ਲੱਖਾਂ ਖ਼ਰਚ 2 ਭਰਾਵਾਂ ਨੇ ਕਰਵਾਇਆ ਵਿਆਹ ! ਹਫ਼ਤੇ ਬਾਅਦ ਹੀ ਲਾੜੀਆਂ ਨੂੰ ਚੱਕ ਕੇ ਲੈ ਗਏ ਲੁਟੇਰੇ
Sunday, May 10, 2026 - 04:50 PM (IST)
ਝੁੰਝੁਨੂ- ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ 'ਚ ਠੱਗੀ ਅਤੇ ਅਗਵਾ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਭਰਾਵਾਂ ਨਾਲ ਵਿਆਹ ਦੇ ਨਾਮ 'ਤੇ 8 ਲੱਖ ਰੁਪਏ ਦੀ ਠੱਗੀ ਮਾਰੀ ਗਈ। ਮਿਲੀ ਜਾਣਕਾਰੀ ਅਨੁਸਾਰ, ਵਿਆਹ ਤੋਂ ਮਹਿਜ਼ 7 ਦਿਨਾਂ ਬਾਅਦ ਹੀ ਹਥਿਆਰਬੰਦ ਬਦਮਾਸ਼ ਦੋਵੇਂ ਲਾੜੀਆਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ। ਪੁਲਸ ਨੇ ਇਸ ਮਾਮਲੇ 'ਚ ਦੋ ਵਿਚੋਲਣਾਂ ਅਤੇ ਹੋਰ ਬਦਮਾਸ਼ਾਂ ਖ਼ਿਲਾਫ਼ ਗੁੜ੍ਹਾਗੌੜਜੀ ਥਾਣੇ 'ਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੇਵਰੀ ਨਿਵਾਸੀ ਅਮਿਤ ਸੁਆਮੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਮਾਮੇ ਦੀ ਕੁੜੀ, ਜੋ ਹਿਸਾਰ ਵਿੱਚ ਰਹਿੰਦੀ ਹੈ, ਰਾਹੀਂ ਉਸ ਦਾ ਸੰਪਰਕ ਹਿਸਾਰ ਦੀਆਂ 2 ਵਿਚੋਲਣਾਂ ਨਾਲ ਹੋਇਆ ਸੀ। ਉਨ੍ਹਾਂ ਔਰਤਾਂ ਨੇ ਪੰਜਾਬ ਦੇ ਫਿਰੋਜ਼ਪੁਰ ਦੇ ਗਰੀਬ ਪਰਿਵਾਰਾਂ ਦੀਆਂ ਦੋ ਕੁੜੀਆਂ ਦਾ ਰਿਸ਼ਤਾ ਕਰਵਾਉਣ ਦੀ ਗੱਲ ਕਹੀ ਅਤੇ ਇਸ ਦੇ ਬਦਲੇ 8 ਲੱਖ ਰੁਪਏ ਲਏ। 27 ਅਪ੍ਰੈਲ ਨੂੰ ਫਿਰੋਜ਼ਪੁਰ ਦੇ ਇਕ ਗੁਰਦੁਆਰੇ 'ਚ ਦੋਵਾਂ ਭਰਾਵਾਂ ਦਾ ਵਿਆਹ ਕਰਵਾਇਆ ਗਿਆ ਸੀ।
ਪੀੜਤ ਪਰਿਵਾਰ ਅਨੁਸਾਰ, 7 ਮਈ ਨੂੰ ਖੇਤੜੀ 'ਚ ਕੋਰਟ ਮੈਰਿਜ ਅਤੇ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਜਦੋਂ ਉਹ ਘਰ ਪਹੁੰਚੇ, ਤਾਂ ਕੁਝ ਦੇਰ ਬਾਅਦ ਹੀ 2 ਗੱਡੀਆਂ 'ਚ ਸਵਾਰ 8 ਤੋਂ 10 ਹਥਿਆਰਬੰਦ ਬਦਮਾਸ਼ ਉੱਥੇ ਪਹੁੰਚ ਗਏ। ਬਦਮਾਸ਼ਾਂ ਕੋਲ ਤਲਵਾਰਾਂ ਅਤੇ ਪਿਸਤੌਲ ਸਨ। ਉਨ੍ਹਾਂ ਨੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਦੋਵੇਂ ਲਾੜੀਆਂ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਬਦਮਾਸ਼ ਜਾਂਦੇ ਸਮੇਂ ਘਰ 'ਚ ਰੱਖੀ ਕਰੀਬ 5 ਲੱਖ ਰੁਪਏ ਦੀ ਨਕਦੀ ਅਤੇ 10 ਤੋਲੇ ਸੋਨੇ-ਚਾਂਦੀ ਦੇ ਗਹਿਣੇ ਵੀ ਲੁੱਟ ਕੇ ਲੈ ਗਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਡੇਢ ਮਹੀਨੇ ਤੋਂ ਵਿਆਹ ਦੀ ਗੱਲਬਾਤ ਚੱਲ ਰਹੀ ਸੀ ਅਤੇ ਪੂਰਾ ਭਰੋਸਾ ਜਿੱਤਣ ਤੋਂ ਬਾਅਦ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਹੈ। ਪਰਿਵਾਰ ਹੁਣ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਫਿਲਹਾਲ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
