ਹਿਮਾਚਲ ਦੀਆਂ ਗੱਡੀਆਂ ’ਤੇ ਵੀ ਲਗਾਇਆ ਜਾਵੇ ਐਂਟਰੀ ਟੈਕਸ : ਗੇਰਾ

Monday, Mar 30, 2026 - 05:57 PM (IST)

ਹਿਮਾਚਲ ਦੀਆਂ ਗੱਡੀਆਂ ’ਤੇ ਵੀ ਲਗਾਇਆ ਜਾਵੇ ਐਂਟਰੀ ਟੈਕਸ : ਗੇਰਾ

ਹਾਜੀਪੁਰ (ਜੋਸ਼ੀ) : ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ 1 ਅਪ੍ਰੈਲ ਤੋਂ ਐਂਟਰੀ ਫੀਸਾਂ ਵਿਚ ਕੀਤੇ ਜਾ ਰਹੇ ਭਾਰੀ ਵਾਧੇ ਨੂੰ ਲੈ ਕੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਸ ਮੁੱਦੇ 'ਤੇ ਹੁਣ ਲੋਕਾਂ ਦਾ ਗੁੱਸਾ ਹਿਮਾਚਲ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰ ਖਿਲਾਫ ਵੀ ਫੁੱਟਣਾ ਸ਼ੁਰੂ ਹੋ ਗਿਆ ਹੈ। ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਿਰਪਾਲ ਸਿੰਘ ਗੇਰਾ, ਟਕਸਾਲੀ ਆਗੂ ਲਖਵਿੰਦਰ ਸਿੰਘ ਟਿੰਮੀ ਅਤੇ ਸਰਕਲ ਪ੍ਰਧਾਨ ਗੁਰਦਿਆਲ ਸਿੰਘ ਉਲਾਹਾ ਨੇ ਸਾਂਝੇ ਤੌਰ 'ਤੇ ਸਰਕਾਰ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਮੰਗ ਕੀਤੀ ਕਿ ਜੇਕਰ ਹਿਮਾਚਲ ਸਰਕਾਰ ਨੇ ਵਧਾਈਆਂ ਹੋਈਆਂ ਐਂਟਰੀ ਫੀਸਾਂ ਤੁਰੰਤ ਵਾਪਸ ਨਾ ਲਈਆਂ ਤਾਂ ਪੰਜਾਬ ਸਰਕਾਰ ਨੂੰ ਵੀ ਬਿਨਾਂ ਦੇਰੀ ਕੀਤੇ ਪੰਜਾਬ ਵਿਚ ਦਾਖਲ ਹੋਣ ਵਾਲੀਆਂ ਹਿਮਾਚਲ ਦੀਆਂ ਸਾਰੀਆਂ ਗੱਡੀਆਂ 'ਤੇ ਐਂਟਰੀ ਟੈਕਸ ਲਗਾਉਣਾ ਚਾਹੀਦਾ ਹੈ।

PunjabKesari

ਕਿਰਪਾਲ ਸਿੰਘ ਗੇਰਾ ਨੇ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਜੇਕਰ ਪੰਜਾਬ ਦਾ ਕੋਈ ਵਸਨੀਕ ਹਿਮਾਚਲ ਪ੍ਰਦੇਸ਼ ਵਿਚ ਸਰਕਾਰੀ ਨੌਕਰੀ ਨਹੀਂ ਕਰ ਸਕਦਾ ਤਾਂ ਪੰਜਾਬ ਸਰਕਾਰ ਨੂੰ ਵੀ ਹਿਮਾਚਲ ਦੇ ਲੋਕਾਂ ਦੇ ਪੰਜਾਬ ਵਿਚ ਨੌਕਰੀ ਲੈਣ 'ਤੇ ਤੁਰੰਤ ਪਾਬੰਦੀ ਲਗਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਸਰਕਾਰ ਸ਼ਾਇਦ ਪਿਆਰ ਦੀ ਭਾਸ਼ਾ ਨਹੀਂ ਸਮਝ ਰਹੀ, ਇਸ ਲਈ ਹੁਣ ਉਸ ਨੂੰ ਉਸੇ ਦੀ ਭਾਸ਼ਾ ਵਿਚ ਜਵਾਬ ਦੇਣ ਦਾ ਵਕਤ ਆ ਗਿਆ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਹਿਮਾਚਲ ਦੀਆਂ ਗੱਡੀਆਂ 'ਤੇ ਟੈਕਸ ਲਗਾਉਣ ਦਾ ਫੈਸਲਾ ਤੁਰੰਤ ਲਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਰਕਾਰ ਨੂੰ ਲੋਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨ ਪਵੇਗਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹ ਸੰਘਰਸ਼ ਹੁਣ ਹਿਮਾਚਲ ਸਰਕਾਰ ਦੇ ਫੈਸਲੇ ਵਿਰੁੱਧ ਨਹੀਂ, ਸਗੋਂ ਪੰਜਾਬ ਸਰਕਾਰ ਨੂੰ ਜਗਾਉਣ ਲਈ ਹੋਵੇਗਾ ਤਾਂ ਜੋ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।


author

Gurminder Singh

Content Editor

Related News