ਹਿਮਾਚਲ ਐਂਟਰੀ ਟੈਕਸ ''ਚ ਲੋਕਾਂ ਨੇ ਜਾਮ ਕਰ ''ਤਾ ਸ੍ਰੀ ਕੀਰਤਪੁਰ ਸਾਹਿਬ-ਮਨਾਲੀ ਨੈਸ਼ਨਲ ਹਾਈਵੇਅ
Saturday, Apr 04, 2026 - 07:02 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਲਗਾਤਾਰ ਵਧਾਏ ਜਾ ਰਹੇ ਐਂਟਰੀ ਟੈਕਸ ਅਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਬਦਲਦੇ ਬਿਆਨਾਂ ਤੋਂ ਬਾਅਦ ਪੰਜਾਬ-ਹਿਮਾਚਲ ਸਰਹੱਦ ’ਤੇ ਹਾਲਾਤ ਤਣਾਅਪੂਰਨ ਬਣ ਗਏ ਹਨ। ਇਸ ਮਾਮਲੇ ਨੂੰ ਲੈ ਕੇ ਅੱਜ ਵੱਖ-ਵੱਖ ਕਿਸਾਨ ਅਤੇ ਟੈਕਸੀ ਯੂਨੀਅਨਾਂ ਵੱਲੋਂ ਸ੍ਰੀ ਕੀਰਤਪੁਰ ਸਾਹਿਬ-ਮਨਾਲੀ ਨੈਸ਼ਨਲ ਹਾਈਵੇਅ ਨੂੰ ਦੇਹਣੀ ਬਘੇਰੀ ਟੀ-ਪੁਆਇੰਟ ’ਤੇ ਕਰੀਬ 7 ਘੰਟੇ ਲਈ ਜਾਮ ਕਰ ਦਿੱਤਾ ਗਿਆ।
ਜਾਮ ਦੌਰਾਨ ਹਿਮਾਚਲ ਪ੍ਰਦੇਸ਼ ਵੱਲ ਕਰੀਬ 20 ਕਿਲੋਮੀਟਰ ਅਤੇ ਪੰਜਾਬ ਵੱਲ ਕੀਰਤਪੁਰ ਸਾਹਿਬ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਹਜ਼ਾਰਾਂ ਯਾਤਰੀ ਜਾਮ ਵਿਚ ਫਸੇ ਰਹੇ ਅਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ, ਜਿਸ ਨਾਲ ਸਥਿਤੀ ਕਾਫ਼ੀ ਗੰਭੀਰ ਬਣ ਗਈ। ਇਸ ਮੌਕੇ ਧਰਨੇ ਨੂੰ ਵੱਖ-ਵੱਖ ਬੁਲਾਰਿਆਂ ਵੱਲੋਂ ਸੰਬੋਧਨ ਕਰਦੇ ਹੋਏ ਹਿਮਾਚਲ ਪ੍ਰਦੇਸ਼ ਦੀ ਸਰਕਾਰ ਖ਼ਿਲਾਫ਼ ਆਪਣੇ ਮਨ ਦੀ ਭੜਾਸ ਕੱਢੀ ਅਤੇ ਪੰਜਾਬ ਸਰਕਾਰ ਦੀ ਭੂਮਿਕਾ ਬਾਰੇ ਵੀ ਸ਼ੰਕੇ ਪ੍ਰਗਟਾਏ।
ਇਹ ਵੀ ਪੜ੍ਹੋ: ਜਲੰਧਰ 'ਚ ਪਿਆ ਭਾਰੀ ਮੀਂਹ ਤੇ ਹੋਈ ਗੜੇਮਾਰੀ, ਮੌਸਮ ਹੋਇਆ ਸੁਹਾਵਨਾ, ਜਾਣੋ ਅਗਲੇ ਦਿਨਾਂ ਦਾ ਹਾਲ

ਰੋਸ ਧਰਨੇ ਦੌਰਾਨ ਮੀਂਹ ਵੀ ਪੈਣ ਲੱਗ ਗਿਆ ਪਰ ਮੀਂਹ ਦੇ ਬਾਵਜੂਦ ਲੋਕ ਰੋਸ ਧਰਨੇ ਵਿਚ ਡਟੇ ਰਹੇ। ਇਸ ਮੌਕੇ ਪੰਜਾਬ ਮੋਰਚੇ ਦੇ ਕਨਵੀਨਰ ਗੌਰਵ ਰਾਣਾ ਨੇ ਦੱਸਿਆ ਕਿ ਜੇਕਰ ਐਂਟਰੀ ਟੈਕਸ ਦਾ ਕੋਈ ਹੱਲ ਨਿਕਲਦਾ ਹੈ ਸੂਬਾ ਸਰਕਾਰ ਸਾਡੀ ਮਦਦ ਕਰਦੀ ਹੈ ਤਾਂ ਠੀਕ ਹੈ ਨਹੀਂ ਤਾਂ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ।ਧਰਨੇ ਦੌਰਾਨ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ ਧਰਨਾ ਸ਼ੁਰੂ ਹੋਣ ਤੋਂ ਬਾਅਦ ਸ੍ਰੀ ਕੀਰਤਪੁਰ ਸਾਹਿਬ ਭਾਖੜਾ ਨਹਿਰ ਦੇ ਓਵਰ ਬ੍ਰਿਜ ਪਤਾਲਪੁਰੀ ਚੌਕ ਵਿਖੇ ਨਾਕਾ ਲਗਾ ਕੇ ਕੁੱਲੂ ਮਨਾਲੀ ਵੱਲ ਜਾਣ ਵਾਲੇ ਵਾਹਨਾਂ ਨੂੰ ਰੋਕ ਦਿੱਤਾ ਗਿਆ ਕਿਉਂਕਿ ਜਿਹੜੇ ਪਹਿਲਾਂ ਵਾਹਨ ਅੱਗੇ ਨੂੰ ਲੰਘ ਗਏ ਸਨ।

ਉਨ੍ਹਾਂ ਕਰਕੇ ਪਿੰਡ ਦੇਹਣੀ ਤੋਂ ਕੀਰਤਪੁਰ ਸਾਹਿਬ ਤਕ ਸੜਕ 'ਤੇ ਜਾਮ ਲੱਗ ਗਿਆ ਸੀ। ਧਰਨਾ ਜਦੋਂ ਸਮਾਪਤ ਹੋ ਗਿਆ ਤਾਂ ਇਨ੍ਹਾਂ ਰੋਕੇ ਵਾਹਨਾਂ ਨੂੰ ਅੱਗੇ ਜਾਣ ਦਿੱਤਾ ਗਿਆ। ਇਸ ਮੌਕੇ ਧਰਨੇ ਵਿਚ ਹਿਮਾਚਲ ਪ੍ਰਦੇਸ਼ ਦੇ ਵਿਧਾਇਕ ਜਨਕ ਰਾਜ ਨੇ ਵੀ ਆਪਣੀ ਹਾਜ਼ਰੀ ਭਰੀ ਅਤੇ ਇਸ ਬਾਰੇ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਹਿਮਾਚਲ ਪ੍ਰਦੇਸ਼ ਟੈਕਸੀ ਯੂਨੀਅਨ ਦੇ ਪ੍ਰਧਾਨ ਰਾਮ ਰਤਨ ਸ਼ਰਮਾ ਵੀ ਸੰਘਰਸ਼ਕਾਰੀਆਂ ਦੇ ਹੱਕ ਵਿਚ ਪਹੁੰਚੇ। ਉਨ੍ਹਾਂ ਦੱਸਿਆ ਕਿ ਹਿਮਾਚਲ ਦੇ ਸਰਹੱਦੀ ਇਲਾਕਿਆਂ ਦੇ ਵਿਧਾਇਕ ਅਤੇ ਮੰਤਰੀ ਵੀ ਇਸ ਮਸਲੇ ’ਤੇ ਗੰਭੀਰ ਹਨ ਅਤੇ ਸੰਘਰਸ਼ਕਾਰੀਆਂ ਨਾਲ ਗੱਲਬਾਤ ਲਈ ਤਿਆਰ ਹਨ। ਉਨ੍ਹਾਂ ਵੱਲੋਂ ਦੋਨਾਂ ਰਾਜਾਂ ਦੀ ਇੰਟਰਸਟੇਟ ਮੀਟਿੰਗ ਮੰਗਲਵਾਰ ਨੂੰ ਕਰਵਾਉਣ ਦਾ ਸੱਦਾ ਦਿੱਤਾ ਗਿਆ ਹੈ। ਇਸ ਭਰੋਸੇ ਤੋਂ ਬਾਅਦ ਸੰਘਰਸ਼ ਕਮੇਟੀ ਵੱਲੋਂ ਅਸਥਾਈ ਤੌਰ ’ਤੇ ਚੱਕਾ ਜਾਮ ਖ਼ਤਮ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਚੰਡੀਗੜ੍ਹ ਵਿਖੇ ਭਾਜਪਾ ਦਫ਼ਤਰ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ! ਮੋਰਿੰਡਾ ਨਾਲ ਜੁੜੇ ਤਾਰ
