ਲੁਧਿਆਣਾ ਦੇ ਕਾਰੋਬਾਰੀ ਪਰਿਵਾਰ ''ਤੇ ਨੂੰਹ ਨੇ ਲਾਏ ਬੇਹੱਦ ਸੰਗੀਨ ਦੋਸ਼
Monday, May 11, 2026 - 06:42 PM (IST)
ਲੁਧਿਆਣਾ (ਰਾਜ): ਸ਼ਹਿਰ ਦੇ ਮਸ਼ਹੂਰ 'ਚੈਂਪੀਅਨ ਬਿਸਕੁਟ' ਕਾਰੋਬਾਰੀ ਪਰਿਵਾਰ 'ਤੇ ਉਨ੍ਹਾਂ ਦੀ ਹੀ ਨੂੰਹ ਨੇ ਦਾਜ ਮੰਗਣ, ਕੁੱਟਮਾਰ ਅਤੇ ਤਾਂਤਰਿਕ ਕਿਰਿਆਵਾਂ ਵਰਗੇ ਰੂਹ ਕੰਬਾਊ ਦੋਸ਼ ਲਗਾਏ। ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੇ ਪੁਲਸ ਕਮਿਸ਼ਨਰ ਦੇ ਸਖ਼ਤ ਹੁਕਮਾਂ 'ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਪਤੀ ਦਾਮਿਨੀ ਗੁਪਤਾ, ਸੱਸ ਅਮਿਤਾ ਗੁਪਤਾ ਅਤੇ ਸਹੁਰਾ ਸੰਜੇ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ਼ਿਕਾਇਤਕਰਤਾ ਯਾਮਿਨੀ, ਜੋ ਚੰਡੀਗੜ੍ਹ ਰੋਡ ਦੇ ਸੈਕਟਰ-32ਏ ਦੀ ਰਹਿਣ ਵਾਲੀ ਹੈ, ਨੇ ਸਹੁਰਾ ਪੱਖ 'ਤੇ ਨਾ ਸਿਰਫ਼ ਧੋਖਾਧੜੀ ਬਲਕਿ ਅਸ਼ਲੀਲ ਹਰਕਤਾਂ ਅਤੇ 'ਬਲੈਕ ਮੈਜਿਕ' (ਕਾਲਾ ਜਾਦੂ) ਦੇ ਵੀ ਸੰਗੀਨ ਇਲਜ਼ਾਮ ਲਗਾਏ ਹਨ। ਪੀੜਤਾ ਯਾਮਿਨੀ ਮੁਤਾਬਕ, ਉਸ ਦਾ ਵਿਆਹ 6 ਫਰਵਰੀ 2025 ਨੂੰ ਦੁਗਰੀ ਨਿਵਾਸੀ ਦਾਮਿਨੀ ਗੁਪਤਾ ਨਾਲ ਹੋਇਆ ਸੀ। ਵਿਆਹ ਤੋਂ ਪਹਿਲਾਂ ਲੜਕੇ ਵਾਲਿਆਂ ਨੇ ਖੁਦ ਨੂੰ ਕਰੋੜਾਂ ਦਾ ਮਾਲਕ ਅਤੇ ਦਾਮਿਨੀ ਨੂੰ ਉੱਚ ਸਿੱਖਿਅਤ ਬਿਜ਼ਨਸਮੈਨ ਦੱਸ ਕੇ ਫਰਜ਼ੀ ਡਿਗਰੀ ਸਰਟੀਫਿਕੇਟ ਦਿਖਾਏ ਸਨ। ਪਰ ਸੁਹਾਗਰਾਤ ਤੋਂ ਬਾਅਦ ਜਦੋਂ ਹਕੀਕਤ ਸਾਹਮਣੇ ਆਈ ਤਾਂ ਯਾਮਿਨੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਤਾ ਲੱਗਾ ਕਿ ਕਰੋੜਾਂ ਦਾ ਟਰਨਓਵਰ ਦਿਖਾਉਣ ਵਾਲਾ ਪਤੀ ਸਿਰਫ਼ 12ਵੀਂ ਪਾਸ ਹੈ ਅਤੇ ਨਸ਼ੇ ਦਾ ਬੁਰੀ ਤਰ੍ਹਾਂ ਆਦੀ ਹੈ। ਵਿਆਹ ਦੇ ਕੁਝ ਦਿਨ ਬਾਅਦ ਹੀ ਸਹੁਰੇ ਪਰਿਵਾਰ ਦਾ ਅਸਲੀ ਚਿਹਰਾ ਸਾਹਮਣੇ ਆਉਣ ਲੱਗਾ ਅਤੇ ਕਰੋੜਾਂ ਰੁਪਏ ਖਰਚ ਕਰਵਾਉਣ ਦੇ ਬਾਵਜੂਦ ਉਨ੍ਹਾਂ ਦੀ ਲਾਲਚ ਦੀ ਭੁੱਖ ਸ਼ਾਂਤ ਨਹੀਂ ਹੋਈ।
ਹੈਰਾਨੀਜਨਕ ਖੁਲਾਸਾ ਕਰਦੇ ਹੋਏ ਪੀੜਤਾ ਨੇ ਦੱਸਿਆ ਕਿ ਪੂਰਾ ਪਰਿਵਾਰ ਇਕ ਸਵੈ-ਘੋਸ਼ਿਤ ਬਾਬੇ ਦੇ ਚੁੰਗਲ ਵਿਚ ਸੀ। ਘਰ ਵਿਚ ਅਕਸਰ ਝਾੜ-ਫੂਕ ਅਤੇ ਕਾਲਾ ਜਾਦੂ ਕੀਤਾ ਜਾਂਦਾ ਸੀ। ਯਾਮਿਨੀ 'ਤੇ ਦਬਾਅ ਬਣਾਇਆ ਜਾਂਦਾ ਸੀ ਕਿ ਉਹ ਉਸ ਕਥਿਤ ਬਾਬੇ ਦੀ ਪੂਜਾ ਕਰੇ ਅਤੇ ਉਸ ਦੇ ਦਿੱਤੇ ਹੋਏ ਪਾਊਡਰ ਅਤੇ ਦਵਾਈਆਂ ਖਾਵੇ। ਜਦੋਂ ਉਸ ਨੇ ਇਸ ਅੰਧਵਿਸ਼ਵਾਸ ਦਾ ਵਿਰੋਧ ਕੀਤਾ, ਤਾਂ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਦੋਸ਼ ਹੈ ਕਿ ਮਈ 2025 ਵਿਚ ਮੁਲਜ਼ਮਾਂ ਨੇ 60 ਲੱਖ ਰੁਪਏ ਅਤੇ ਨਵੀਂ ਕਾਰ ਦੀ ਮੰਗ ਨੂੰ ਲੈ ਕੇ ਉਸ ਨੂੰ ਪ੍ਰੇਸ਼ਾਨ ਕੀਤਾ ਤੇ ਕਥਿਤ ਬਾਬੇ ਨੇ ਉਸ ਨਾਲ ਅਸ਼ਲੀਲ ਹਰਕਤਾਂ ਵੀ ਕੀਤੀਆਂ। ਕਿਸੇ ਤਰ੍ਹਾਂ ਸਹੁਰੇ ਦੇ ਚੁੰਗਲ ਵਿਚੋਂ ਨਿਕਲ ਕੇ ਪੇਕੇ ਪਹੁੰਚੀ ਪੀੜਤਾ ਨੇ ਇਨਸਾਫ਼ ਦੀ ਗੁਹਾਰ ਲਗਾਈ। ਦੋਸ਼ ਹੈ ਕਿ ਸਹੁਰੇ ਪਰਿਵਾਰ ਨੇ ਨਾ ਸਿਰਫ਼ ਉਸ ਦੇ ਗਹਿਣੇ ਹੜੱਪ ਲਏ, ਸਗੋਂ ਸਬੂਤ ਮਿਟਾਉਣ ਲਈ ਵਿਆਹ ਦੀਆਂ ਫੋਟੋਆਂ ਅਤੇ ਵੀਡੀਓ ਤੱਕ ਡਿਲੀਟ ਕਰਵਾ ਦਿੱਤੀਆਂ। ਫਿਲਹਾਲ ਪੁਲਸ ਨੇ ਮੁੱਖ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਮਾਮਲੇ ਵਿੱਚ ਨਾਮਜ਼ਦ ਹੋਰ ਫਰਾਰ ਮੁਲਜ਼ਮਾਂ ਅਤੇ ਉਸ 'ਪਾਖੰਡੀ ਬਾਬੇ' ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
