ਯੂਪੀ ਦੇ ਨਾਬਾਲਗ ਦਾ ਕਸ਼ਮੀਰ ''ਚ ਕਥਿਤ ਧਰਮ ਪਰਿਵਰਤਨ, FIR ਦਰਜ
Tuesday, May 19, 2026 - 03:46 PM (IST)
ਬਿਜਨੌਰ (ਏਜੰਸੀ) : ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਕੁਪਵਾੜਾ ਵਿੱਚ ਇੱਕ ਨਾਬਾਲਗ ਹਿੰਦੂ ਮੁੰਡੇ ਦੇ ਕਥਿਤ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਰਹਿਣ ਵਾਲੇ ਵਿਸ਼ਾਲ ਵਜੋਂ ਹੋਈ ਹੈ। ਕੁਪਵਾੜਾ ਪੁਲਸ ਨੇ ਇਸ ਸਬੰਧੀ FIR ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਸ ਨੇ ਆਮ ਜਨਤਾ ਨੂੰ ਅਫਵਾਹਾਂ ਨਾ ਫੈਲਾਉਣ ਅਤੇ ਫਿਰਕੂ ਸਦਭਾਵਨਾ ਨੂੰ ਬਣਾਈ ਰੱਖਣ ਵਿੱਚ ਸਹਿਯੋਗ ਦੇਣ।
ਪੀੜਤ ਨਾਬਾਲਗ ਦੇ ਪਿਤਾ ਕ੍ਰਿਸ਼ਨ ਕੁਮਾਰ, ਜੋ ਬਿਜਨੌਰ ਦੇ ਬਹਾਦਰਪੁਰ ਪਿੰਡ ਦੇ ਰਹਿਣ ਵਾਲੇ ਹਨ, ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦਾ ਪੁੱਤਰ ਵਿਸ਼ਾਲ ਕੁਝ ਸਾਲ ਪਹਿਲਾਂ ਕਾਜ਼ੀਪਾੜਾ ਦੇ ਰਹਿਣ ਵਾਲੇ ਵਸੀਮ ਨਾਲ ਬਾਰਬਰ (ਨਾਈ) ਦਾ ਕੰਮ ਸਿੱਖਣ ਲਈ ਜੰਮੂ-ਕਸ਼ਮੀਰ ਦੇ ਕੁਪਵਾੜਾ ਗਿਆ ਸੀ। ਪਿਤਾ ਅਨੁਸਾਰ, ਵਸੀਮ ਨੇ ਪਰਿਵਾਰ ਦਾ ਭਰੋਸਾ ਜਿੱਤਿਆ ਹੋਇਆ ਸੀ ਅਤੇ ਉਹ ਪਿਛਲੇ 3-4 ਸਾਲਾਂ ਦੌਰਾਨ ਸਮੇਂ-ਸਮੇਂ 'ਤੇ ਉਨ੍ਹਾਂ ਦੇ ਘਰ ਵੀ ਆਉਂਦਾ ਰਿਹਾ ਅਤੇ ਪੈਸੇ ਵੀ ਦਿੰਦਾ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਕਦੇ ਕੋਈ ਸ਼ੱਕ ਨਹੀਂ ਹੋਇਆ।
ਇਸ ਪੂਰੇ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ 15 ਮਈ ਨੂੰ ਨਾਬਾਲਗ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਸਨੇ ਦੱਸਿਆ ਕਿ ਉਸਨੇ ਇਸਲਾਮ ਧਰਮ ਅਪਣਾ ਲਿਆ ਹੈ। ਵੀਡੀਓ ਦੇਖਣ ਤੋਂ ਬਾਅਦ ਪਰਿਵਾਰ ਨੇ ਤੁਰੰਤ ਪੁਲਸ ਪ੍ਰਸ਼ਾਸਨ ਕੋਲ ਪਹੁੰਚ ਕੀਤੀ। ਪਿਤਾ ਨੇ ਦੱਸਿਆ ਕਿ ਉਸਦੇ ਪੁੱਤਰ ਦੀ ਉਮਰ 17 ਸਾਲ 4 ਮਹੀਨੇ ਹੈ ਅਤੇ ਉਸਦਾ ਗੈਰ-ਕਾਨੂੰਨੀ ਤਰੀਕੇ ਨਾਲ ਧਰਮ ਪਰਿਵਰਤਨ ਕਰਵਾਇਆ ਗਿਆ ਹੈ।
