ਐਗਜ਼ਿਟ ਪੋਲ : ਹਿਮਾਚਲ ’ਚ ਖਿੜਿਆ ਕਮਲ, ਧੂਮਲ ਸਿਰ ਸਜੇਗਾ ਤਾਜ
Friday, Dec 15, 2017 - 12:24 AM (IST)
ਸ਼ਿਮਲਾ (ਬਿਊਰੋ)- ਗੁਜਰਾਤ ਵਿਚ ਵੋਟਿੰਗ ਤੋਂ ਬਾਅਦ ਚੈਨਲਾਂ ਦੇ ਐਗਜ਼ਿਟ ਪੋਲ ਸਾਹਮਣੇ ਆ ਗਏ ਹਨ। ਇੰਡੀਆ ਟੁਡੇ ਦੇ ਐਗਜ਼ਿਟ ਪੋਲ ਮੁਤਾਬਕ ਹਿਮਾਚਲ ਪ੍ਰਦੇਸ਼ ਵਿਚ ਬੀ.ਜੇ.ਪੀ. ਸਰਕਾਰ ਬਣਾਉਣ ਜਾ ਰਹੀ ਹੈ। ਇੰਡੀਆ ਟੁਡੇ ਨੇ ਕੁਲ 68 ਸੀਟਾਂ ਵਿਚੋਂ 47-55 ਸੀਟਾਂ ਬੀ.ਜੇ.ਪੀ. ਨੂੰ ਦਿੱਤੀਆਂ ਹਨ, ਜਦੋਂ ਕਿ ਕਾਂਗਰਸ ਨੂੰ 13-20 ਸੀਟਾਂ ਦਿੱਤੀਆਂ ਗਈਆਂ ਹਨ ਅਤੇ ਹੋਰਾਂ ਦੇ ਖਾਤੇ ਵਿਚ 0-2 ਸੀਟਾਂ ਆਈਆਂ ਹਨ। ਵੋਟ ਫੀਸਦੀ ਦੇ ਹਿਸਾਬ ਨਾਲ ਬੀ.ਜੇ.ਪੀ. ਨੂੰ 50 ਫੀਸਦੀ ਵੋਟਾਂ ਮਿਲੀਆਂ ਹਨ, ਜਦੋਂ ਕਿ ਕਾਂਗਰਸ ਨੂੰ 41 ਫੀਸਦੀ ਅਤੇ ਹੋਰਾਂ ਨੂੰ 9 ਫੀਸਦੀ ਵੋਟਾਂ ਮਿਲੀਆਂ ਹਨ।
ਏ. ਬੀ. ਪੀ. ਨਿਊਜ਼ ਦਾ ਐਗਜ਼ਿਟ ਪੋਲ
ਨਿਊਜ਼ ਚੈਨਲ ਏ. ਬੀ. ਪੀ. ਨਿਊਜ਼ ਦੇ ਐਗਜ਼ਿਟ ਪੋਲ 'ਚ ਵੀ ਹਿਮਾਚਲ ਪ੍ਰਦੇਸ਼ ਭਾਜਪਾ ਨੂੰ ਪੂਰਾ ਬਹੁਮਤ ਦੇ ਰਿਹਾ ਹੈ। ਹਾਲਾਂਕਿ ਨਿਊਜ਼ ਚੈਨਲ ਦੇ ਪੋਲ 'ਚ ਮੁਕਾਬਲਾ ਸਖ਼ਤ ਹੈ। ਏ. ਬੀ. ਪੀ. ਨਿਊਜ਼ ਭਾਜਪਾ ਨੂੰ 35 ਤੋਂ 41 ਸੀਟਾਂ ਦੇ ਰਿਹਾ ਹੈ, ਜਦਕਿ ਕਾਂਗਰਸ ਨੂੰ 26-32 ਸੀਟਾਂ ਮਿਲ ਰਹੀਆਂ ਹਨ, ਜਦਕਿ ਹੋਰ ਦੇ ਖਾਤੇ 'ਚ 0-2 ਸੀਟਾਂ ਜਾ ਰਹੀਆਂ ਹਨ। ਵੋਟ ਫੀਸਦੀ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਨੂੰ 45 ਫੀਸਦੀ ਵੋਟ ਮਿਲਣਗੇ, ਜਦਕਿ ਕਾਂਗਰਸ ਨੂੰ 42 ਅਤੇ ਹੋਰ ਨੂੰ 13 ਫੀਸਦੀ ਵੋਟ ਮਿਲਣਗੇ।
