ਧੀ ਦੀ ਉਮਰ ਦੀ ਕੁੜੀ ਨਾਲ 42 ਸਾਲਾ ਬੰਦੇ ਨੇ ਕਰਵਾਇਆ ਵਿਆਹ ! ਲਾੜੇ ਸਣੇ 13 ਖ਼ਿਲਾਫ਼ FIR

Thursday, May 21, 2026 - 02:26 PM (IST)

ਧੀ ਦੀ ਉਮਰ ਦੀ ਕੁੜੀ ਨਾਲ 42 ਸਾਲਾ ਬੰਦੇ ਨੇ ਕਰਵਾਇਆ ਵਿਆਹ ! ਲਾੜੇ ਸਣੇ 13 ਖ਼ਿਲਾਫ਼ FIR

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ 'ਚ ਪ੍ਰਸ਼ਾਸਨ ਦੀ ਚਿਤਾਵਨੀ ਅਣਸੁਣੀ ਕਰਦੇ ਹੋਏ 13 ਸਾਲਾ ਕੁੜੀ ਦਾ ਵਿਆਹ 42 ਸਾਲਾ ਵਿਅਕਤੀ ਨਾਲ ਕਰਵਾਏ ਜਾਣ ਦੇ ਮਾਮਲੇ 'ਚ ਪੁਲਸ ਨੇ ਲਾੜੇ, ਉਸ ਦੇ ਪਰਿਵਾਰ ਵਾਲਿਆਂ ਅਤੇ ਕੁੜੀ ਦੇ ਦਾਦਾ-ਦਾਦੀ ਸਮੇਤ 13 ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬਾਲ ਵਿਆਹ ਖ਼ਿਲਾਫ਼ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਲੋਂ ਗਠਿਤ ਉਡਣ ਦਸਤੇ ਦੇ ਇੰਚਾਰਜ ਮਹੇਂਦਰ ਪਾਠਕ ਨੇ ਦੱਸਿਆ ਕਿ ਕੁੜੀ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੇ ਦੂਜਾ ਵਿਆਹ ਕਰ ਲਿਆ ਸੀ ਅਤੇ ਕੁੜੀ ਆਪਣੇ ਭਰਾ-ਭੈਣਾਂ ਨਾਲ ਦਾਦਾ-ਦਾਦੀ ਕੋਲ ਰਹਿ ਰਹੀ ਸੀ। ਪਾਠਕ ਨੇ ਦੱਸਿਆ ਕਿ ਕੁੜੀ ਦੇ ਦਾਦੇ ਨੇ ਪੋਤੇ ਦੇ ਵਿਆਹ ਦੇ ਬਦਲੇ 26 ਅਪ੍ਰੈਲ ਨੂੰ ਆਪਣੀ 13 ਸਾਲਾ ਪੋਤੀ ਦਾ ਵਿਆਹ 42 ਸਾਲਾ ਵਿਅਕਤੀ ਨਾਲ ਕਰਵਾ ਦਿੱਤਾ। 

ਉਨ੍ਹਾਂ ਕਿਹਾ ਕਿ ਲਾੜੇ ਦੇ ਪਿਤਾ ਨੇ ਕੁੜੀ ਦੇ ਦਾਦੇ ਦੇ ਸਾਹਮਣੇ ਸ਼ਰਤ ਰੱਖੀ ਸੀ ਕਿ ਉਹ ਆਪਣੀ ਧੀ ਦਾ ਵਿਆਹ ਉਸ ਦੇ ਪੋਤੇ ਨਾਲ ਉਦੋਂ ਕਰਵਾਏਗਾ, ਜਦੋਂ ਬਦਲੇ 'ਚ ਦਾਦਾ ਆਪਣੀ 13 ਸਾਲਾ ਪੋਤੀ ਦਾ ਵਿਆਹ ਉਸ ਦੇ 42 ਸਾਲਾ ਪੁੱਤ ਨਾਲ ਕਰਵਾਏਗਾ। ਪਾਠਕ ਅਨੁਸਾਰ ਬਾਲ ਵਿਆਹ ਲਈ ਪਹਿਲਾਂ 25 ਅਪ੍ਰੈਲ ਦੀ ਤਰੀਕ ਤੈਅ ਗਈ ਸੀ ਪਰ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਮਿਲ ਗਈ ਸੀ ਅਤੇ ਲਾੜਾ-ਲਾੜੀ ਪੱਖ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦੇ ਕੇ ਉਸ ਦਿਨ ਵਿਆਹ ਰੁਕਵਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ,''ਇਸ ਚਿਤਾਵਨੀ ਦੇ ਬਾਵਜੂਦ 26 ਅਪ੍ਰੈਲ ਦੀ ਰਾਤ ਪ੍ਰਸ਼ਾਸਨ ਨੂੰ ਗੁੰਮਰਾਹ ਕਰਦੇ ਹੋਏ 13 ਸਾਲਾ ਕੁੜੀ ਨੂੰ ਇੰਦੌਰ ਤੋਂ ਉਜੈਨ ਲਿਜਾਇਆ ਗਿਆ। ਉੱਥੇ ਉਸ ਨੂੰ ਲਾੜੀ ਦੇ ਕੱਪੜੇ ਪਹਿਨਾਏ ਗਏ ਅਤੇ ਇਕ ਮੰਦਰ 'ਚ 42 ਸਾਲਾ ਵਿਅਕਤੀ ਨਾਲ ਉਸ ਦਾ ਵਿਆਹ ਕਰਵਾ ਦਿੱਤਾ ਗਿਆ।''

