾਣਾ ਸਮੇਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 21 ਲੱਖ 15 ਹਜ਼ਾਰ ਰੁਪਏ ਦੀ ਧੋਖਾਧੜੀ ਦੇ 11 ਮਾਮਲੇ ਦਰਜ ਹਨ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੇ ਲਾਲਚ ਵਾਲਾ ਫੋਨ ਆਏ ਤਾਂ ਸਾਵਧਾਨ ਰਹੋ ਅਤੇ ਨਜ਼ਦੀਕੀ ਦੇ ਥਾਣੇ ਜਾਂ ਪੁਲਸ ਕੰਟਰੋਲ ਰੂਮ ਨੂੰ 100 ਨੰਬਰ 'ਤੇ ਇਸ ਦੀ ਸੂਚਨਾ ਦੇਣ।


DIsha

Content Editor DIsha