ਪੰਜਾਬ ''ਚ RTB ਐਕਟ 2.0 ਦੀ ਸ਼ੁਰੂਆਤ! ਜਾਣੋ ਕੀ ਹੋਣਗੇ ਬਦਲਾਅ

Sunday, Nov 23, 2025 - 11:30 AM (IST)

ਪੰਜਾਬ ''ਚ RTB ਐਕਟ 2.0 ਦੀ ਸ਼ੁਰੂਆਤ! ਜਾਣੋ ਕੀ ਹੋਣਗੇ ਬਦਲਾਅ

ਚੰਡੀਗੜ੍ਹ (ਵਿਸ਼ੇਸ਼)- ‘ਆਪ’ ਆਗੂ ਅਤੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਨੇ ਉਦਯੋਗਿਕ ਸੁਧਾਰਾਂ ਦੇ ਆਪਣੇ ਸਫਰ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕਰਦੇ ਹੋਏ ਫਾਸਟ ਟ੍ਰੈਕ ਪੰਜਾਬ ਪੋਰਟਲ ਦੇ ਫੇਜ਼-2 ਦੀ ਸ਼ੁਰੂਆਤ ਕੀਤੀ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਅਪਗ੍ਰੇਡ ਕੀਤੇ ਗਏ ਸਿੰਗਲ-ਵਿੰਡੋ ਸਿਸਟਮ ਵਿਚ ਹੁਣ 15 ਅਹਿਮ ਵਿਭਾਗਾਂ ਵੱਲੋਂ 173 ਸਰਕਾਰੀ ਬਿਜ਼ਨੈੱਸ (ਜੀ2ਬੀ) ਸੇਵਾਵਾਂ ਉਪਲਬਧ ਹੋਣਗੀਆਂ, ਜੋ ਤੇਜ਼ ਮਨਜ਼ੂਰੀਆਂ, ਡਿਜੀਟਲ ਟ੍ਰੈਕਿੰਗ, ਆਟੋ-ਡੀਮਡ ਕਲੀਅਰੈਂਸ ਅਤੇ ਵੱਧ ਪਾਰਦਰਸ਼ਤਾ ਯਕੀਨੀ ਬਣਾਉਣਗੀਆਂ ਅਤੇ ਸੂਬੇ ਵਿਚ ਈਜ਼ ਆਫ ਡੂਇੰਗ ਬਿਜ਼ਨੈੱਸ ਨੂੰ ਹੋਰ ਮਜ਼ਬੂਤ ਕਰਨਗੀਆਂ।

ਉਨ੍ਹਾਂ ਨੇ ਦੱਸਿਆ ਕਿ ਫੇਜ਼-2 ਦੀ ਇਕ ਵੱਡੀ ਉਪਲਬਧੀ ਪੈਨ ਆਧਾਰਿਤ ਸਿੰਗਲ ਬਿਜ਼ਨੈੱਸ ਆਈਡੈਂਟੀਫਾਇਰ ਦੀ ਸ਼ੁਰੂਆਤ ਹੈ, ਜੋ ਸਾਰੀਆਂ ਚੀਜ਼ਾਂ ਦੀ ਪੁਸ਼ਟੀ ਕਰਨ, ਪ੍ਰੋਤਸਾਹਨ, ਇੰਸਪੈਕਸ਼ਨ ਅਤੇ ਕੰਪਲਾਇੰਸ ਨੂੰ ਇਕ ਇਕੱਠੀ ਡਿਜੀਟਲ ਪਛਾਣ ਹੇਠ ਜੋੜੇਗਾ। ਨਵੀਂ ਸ਼ਾਮਲ ਕੀਤੀ ਈ-ਵਾਲੇਟ ਸਹੂਲਤ ਨਿਵੇਸ਼ਕਾਂ ਨੂੰ ਦਸਤਾਵੇਜ਼ ਅਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਮਨਜ਼ੂਰੀਆਂ ਨੂੰ ਸੁਰੱਖਿਅਤ ਰੱਖਣ ਦੀ ਸਹੂਲਤ ਦੇਵੇਗੀ, ਜਿਸ ਨਾਲ ਦੁਹਰਾਈ ਗਈ ਜਮ੍ਹਾਦਾਰੀ ਅਤੇ ਪ੍ਰਕਿਰਿਆ ’ਚ ਸਮਾਂ ਘਟੇਗਾ।

