ਜਾਨਲੇਵਾ ਬਣ ਰਿਹੈ Fast Food! ਜ਼ਿਆਦਾ ਸੇਵਨ ਨਾਲ ਇਕ ਹੋਰ ਕੁੜੀ ਦੀ ਮੌਤ

Friday, Jan 16, 2026 - 01:36 PM (IST)

ਜਾਨਲੇਵਾ ਬਣ ਰਿਹੈ Fast Food! ਜ਼ਿਆਦਾ ਸੇਵਨ ਨਾਲ ਇਕ ਹੋਰ ਕੁੜੀ ਦੀ ਮੌਤ

ਅਮਰੋਹਾ- ਅੱਜ-ਕੱਲ੍ਹ ਦੇ ਦੌਰ 'ਚ ਫਾਸਟ ਫੂਡ ਲੋਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ, ਪਰ ਇਸ ਦਾ ਹੱਦੋਂ ਵੱਧ ਸੇਵਨ ਜਾਨਲੇਵਾ ਸਾਬਤ ਹੋ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ 'ਚ ਫਾਸਟ ਫੂਡ ਦੀ ਬਹੁਤ ਜ਼ਿਆਦਾ ਵਰਤੋਂ ਕਾਰਨ ਇਕ 20 ਸਾਲਾ ਕੁੜੀ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾ ਦੀ ਪਛਾਣ ਸ਼ਿਫਾ ਵਜੋਂ ਹੋਈ ਹੈ, ਜਿਸ ਦਾ ਵਿਆਹ ਅਕਰਮ ਨਾਲ ਹੋਇਆ ਸੀ। ਸ਼ਿਫਾ ਨੇ ਬੁੱਧਵਾਰ ਸਵੇਰੇ ਦਿੱਲੀ ਦੇ ਏਮਜ਼ (AIIMS) ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ।

ਪੈਨਕ੍ਰਿਆਜ਼ ਅਤੇ ਦਿਮਾਗ 'ਤੇ ਪਿਆ ਮਾੜਾ ਅਸਰ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਿਫਾ ਘਰ ਦਾ ਖਾਣਾ ਖਾਣ ਦੀ ਬਜਾਏ ਮੈਗੀ, ਚਾਉਮੀਨ, ਪੀਜ਼ਾ, ਬਰਗਰ ਅਤੇ ਮੋਮੋਜ਼ ਵਰਗੇ ਫਾਸਟ ਫੂਡ ਦੀ ਬਹੁਤ ਜ਼ਿਆਦਾ ਸ਼ੌਕੀਨ ਸੀ। ਇਸ ਜ਼ਿਆਦਾ ਸੇਵਨ ਕਾਰਨ ਉਸ ਦੇ ਪੈਨਕ੍ਰਿਆਜ਼ (Pancreas) 'ਚ ਗੰਭੀਰ ਇਨਫੈਕਸ਼ਨ ਹੋ ਗਿਆ, ਜਿਸ ਦਾ ਅਸਰ ਹੌਲੀ-ਹੌਲੀ ਉਸ ਦੇ ਦਿਮਾਗ 'ਤੇ ਵੀ ਪੈਣ ਲੱਗਾ। 7 ਜਨਵਰੀ ਨੂੰ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿੱਥੋਂ ਹਾਲਤ ਵਿਗੜਨ 'ਤੇ ਉਸ ਨੂੰ ਦਿੱਲੀ ਰੈਫਰ ਕਰ ਦਿੱਤਾ ਗਿਆ।

ਜ਼ਿਲ੍ਹੇ 'ਚ ਫਾਸਟ ਫੂਡ ਕਾਰਨ ਤੀਜੀ ਮੌਤ 

ਹੈਰਾਨੀ ਦੀ ਗੱਲ ਇਹ ਹੈ ਕਿ ਅਮਰੋਹਾ ਜ਼ਿਲ੍ਹੇ 'ਚ ਪਿਛਲੇ ਕੁਝ ਹਫ਼ਤਿਆਂ 'ਚ ਫਾਸਟ ਫੂਡ ਕਾਰਨ ਇਹ ਤੀਜੀ ਮੌਤ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ 22 ਦਸੰਬਰ 2025 ਨੂੰ 16 ਸਾਲਾ ਆਹਨਾ ਦੀ ਮੌਤ ਹੋਈ ਸੀ, ਜਿਸ ਦੀਆਂ ਅੰਤੜੀਆਂ 'ਚ ਫਾਸਟ ਫੂਡ ਕਾਰਨ ਇਨਫੈਕਸ਼ਨ ਹੋ ਗਿਆ ਸੀ। 29 ਦਸੰਬਰ 2025 ਨੂੰ ਨੀਟ (NEET) ਦੀ ਤਿਆਰੀ ਕਰ ਰਹੀ ਵਿਦਿਆਰਥਣ ਇਲਮਾ ਦੀ ਵੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਪੜ੍ਹਾਈ ਦੌਰਾਨ ਵੀ ਆਪਣੇ ਕੋਲ ਫਾਸਟ ਫੂਡ ਹੀ ਰੱਖਦੀ ਸੀ।

ਮਾਹਿਰਾਂ ਦੀ ਚਿਤਾਵਨੀ 

ਸਿਹਤ ਮਾਹਿਰਾਂ ਅਨੁਸਾਰ ਬਹੁਤ ਜ਼ਿਆਦਾ ਪ੍ਰੋਸੈਸਡ ਅਤੇ ਜੰਕ ਫੂਡ ਖਾਣ ਨਾਲ ਸਰੀਰ 'ਚ ਪੋਸ਼ਣ ਦੀ ਕਮੀ ਹੋ ਜਾਂਦੀ ਹੈ ਅਤੇ ਪਾਚਨ ਪ੍ਰਣਾਲੀ ਪੂਰੀ ਤਰ੍ਹਾਂ ਖ਼ਰਾਬ ਹੋ ਸਕਦੀ ਹੈ। ਇਸ ਨਾਲ ਗੰਭੀਰ ਇਨਫੈਕਸ਼ਨ ਅਤੇ ਕਈ ਹੋਰ ਜਾਨਲੇਵਾ ਜਟਿਲਤਾਵਾਂ ਪੈਦਾ ਹੋ ਸਕਦੀਆਂ ਹਨ। ਅਮਰੋਹਾ 'ਚ ਵਾਪਰੀਆਂ ਇਹ ਘਟਨਾਵਾਂ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News