ਭਵਿੱਖ ਦੇ ਸਮੌਗ ਟਾਵਰ ਘੱਟ ਤੋਂ ਘੱਟ ਤਿੰਨ ਗੁਣਾ ਸਸਤੇ ਹੋਣਗੇ: ਮਾਹਰ

Wednesday, Sep 22, 2021 - 08:52 PM (IST)

ਨਵੀਂ ਦਿੱਲੀ - ਵਾਤਾਵਰਣ ਵਿਭਾਗ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਭਵਿੱਖ ਵਿਚ ਦਿੱਲੀ ਵਿੱਚ ਬਣਨ ਵਾਲੇ ਸਮੌਗ ਟਾਵਰ ਕਨਾਟ ਪਲੇਸ ਸਥਿਤ ਸਮੌਗ ਟਾਵਰ ਦੇ ਮੁਕਾਬਲੇ ਘੱਟ ਤੋਂ ਘੱਟ ਤਿੰਨ ਗੁਣਾ ਸਸਤੇ ਹੋਣਗੇ। ਮੱਧ ਦਿੱਲੀ ਵਿੱਚ 20 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ, ਏਅਰ ਪਿਊਰੀਫਾਇਰ ਦੇ ਪ੍ਰਭਾਵ ਦਾ ਅਧਿਐਨ ਕਰਨ ਲਈ ਆਈ.ਆਈ.ਟੀ. ਬਾਂਬੇ ਅਤੇ ਆਈ.ਆਈ.ਟੀ. ਦਿੱਲੀ ਦੇ ਛੇ ਮਾਹਰਾਂ ਦੀ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ, ਹੋਰ ਗੱਲਾਂ ਤੋਂ ਇਲਾਵਾ, ਦੋ ਸਾਲ ਦਾ ਅਧਿਐਨ, ਕਿਫਾਇਤੀ ਸਵਦੇਸ਼ੀ ਸਮੌਗ ਟਾਵਰ ਲਈ ਡਿਜ਼ਾਈਨ ਮਾਪਦੰਡਾਂ ਨੂੰ ਵਿਕਸਿਤ ਕਰਨ 'ਤੇ ਕੇਂਦਰਿਤ ਹੋਵੇਗਾ। ਇੱਕ ਅਧਿਕਾਰੀ ਨੇ ਕਿਹਾ ਕਿ ਮਾਹਰ ਘੱਟ ਤੋਂ ਘੱਟ ਲਾਗਤ 'ਤੇ ਵਧੀਆ ਨਤੀਜਿਆਂ ਲਈ ਪ੍ਰਭਾਵ ਖੇਤਰ ਅਤੇ ਪੱਖੇ ਦੀ ਗਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ।  

ਉਨ੍ਹਾਂ ਕਿਹਾ, ‘‘ਅਧਿਐਨ ਸੰਰਚਨਾ ਦੇ ਸਰੂਪ ਨੂੰ ਘੱਟ ਕਰਨ, ਊਰਜਾ ਖਪਤ ਘਟਾਉਣ ਅਤੇ ਘੱਟ ਲਾਗਤ ਵਾਲੇ ਸਵਦੇਸ਼ੀ ਫਿਲਟਰ ਲਈ ਡਿਜ਼ਾਈਨ ਮਾਨਕਾਂ ਅਤੇ ਵਿਸ਼ੇਸ਼ਤਾਵਾਂ ਨੂੰ ਵਿਕਸਿਤ ਕਰਨ 'ਤੇ ਵੀ ਧਿਆਨ ਕੇਂਦਰਿਤ ਕਰੇਗਾ। ਅਮਰੀਕਾ ਤੋਂ ਆਯਾਤ ਕੀਤੇ ਫਿਲਟਰ ਸੱਚਮੁੱਚ ਮਹਿੰਗੇ ਹਨ। ਅਧਿਕਾਰੀ ਨੇ ਕਿਹਾ, ‘‘ਆਈ.ਆਈ.ਟੀ. ਦੇ ਮਾਹਰਾਂ ਦੇ ਅਨੁਸਾਰ, ਇਸ ਸਮੌਗ ਟਾਵਰ ਦਾ ਭਾਰਤੀ ਵਰਜ਼ਨ ਘੱਟ ਤੋਂ ਘੱਟ ਤਿੰਨ ਗੁਣਾ ਸਸਤਾ ਹੋਵੇਗਾ। ਬਾਬਾ ਖੜਕ ਸਿੰਘ ਮਾਰਗ 'ਤੇ ਬਣਾਏ ਗਏ ਸਮੌਗ ਟਾਵਰ ਵਿੱਚ 5,000 ਮੋਟੇ ਫਿਲਟਰ ਅਤੇ ਇਨ੍ਹੇ ਹੀ ਬਰੀਕ ਫਿਲਟਰ ਹਨ ਜੋ 0.3 ਮਾਈਕਰੋਨ ਤੱਕ ਦੇ ਛੋਟੇ ਕਣਾਂ ਨੂੰ ਫੜ ਸਕਦੇ ਹਨ।  ਇੱਕ ਹੋਰ ਅਧਿਕਾਰੀ ਨੇ ਕਿਹਾ, ‘‘ਇਸ ਪ੍ਰਕਾਰ, ਇਹ ਪੀ.ਐੱਮ 2.5 ਤੋਂ ਛੋਟੇ ਕਣਾਂ ਦੀ ਸਾਂਦਰਤਾ ਦਾ ਵੀ ਪਤਾ ਲਗਾ ਸਕਦਾ ਹੈ।”

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 23 ਅਗਸਤ ਨੂੰ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਸਮੌਗ ਟਾਵਰ ਦਾ ਉਦਘਾਟਨ ਕੀਤਾ ਸੀ। ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਇਹ ਸਮੌਗ ਟਾਵਰ ਇੱਕ ਅਕਤੂਬਰ ਤੋਂ ਪੂਰੀ ਸਮਰੱਥਾ ਨਾਲ ਕੰਮ ਕਰੇਗਾ। ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਨੂੰ ਪਹਿਲੀ ਵਾਰ ਏਅਰ ਪਿਊਰੀਫਾਇਰ ਨੂੰ ਲਗਾਤਾਰ 24 ਘੰਟੇ ਸੰਚਾਲਿਤ ਕੀਤਾ ਗਿਆ। ਇੱਕ ਅਧਿਕਾਰੀ ਨੇ ਕਿਹਾ, ‘‘ਅਸੀਂ ਪਾਇਆ ਕਿ ਪ੍ਰਤੀ ਘੰਟਾ ਪੀ.ਐੱਮ. 2.5 ਦਾ ਪੱਧਰ 34 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੋਂ ਘੱਟ ਕੇ 4 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਅਤੇ ਪੀ.ਐੱਮ. 10 ਦਾ ਪੱਧਰ 44 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਘੱਟ ਕੇ 6 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਹੋ ਗਿਆ ਹੈ। ਸਮੌਗ ਟਾਵਰ ਸੰਰਚਨਾ ਦੇ ਚਾਰੇ ਪਾਸੇ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਲੱਗਭੱਗ 1,000 ਕਿਊਬਿਕ ਮੀਟਰ ਪ੍ਰਤੀ ਸਕਿੰਟ ਦੀ ਦਰ ਨਾਲ ਹਵਾ ਨੂੰ ਸ਼ੁੱਧ ਕਰ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News