ਉਨ੍ਹਾਂ ਨੇ ਕਿਹਾ ਕਿ ਸਾਡਾ ਵਿਭਾਗ ਸਿਸਟਮ ਅਪਗ੍ਰੇਡ ਹੋਣ ਨਾਲ ਲਗਾਤਾਰ ਤਰੱਕੀ ਕਰਦਾ ਰਹਿੰਦਾ ਹੈ ਤਾਂ ਕਿ ਇਹ ਨਿਵੇਸ਼ਕਾਂ ਲਈ ਹੋਰ ਦੋਸਤਾਨਾ, ਅਾਧੁਨਿਕ ਅਤੇ ਉਮੀਦਾਂ ਅਨੁਸਾਰ ਬਣਿਆ ਰਹੇ। ਉਨ੍ਹਾਂ ਨੇ ਮਹੱਤਵਪੂਰਨ ਸੁਧਾਰਾਂ ’ਚ ਉੱਚ-ਪੱਧਰੀ ਸਕਰੂਟਨੀ ਪ੍ਰੋਟੋਕੋਲ, ਡਿਜੀਟਲ ਗ੍ਰੀਨ ਸਟੈਂਪ ਪੇਪਰ ਜਾਰੀ ਕਰਨ, ਆਰ. ਟੀ. ਬੀ. ਕਵਰੇਜ ਦਾ ਵਿਸਥਾਰ ਅਤੇ ਲਾਈਫ ਸਾਈਕਲ-ਅਾਧਾਰਿਤ ਵਰਕਫਲੋਜ਼ ਸ਼ਾਮਲ ਹੋਣ ਦੀ ਗੱਲ ਦੱਸੀ। ਉਦਯੋਗ ਅਤੇ ਵਪਾਰ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਰਾਈਟ ਟੂ ਬਿਜ਼ਨੈੱਸ ਐਕਟ (ਆਰ. ਟੀ. ਬੀ.) ਹੇਠ ਲਿਆਂਦੇ ਮਹੱਤਵਪੂਰਨ ਸੁਧਾਰਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਜ਼ਮੀਨ ਅਲਾਟਮੈਂਟ, ਨਿਰਮਾਣ ਮਨਜ਼ੂਰੀਆਂ, ਵਾਤਾਵਰਣ ਕਲੀਅਰੈਂਸ ਅਤੇ ਪੀ. ਐੱਸ. ਆਈ. ਈ. ਸੀ. ਇੰਡਸਟਰੀਅਲ ਪਾਰਕਾਂ ਨਾਲ ਸਬੰਧਤ 10 ਮੁੱਖ ਸੂਬਾ-ਪੱਧਰੀ ਮਨਜ਼ੂਰੀਆਂ ਹੁਣ ਆਰ. ਟੀ. ਬੀ. ਦੀ ਫਾਸਟ ਟ੍ਰੈਕ ਪ੍ਰਕਿਰਿਆ ਹੇਠ ਲਿਆਂਦੀਆਂ ਗਈਆਂ ਹਨ।

