ਬੇਕਾਬੂ ਟਿੱਪਰ ਨੇ ਪਿਓ-ਪੁੱਤਰ ਨੂੰ ਦਰੜਿਆ, ਸਿਰ ਉੱਪਰੋਂ ਟਾਇਰ ਲੰਘਣ ਨਾਲ ਪਿਓ ਦੀ ਦਰਦਨਾਕ ਮੌਤ

Friday, Mar 27, 2026 - 01:28 PM (IST)

ਬੇਕਾਬੂ ਟਿੱਪਰ ਨੇ ਪਿਓ-ਪੁੱਤਰ ਨੂੰ ਦਰੜਿਆ, ਸਿਰ ਉੱਪਰੋਂ ਟਾਇਰ ਲੰਘਣ ਨਾਲ ਪਿਓ ਦੀ ਦਰਦਨਾਕ ਮੌਤ

ਲੁਧਿਆਣਾ (ਰਾਜ): ਮਹਾਨਗਰ ਦੀਆਂ ਸੜਕਾਂ 'ਤੇ ਬੇਲਗਾਮ ਦੌੜ ਰਹੇ ਮੌਤ ਦੇ ਸੌਦਾਗਰਾਂ ਨੇ ਇਕ ਹੋਰ ਹਸਦਾ-ਖੇਡਦਾ ਪਰਿਵਾਰ ਉਜਾੜ ਦਿੱਤਾ ਹੈ। ਤਾਜ਼ਾ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲਾ ਮਾਮਲਾ ਰਾਮਗੜ੍ਹ ਚੌਕ ਨੇੜਿਓਂ ਸਾਹਮਣੇ ਆਇਆ ਹੈ,ਜਿੱਥੇ ਇਕ ਟਿੱਪਰ ਚਾਲਕ ਨੇ ਲਾਪਰਵਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਇਕ ਮੋਟਰਸਾਈਕਲ ਨੂੰ ਮਗਰੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿਚ ਇਕ ਪੁੱਤਰ ਨੇ ਆਪਣੀਆਂ ਅੱਖਾਂ  ਮੂਹਰੇ ਪਿਤਾ ਨੂੰ ਤੜਫਦੇ ਹੋਏ ਦਮ ਤੋੜਦੇ ਵੇਖਿਆ। ਮ੍ਰਿਤਕ ਦੀ ਪਛਾਣ ਜਿੰਦਰ ਸਿੰਘ ਵਜੋਂ ਹੋਈ ਹੈ। ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਸ ਨੇ ਅਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। 

ਸ਼ਿਕਾਇਤਕਰਤਾ ਗੁਰਮੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੇ 55 ਸਾਲਾ ਪਿਤਾ ਜਿੰਦਰ ਸਿੰਘ ਦੇ ਨਾਲ ਮੋਟਰਸਾਈਕਲ ਦੇ ਸਵਾਰ ਹੋ ਕੇ ਜਾ ਰਿਹਾ ਸੀ। ਜਿਉਂ ਹੀ ਉਹ ਰਾਮਗੜ੍ਹ ਚੌਕ ਨੇੜੇ ਪਹੁੰਚੇ,  ਮਗਰੋਂ ਆ ਰਹੇ ਟਿੱਪਰ ਨੰਬਰ PB-10-HR-1349 ਦੇ ਚਾਲਕ ਨੇ ਬੇਹੱਦ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਉਨ੍ਹਾਂ ਦੇ ਮੋਟਟਰਸਾਈਕਲ ਨੂੰ ਆਪਣੀ ਲਪੇਟ ਵਿਚ ਲੈ ਲਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗਿਆ। ਡਿੱਗਦੇ ਹੀ ਪਿੱਛੇ ਬੈਠੇ ਉਸ ਦੇ ਪਿਤਾ ਸੜਕ 'ਤੇ ਡਿੱਗ ਗਏ ਤੇ ਮਗਰੋਂ ਆ ਰਹੇ ਟਿੱਪਰ ਦਾ ਅਗਲਾ ਟਾਇਰ ਉਨ੍ਹਾਂ ਦੇ ਸਿਰ ਦੇ ਉੱਪਰੋਂ ਗੁਜ਼ਰ ਗਿਆ। ਇਸ ਦਰਦਨਾਕ ਘਟਨਾ ਵਿਚ ਪਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪੁੱਤਰ ਸੜਕ ਦੇ ਦੂਜੇ ਪਾਸੇ ਡਿੱਗਣ ਕਾਰਨ ਵਾਲ-ਵਾਲ ਬੱਚ ਗਿਆ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਡਰਾਈਵ ਟਿੱਪਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਹੁਣ ਟਿੱਪਰ ਨੰਬਰ ਜ਼ਰੀਏ ਮੁਲਜ਼ਮ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। 
 


author

Anmol Tagra

Content Editor

Related News