ਸੰਘਰਸ਼ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੀਟਿੰਗਾਂ ਵਿਚ ਕੋਈ ਢੁੱਕਵਾਂ ਨਤੀਜਾ ਨਾ ਨਿਕਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਮੋਰਚੇ ਦੇ ਕਨਵੀਨਰ ਗੌਰਵ ਰਾਣਾ, ਜਵਾਹਰ ਸਿੰਘ ਮੱਲੀ, ਤੀਰਥ ਪਾਲ ਸਿੰਘ ਸੰਧੂ, ਰਮਨ ਸੰਧੂ, ਸੁਖਜੀਤ ਸਿੰਘ ਬੈਣੀਪਾਲ, ਰਿੰਕੂ ਕੁਮਾਰ, ਅਬੀ ਠਾਕੁਰ, ਕਰਨਵੀਰ ਸਿੰਘ ਸਿੱਧੂ, ਕਾਕਾ ਸੈਣੀ, ਹਰਪ੍ਰੀਤ ਸਿੰਘ ਭੱਟੋ, ਐਡਵੋਕੇਟ ਪਰਮਜੀਤ ਸਿੰਘ ਪੰਮਾ, ਡਾ. ਦਵਿੰਦਰ ਬਜਾੜ, ਸੋਹਣ ਸਿੰਘ, ਕਮਲਜੀਤ ਸਿੰਘ, ਅਵਤਾਰ ਸਿੰਘ ਅਤੇ ਦਰਸ਼ਨ ਸਿੰਘ ਸਮੇਤ ਸੈਂਕੜਿਆਂ ਦੀ ਗਿਣਤੀ ’ਚ ਸੰਘਰਸ਼ਕਾਰੀ ਮੌਜੂਦ ਸਨ।

ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵੱਲੋਂ ਜਾਮ ਦੌਰਾਨ ਸੰਘਰਸ਼ੀਆਂ ਤੇ ਯਾਤਰੂਆਂ ਲਈ ਲਗਾਇਆ ਅਟੁੱਟ ਲੰਗਰ
ਸ੍ਰੀ ਕੀਰਤਪੁਰ ਸਾਹਿਬ–ਮਨਾਲੀ ਨੈਸ਼ਨਲ ਹਾਈਵੇਅ ’ਤੇ ਲੱਗੇ ਲੰਬੇ ਜਾਮ ਦੌਰਾਨ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵੱਲੋਂ ਵੱਡੀ ਸੇਵਾ ਨਿਭਾਈ ਗਈ। ਸੰਤ ਬਾਬਾ ਸਤਨਾਮ ਸਿੰਘ ਜੀ ਦੇ ਆਸ਼ੀਰਵਾਦ ਹੇਠ ਸੇਵਾਦਾਰਾਂ ਵੱਲੋਂ ਜਾਮ ਵਿਚ ਫਸੇ ਸੰਘਰਸ਼ੀਆਂ ਅਤੇ ਯਾਤਰੀਆਂ ਲਈ ਅਟੁੱਟ ਲੰਗਰ ਪ੍ਰਸ਼ਾਦਾ ਲਗਾਇਆ ਗਿਆ। ਇਸ ਦੌਰਾਨ ਸੇਵਾਦਾਰਾਂ ਨੇ ਨਾ ਸਿਰਫ਼ ਸੰਘਰਸ਼ ਕਰ ਰਹੇ ਸੈਂਕੜੇ ਲੋਕਾਂ ਲਈ ਖਾਣ-ਪੀਣ ਦੀ ਵਿਵਸਥਾ ਕੀਤੀ, ਸਗੋਂ ਰਾਹਗੀਰਾਂ ਅਤੇ ਜਾਮ ਵਿਚ ਫਸੇ ਯਾਤਰੀਆਂ ਲਈ ਵੀ ਚਾਹ-ਪਾਣੀ ਦੀ ਸੇਵਾ ਲਗਾਤਾਰ ਜਾਰੀ ਰੱਖੀ। ਲੰਬੇ ਸਮੇਂ ਤੱਕ ਜਾਮ ਵਿਚ ਫਸੇ ਲੋਕਾਂ ਨੂੰ ਇਸ ਸੇਵਾ ਨਾਲ ਕਾਫੀ ਰਾਹਤ ਮਹਿਸੂਸ ਹੋਈ। ਸੰਗਤਾਂ ਵੱਲੋਂ ਨਿਭਾਈ ਗਈ ਇਸ ਨਿਸ਼ਕਾਮ ਸੇਵਾ ਦੀ ਹਰ ਪਾਸੇ ਸਰਾਹਨਾ ਹੋ ਰਹੀ ਹੈ। ਸੰਘਰਸ਼ਕਾਰੀਆਂ ਅਤੇ ਯਾਤਰੀਆਂ ਨੇ ਵੀ ਸੇਵਾਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਮੁਸ਼ਕਲ ਵੇਲੇ ਵਿਚ ਲੰਗਰ ਦੀ ਸੇਵਾ ਉਨ੍ਹਾਂ ਲਈ ਵੱਡੀ ਸਹਾਇਤਾ ਸਾਬਤ ਹੋਈ ਹੈ।
ਇਹ ਵੀ ਪੜ੍ਹੋ: 36 ਦਿਨਾਂ ਬਾਅਦ ਇਟਲੀ ਤੋਂ ਪਿੰਡ ਪਰਤੀ ਨੌਜਵਾਨ ਦੀ ਮ੍ਰਿਤਕ ਦੇਹ, ਧਾਹਾਂ ਮਾਰ ਰੋਂਦਿਆਂ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