ਉਨ੍ਹਾਂ ਐਲਾਨ ਕੀਤਾ ਕਿ ਮਾਨਤਾ ਪ੍ਰਾਪਤ ਉਦਯੋਗਿਕ ਪਾਰਕਾਂ ਵਿਚ ਪੈਣ ਵਾਲੇ ਯੋਗ ਪ੍ਰਾਜੈਕਟਾਂ ਨੂੰ 5 ਕੰਮ ਵਾਲੇ ਦਿਨਾਂ ਵਿਚ ਇਨ-ਪ੍ਰਿੰਸੀਪਲ ਮਨਜ਼ੂਰੀ ਮਿਲੇਗੀ, ਜਦੋਂ ਕਿ ਹੋਰ ਨਾਨ-ਆਰ. ਟੀ. ਬੀ. ਕੇਸਾਂ ਨੂੰ ਵੱਧ ਤੋਂ ਵੱਧ 45 ਕਾਰਜ ਦਿਨਾਂ ਵਿਚ ਕਲੀਅਰੈਂਸ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਫੇਜ਼-2 ਫਾਸਟ ਟ੍ਰੈਕ ਪੰਜਾਬ ਨੂੰ ਇਕ ਅਸਲੀ ਲਾਈਫ ਸਾਈਕਲ-ਆਧਾਰਿਤ ਪੋਰਟਲ ਵਜੋਂ ਬਦਲਦਾ ਹੈ, ਜੋ ਉਦਯੋਗ ਸਥਾਪਨਾ, ਵਿਸਥਾਰ ਅਤੇ ਆਪ੍ਰੇਸ਼ਨ ਨੂੰ ਇਕੋ ਪਲੇਟਫਾਰਮ ’ਤੇ ਕਵਰ ਕਰਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਨਵੈਸਟ ਪੰਜਾਬ ਨੇ ਦੇਸ਼ ਦਾ ਸਭ ਤੋਂ ਉੱਨਤ ਸਿੰਗਲ-ਵਿੰਡੋ ਪੋਰਟਲ ਤਿਆਰ ਕੀਤਾ ਹੈ, ਜੋ ਇਕ ਸਿੰਗਲ ਐਂਟਰੀ ਅਤੇ ਸਿੰਗਲ ਐਗਜ਼ਿਟ ਡਿਜੀਟਲ ਸਿਸਟਮ ਹੈ। ਉਨ੍ਹਾਂ ਨੇ ਕਿਹਾ ਕਿ ਫੇਜ਼-2 ਸਿਰਫ਼ ਅਪਗ੍ਰੇਡ ਸਿਸਟਮ ਨਹੀਂ, ਸਗੋਂ ਗਤੀ, ਪਾਰਦਰਸ਼ਤਾ ਅਤੇ ਨਿਵੇਸ਼ਕਾਂ ਦੇ ਭਰੋਸੇ ਵੱਲ ਇਕ ਕ੍ਰਾਂਤੀਕਾਰੀ ਕਦਮ ਹੈ, ਜੋ ਪੰਜਾਬ ਨੂੰ ਦੇਸ਼ ਦੇ ਸਭ ਤੋਂ ਨਿਵੇਸ਼ ਪੱਖੀ ਸੂਬਿਆਂ ’ਚੋਂ ਇਕ ਬਣਾਉਂਦਾ ਹੈ। ਉਨ੍ਹਾਂ ਨੇ ਦੁਹਰਾਇਆ ਕਿ ਸਰਕਾਰ ਤਕਨਾਲੋਜੀ, ਜ਼ਿੰਮੇਵਾਰੀ ਅਤੇ ਸੇਵਾ ਗੁਣਵੱਤਾ ਨਾਲ ਚੱਲਣ ਵਾਲੀ ਗਵਰਨੈਂਸ ਬਣਾਉਣ ਲਈ ਵਚਨਬੱਧ ਹੈ ਤਾਂ ਜੋ ਲੰਬੇ ਸਮੇਂ ਦੀ ਉਦਯੋਗਿਕ ਵਿਕਾਸ ਨੂੰ ਸਹਾਰਾ ਦਿੱਤਾ ਜਾ ਸਕੇ। 2022 ਤੋਂ ਹੁਣ ਤੱਕ ਪੰਜਾਬ ਨੇ 1.40 ਲੱਖ ਕਰੋੜ ਦੀ ਨਿਵੇਸ਼ ਰਕਮ ਅਤੇ ਪੰਜ ਲੱਖ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ।


author

Anmol Tagra

Content Editor

Related News