ਜ਼ਮੀਨ ਦੇ ਸੌਦੇ ’ਚ ਮਾਰੀ 2 ਕਰੋੜ 20 ਲੱਖ ਦੀ ਠੱਗੀ
Thursday, May 07, 2026 - 03:01 PM (IST)
ਫਿਰੋਜ਼ਪੁਰ (ਪਰਮਜੀਤ, ਕੁਮਾਰ, ਖੁੱਲਰ, ਆਨੰਦ, ਮਲਹੋਤਰਾ) : ਤਲਵੰਡੀ ਭਾਈ ਪੁਲਸ ਨੇ ਜ਼ਮੀਨ ਦੇ ਸੌਦੇ ਦੇ ਨਾਂ ’ਤੇ 2 ਕਰੋੜ 20 ਲੱਖ ਰੁਪਏ ਦੀ ਵੱਡੀ ਠੱਗੀ ਮਾਰਨ ਦੇ ਦੋਸ਼ ਹੇਠ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਨੇ ਕਥਿਤ ਤੌਰ ’ਤੇ ਮਿਲੀ-ਭੁਗਤ ਕਰਕੇ ਇੱਕੋ ਜ਼ਮੀਨ ਦੇ ਵੱਖ-ਵੱਖ ਖ਼ਰੀਦਦਾਰਾਂ ਨਾਲ ਬਿਆਨੇ ਕਰਕੇ ਭਾਰੀ ਰਕਮ ਹੜੱਪ ਲਈ, ਜਿਸ ਤੋਂ ਬਾਅਦ ਪੁਲਸ ਨੇ ਕਾਨੂੰਨੀ ਰਾਏ ਲੈ ਕੇ ਇਹ ਸਖ਼ਤ ਕਾਰਵਾਈ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਲਜਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਫਿਰੋਜ਼ਪੁਰ, ਸੁੱਚਾ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਟਿੱਬੀ ਕਲਾਂ ਅਤੇ ਗੁਰਪ੍ਰੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਤਰਿੱਡਾ ਵੱਲੋਂ ਇਕ ਦਰਖ਼ਾਸਤ ਯੂ. ਆਈ. ਡੀ. ਨੰਬਰ 576254, ਮਿਤੀ 18 ਅਪ੍ਰੈਲ 2025 ਦਿੱਤੀ ਗਈ ਸੀ।
ਸ਼ਿਕਾਇਤਕਰਤਾਵਾਂ ਨੇ ਦੋਸ਼ ਲਾਇਆ ਕਿ ਉਤਰਵਾਦੀਆਂ ਸੁਖਜੀਤ ਕੌਰ ਪਤਨੀ ਜਸਵਿੰਦਰ ਸਿੰਘ, ਹਰਭਗਵਾਨ ਸਿੰਘ ਪੁੱਤਰ ਗੁਰਬਚਨ ਸਿੰਘ, ਜਸਵਿੰਦਰ ਸਿੰਘ ਉਰਫ਼ ਜੱਜਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ, ਸੁਖਮੰਦਰ ਸਿੰਘ ਪੁੱਤਰ ਗੁਰਚਰਨ ਸਿੰਘ, ਅਰਪਿੰਦਰ ਕੌਰ ਉਰਕ ਰੁਪਿੰਦਰ ਕੌਰ ਪਤਨੀ ਸਹਿਦੇਵ ਸਿੰਘ, ਸਹਿਦੇਵ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀਅਨ ਨੇੜੇ ਗੁਰਦੁਆਰਾ ਲੰਗਰ ਸਾਹਿਬ ਤਲਵੰਡੀ ਭਾਈ, ਜਗਦੀਸ਼ ਕੌਰ ਪਤਨੀ ਦਵਿੰਦਰ ਸਿੰਘ ਬਰਾੜ ਵਾਸੀ ਢਿੱਲਵਾਂ ਕਲਾਂ ਜ਼ਿਲ੍ਹਾ ਫਰੀਦਕੋਟ, ਪ੍ਰਿਤਪਾਲ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਕਲਗੀਧਰ ਨਗਰ ਮਕਾਨ ਨੰਬਰ 128/70 ਨੇੜੇ ਗਲੀ ਨੰਬਰ 03 ਬਠਿੰਡਾ ਅਤੇ ਹਰਦੀਪ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ ਨੇ ਹਮਮਸ਼ਵਰਾ ਹੋ ਕੇ ਧੋਖਾਦੇਹੀ ਦੀ ਨੀਅਤ ਨਾਲ ਇਕੋ ਜ਼ਮੀਨ ਦੇ ਵੱਖ-ਵੱਖ ਬਿਆਨੇ ਉਨ੍ਹਾਂ ਨਾਲ ਕਰ ਦਿੱਤੇ ਅਤੇ ਕਰੋੜਾਂ ਰੁਪਏ ਦੀ ਠੱਗੀ ਮਾਰੀ।
ਇਸ ਮਾਮਲੇ ਦੀ ਜਾਂਚ ਤੋਂ ਬਾਅਦ ਡਿਪਟੀ ਡੀ. ਏ. ਲੀਗਲ ਕੋਲੋਂ ਕਾਨੂੰਨੀ ਰਾਏ ਲਈ ਗਈ। ਰਾਏ ’ਚ ਪਾਇਆ ਗਿਆ ਕਿ ਮੁਲਜ਼ਮਾਂ ਨੇ ਜਾਣਬੁੱਝ ਕੇ ਧੋਖਾਦੇਹੀ ਕੀਤੀ ਹੈ, ਜਿਸ ਕਾਰਨ ਧਾਰਾ 420 ਅਤੇ 120-ਬੀ ਆਈ. ਪੀ. ਸੀ. ਤਹਿਤ ਜੁਰਮ ਬਣਦਾ ਹੈ। ਐੱਸ. ਐੱਸ. ਪੀ. ਫਿਰੋਜ਼ਪੁਰ ਵੱਲੋਂ ਮਨਜ਼ੂਰੀ ਮਿਲਣ ਉਪਰੰਤ ਥਾਣਾ ਤਲਵੰਡੀ ਭਾਈ ਵਿਖੇ 6 ਮਈ 2026 ਨੂੰ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਗੇ ਦੀ ਜਾਂਚ ਅਜੇ ਜਾਰੀ ਹੈ।
