ਗੋਆ ਜਾ ਰਹੀ ਰਾਜਧਾਨੀ ਐਕਸਪ੍ਰੈੱਸ ਰਤਨਾਗਿਰੀ ਨੇੜੇ ਸੁਰੰਗ ''ਚ ਪੱਟੜੀ ਤੋਂ ਉਤਰੀ, ਸਾਰੇ ਯਾਤਰੀ ਸੁਰੱਖਿਅਤ
Saturday, Jun 26, 2021 - 10:52 AM (IST)
![ਗੋਆ ਜਾ ਰਹੀ ਰਾਜਧਾਨੀ ਐਕਸਪ੍ਰੈੱਸ ਰਤਨਾਗਿਰੀ ਨੇੜੇ ਸੁਰੰਗ ''ਚ ਪੱਟੜੀ ਤੋਂ ਉਤਰੀ, ਸਾਰੇ ਯਾਤਰੀ ਸੁਰੱਖਿਅਤ](https://static.jagbani.com/multimedia/2021_6image_10_44_148235580train.jpg)
ਮੁੰਬਈ- ਰਾਸ਼ਟਰੀ ਰਾਜਧਾਨੀ ਦਿੱਲੀ ਦੇ ਹਜਰਤ ਨਿਜਾਮੁਦੀਨ ਤੋਂ ਗੋਆ ਦੇ ਮਡਗਾਂਵ ਜਾ ਰਹੀ ਰਾਜਧਾਨੀ ਐਕਸਪ੍ਰੈੱਸ ਮਹਾਰਾਸ਼ਟਰ ਜ਼ਿਲ੍ਹੇ ਦੇ ਰਤਨਾਗਿਰੀ ਕੋਲ ਇਕ ਸੁਰੰਗ 'ਚ ਸ਼ਨੀਵਾਰ ਤੜਕੇ ਪੱਟੜੀ ਤੋਂ ਉਤਰ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਮਾਰਗ 'ਤੇ ਟਰੇਨਾਂ ਦਾ ਸੰਚਾਲਨ ਕਰਨ ਵਾਲੇ ਕੋਂਕਣ ਰੇਲਵੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ ਸਾਰੇ ਸੁਰੱਖਿਅਤ ਹਨ। ਟਰੇਨ ਸੰਖਿਆ 02414 ਮਡਗਾਂਵ ਜਾ ਰਹੀ ਸੀ, ਉਹ ਉਦੋਂ ਤੜਕੇ ਕਰੀਬ ਸਵਾ 4 ਵਜੇ ਮੁੰਬਈ ਤੋਂ ਕਰੀਬ 325 ਕਿਲੋਮੀਟਰ ਦੂਰ ਕਰਬੁਡੇ ਸੁਰੰਗ 'ਚ ਪੱਟੜੀ ਤੋਂ ਉਤਰ ਗਈ। ਉਨ੍ਹਾਂ ਦੱਸਿਆ ਕਿ ਇਕ ਵੱਡਾ ਪੱਥਰ ਪੱਟੜੀਆਂ 'ਤੇ ਡਿੱਗ ਗਿਆ ਸੀ, ਜਿਸ ਕਾਰਨ ਟਰੇਨ ਪੱਟੜੀ ਤੋਂ ਉਤਰੀ।
ਅਧਿਕਾਰੀ ਨੇ ਕਿਹਾ,''ਕੋਂਕਣ ਰੇਲਵੇ ਦੇ ਰਤਨਾਗਿਰੀ ਖੇਤਰ 'ਚ ਉਕਸ਼ੀ ਅਤੇ ਭੋਕੇ ਸਟੇਸ਼ਨ ਸਥਿਤ ਕਰਬੁਡੇ ਸੁਰੰਗ 'ਚ ਰਾਜਧਾਨੀ ਸੁਪਰਫਾਸਟ ਟਰੇਨ ਦੇ ਲੋਕੋਮੋਟਿਵ ਦਾ ਅਗਲਾ ਪਹੀਆ ਪੱਟੜੀ ਤੋਂ ਉਤਰ ਗਿਆ।'' ਹਾਦਸੇ ਵਾਲੀ ਜਗ੍ਹਾ 'ਤੇ ਇਕ ਰੇਲ ਸਾਂਭ-ਸੰਭਾਲ ਵਾਹਨ (ਆਰ.ਐੱਮ.ਵੀ.) ਪਹੁੰਚ ਗਿਆਹੈ ਅਤੇ ਟਰੇਨ ਨੂੰ ਫਿਰ ਤੋਂ ਪੱਟੜੀ 'ਤੇ ਲਿਆਉਣ ਦੇ ਉਪਕਰਣ ਨਾਲ ਇਕ ਹਾਦਸਾ ਰਾਹਤ ਮੈਡੀਕਲ ਵੈਨ (ਏ.ਆਰ.ਐੱਮ.ਵੀ.) ਰਤਨਾਗਿਰੀ ਤੋਂ ਹਾਦਸੇ ਵਾਲੀ ਜਗ੍ਹਾ ਲਈ ਰਵਾਨਾ ਹੋ ਗਈ ਹੈ। ਉਨ੍ਹਾਂ ਕਿਹਾ,''ਕੋਂਕਣ ਰੇਲਵੇ ਦੇ ਅਧਿਕਾਰੀ ਵੀ ਲਾਈਨ ਸਾਫ਼ ਕਰਨ ਲਈ ਹਾਦਸੇ ਵਾਲੀ ਜਗ੍ਹਾ ਪਹੁੰਚ ਗਏ ਹਨ।'' ਮੁੰਬਈ (ਮਹਾਰਾਸ਼ਟਰ) ਕੋਲ ਰੋਹਾ ਅਤੇ ਮੈਂਗਲੋਰ (ਕਰਨਾਟਕ) ਕੋਲ ਥੋਕੁਰ ਵਿਚਾਲੇ 756 ਕਿਲੋਮੀਟਰ ਲੰਬੇ ਮਾਰਗ 'ਤੇ ਰੇਲ ਸੰਚਾਲਨ ਦੀ ਜ਼ਿੰਮੇਵਾਰੀ ਕੋਂਕਣ ਰੇਲਵੇ ਸੰਭਾਲਦੀ ਹੈ। ਇਹ ਮਾਰਗ ਤਿੰਨ ਸੂਬਿਆਂ- ਮਹਾਰਾਸ਼ਟਰ, ਗੋਆ ਅਤੇ ਕਰਨਾਟਕ 'ਚ ਫ਼ੈਲਿਆ ਹੋਇਆ ਹੈ ਅਤੇ ਇਸ ਮਾਰਗ 'ਚ ਕਈ ਨਦੀਆਂ, ਘਾਟੀਆਂ ਅਤੇ ਪਹਾੜ ਪੈਂਦੇ ਹਨ, ਜਿਸ ਕਾਰਨ ਇਹ ਚੁਣੌਤੀਪੂਰਨ ਇਲਾਕਿਆਂ 'ਚੋਂ ਇਕ ਹੈ।