ਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ; ਪੰਜਾਬ-ਹਰਿਆਣਾ ’ਚ ਮੀਂਹ ਤੇ ਗੜੇਮਾਰੀ

Friday, Apr 03, 2026 - 10:31 PM (IST)

ਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ; ਪੰਜਾਬ-ਹਰਿਆਣਾ ’ਚ ਮੀਂਹ ਤੇ ਗੜੇਮਾਰੀ

ਸ਼ਿਮਲਾ (ਸੰਤੋਸ਼) - ਸਰਗਰਮ ਪੱਛਮੀ ਗੜਬੜ ਕਾਰਨ ਸੂਬੇ ਦੇ ਲਾਹੌਲ-ਸਪਿਤੀ, ਕਿੰਨੌਰ, ਕੁੱਲੂ ਅਤੇ ਚੰਬਾ ਦੀਆਂ ਉੱਚੀਆਂ ਚੋਟੀਆਂ ’ਤੇ ਰੁਕ-ਰੁਕ ਕੇ ਬਰਫਬਾਰੀ ਹੋਣੀ ਸ਼ੁਰੂ ਹੋ ਗਈ ਹੈ, ਜਦਕਿ ਰਾਜਧਾਨੀ ਸ਼ਿਮਲਾ, ਕਾਂਗੜਾ ਸਮੇਤ ਸੂਬੇ ਦੇ ਕਈ ਹਿੱਸਿਆਂ ’ਚ ਮੀਂਹ ਪੈ ਰਿਹਾ ਹੈ। ਉਥੇ ਹੀ ਪੰਜਾਬ-ਹਰਿਆਣਾ ’ਚ ਵੀ ਮੀਂਹ ਅਤੇ ਗੜੇਮਾਰੀ ਦੇਖਣ ਨੂੰ ਮਿਲੀ।

ਸ਼ੁੱਕਰਵਾਰ ਨੂੰ ਸ਼ਿਮਲਾ ’ਚ 3, ਕਾਂਗੜਾ ’ਚ 4, ਧਰਮਸ਼ਾਲਾ ’ਚ 8, ਕਲਪਾ ’ਚ 0.1, ਮਨਾਲੀ ’ਚ 1, ਮੰਡੀ ’ਚ 1, ਜੁੱਬੜਹੱਟੀ ’ਚ 1, ਨੇਰੀ ’ਚ 2.5 ਮਿਲੀਮੀਟਰ ਮੀਂਹ ਪਿਆ, ਜਦਕਿ ਸੁੰਦਰਨਗਰ ਤੇ ਭੁੰਤਰ ’ਚ ਬੂੰਦਾਬਾਂਦੀ ਹੋਈ, ਉਥੇ ਹੀ ਕਈ ਥਾਵਾਂ ’ਤੇ ਗੜੇਮਾਰੀ ਵੀ ਦਰਜ ਕੀਤੀ ਗਈ ਹੈ। ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ ਆਦਿ ਜ਼ਿਲਿਆਂ ’ਚ ਸਵੇਰੇ ਅਤੇ ਸ਼ਾਮ ਨੂੰ ਮੀਂਹ ਦਰਜ ਕੀਤਾ ਗਿਆ। ਗੁਰੂ ਨਗਰੀ ਅੰਮ੍ਰਿਤਸਰ ’ਚ ਗੜੇਮਾਰੀ ਨੇ ਸ਼ਹਿਰ ਦੇ ਕਈ ਇਲਾਕਿਆਂ ਨੂੰ ਆਪਣੀ ਲਪੇਟ ’ਚ ਲੈ ਲਿਆ। ਹਰਿਆਣਾ ਦੇ ਹਿਸਾਰ ਤੋਂ ਇਲਾਵਾ ਸਿਰਸਾ ਅਤੇ ਫਤਿਹਾਬਾਦ ’ਚ ਤੇਜ਼ ਮੀਂਹ ਪਿਆ। ਬੇਮੌਸਮੇ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਅਤੇ ਬਾਗਬਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਸੂਬੇ ਦੇ ਕਈ ਹਿੱਸਿਆਂ ’ਚ ਹੋਈ ਭਾਰੀ ਗੜੇਮਾਰੀ ਨਾਲ ਕਣਕ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ।


author

Inder Prajapati

Content Editor

Related News