ਰਿਪਬਲਿਕ ਚੈਨਲ ਦਾ ਐਗਜ਼ਿਟ ਪੋਲ
ਰਿਪਬਲਿਕ ਨਿਊਜ਼ ਚੈਨਲ ਦੇ ਐਗਜ਼ਿਟ ਪੋਲ 'ਚ ਵੀ ਭਾਜਪਾ ਨੂੰ ਪੂਰਾ ਬਹੁਮਤ ਮਿਲਦਾ ਦਿਸ ਰਿਹਾ ਹੈ। ਪੋਲ ਮੁਤਾਬਕ ਭਾਜਪਾ ਨੂੰ 41 ਸੀਟਾਂ ਮਿਲ ਰਹੀਆਂ ਹਨ, ਜਦਕਿ ਭਾਜਪਾ ਨੂੰ 25 ਅਤੇ ਹੋਰ ਨੂੰ 2 ਸੀਟਾਂ। ਵੋਟ ਫੀਸਦੀ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਨੂੰ 47.6 ਫੀਸਦੀ ਵੋਟਾਂ ਮਿਲ ਰਹੀਆਂ ਹਨ, ਜਦਕਿ ਕਾਂਗਰਸ ਨੂੰ 44 ਫੀਸਦੀ ਅਤੇ ਹੋਰ ਨੂੰ 8.3 ਫੀਸਦੀ ਵੋਟ ਮਿਲਦੇ ਦਿਸ ਰਹੇ ਹਨ।
ਨਿਊਜ਼ 24 ਦਾ ਸਰਵੇ
ਨਿਊਜ਼ 24 ਦੇ ਐਗਜ਼ਿਟ ਪੋਲ 'ਚ ਵੀ ਪਹਾੜ 'ਤੇ ਕਮਲ ਖਿਲਦਾ ਦਿਸ ਰਿਹਾ ਹੈ। ਚੈਨਲ ਦੇ ਪੋਲ ਮੁਤਾਬਕ ਭਾਜਪਾ ਨੂੰ 55 ਸੀਟਾਂ, ਕਾਂਗਰਸ ਨੂੰ 13, ਹੋਰ ਨੂੰ 0-3 ਸੀਟਾਂ ਮਿਲ ਰਹੀਆਂ ਹਨ। ਚੈਨਲ ਭਾਜਪਾ ਅਤੇ ਕਾਂਗਰਸ ਦੀਆਂ ਸੀਟਾਂ 'ਚ 7 ਦਾ ਅੰਤਰ ਵੀ ਦਿਸਿਆ ਹੈ ਭਾਵ ਜਾਂ ਤਾਂ ਕਿਸੇ ਦਲ ਨੂੰ 7 ਸੀਟਾਂ ਜ਼ਿਆਦਾ ਵੀ ਮਿਲ ਸਕਦੀਆਂ ਹਨ ਜਾਂ ਫਿਰ ਘੱਟ ਵੀ ਮਿਲ ਸਕਦੀਆਂ ਹਨ। ਯਾਦ ਰਹੇ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਿਮਾਚਲ ਦੀਆਂ 68 ਸੀਟਾਂ ਵਿਚੋਂ ਕਾਂਗਰਸ ਨੇ 36 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ, ਜਦੋਂ ਕਿ ਭਾਜਪਾ ਨੂੰ 26 ਸੀਟਾਂ ਹਾਸਲ ਹੋਈਆਂ ਸਨ। 6 ਸੀਟਾਂ ’ਤੇ ਆਜ਼ਾਦ ਉਮੀਦਵਾਰ ਜੇਤੂ ਸਨ।