ਪਾਠਕ ਅਨੁਸਾਰ, ਵਿਆਹ ਤੋਂ ਬਾਅਦ ਕੁੜੀ ਦਾਦਾ-ਦਾਦੀ ਨਾਲ ਘਰ ਆ ਗ ਪਰ ਕੁਝ ਦਿਨਾਂ ਬਾਅਦ ਉਸ 'ਤੇ ਸਹੁਰੇ ਜਾਣ ਦਾ ਦਬਾਅ ਬਣਾਇਆ ਗਿਆ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ। ਇਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਬਾਲ ਵਿਆਹ ਦਾ ਮਾਮਲਾ ਸਾਹਮਣੇ ਆਇਆ। ਉਨ੍ਹਾਂ ਦੱਸਿਆ ਕਿ ਲਾੜਾ, ਉਸ ਦੇ ਪਰਿਵਾਰ ਵਾਲਿਆਂ ਅਤੇ ਕੁੜੀ ਦੇ ਦਾਦਾ-ਦਾਦੀ ਸਮੇਤ 13 ਲੋਕਾਂ ਖ਼ਿਲਾਫ਼ ਬਾਲ ਵਿਆਹ ਰੋਕੂ ਐਕਟ 2006 ਦੇ ਅਧੀਨ ਬੁੱਧਵਾਰ ਰਾਤ ਐੱਫਆਈਆਰ ਦਰਜ ਕੀਤੀ। ਪਾਠਕ ਨੇ ਕਿਹਾ ਕਿ ਕੁੜੀ ਦੇ ਬਾਲ ਵਿਆਹ ਲਈ ਉਸ ਦੀ ਫਰਜ਼ੀ ਮਾਰਕਸ਼ੀਟ ਵੀ ਤਿਆਰ ਕੀਤੀ ਗਈ ਸੀ ਅਤੇ ਇਸ ਸੰਬੰਧ 'ਚ ਪ੍ਰਸ਼ਾਸਨ ਦੀ ਜਾਂਚ ਜਾਰੀ ਹੈ। ਦੇਸ਼ 'ਚ 21 ਸਾਲ ਤੋਂ ਘੱਟ ਉਮਰ ਦੇ ਮੁੰਡੇ ਅਤੇ 18 ਸਾਲ ਤੋਂ ਘੱਟ ਉਮਰ ਦੀ ਕੁੜੀ ਬਾਲ ਵਿਆਹ ਦੀ ਸ਼੍ਰੇਣੀ 'ਚ ਆਉਂਦੀ ਹੈ। ਬਾਲ ਵਿਆਹ ਰੋਕੂ ਐਕਟ 2006 ਦੇ ਅਧੀਨ ਦੋਸ਼ੀ ਨੂੰ 2 ਸਾਲ ਦੀ ਕੈਦ, ਇਕ ਲੱਖ ਰੁਪਏ ਤੱਕ ਦੇ ਜੁਰਮਾਨੇ ਜਾਂ ਦੋਵਾਂ ਸਜ਼ਾਵਾਂ ਦੀ ਵਿਵਸਥਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News