ਜੇ ਸਮੇਂ ਸਿਰ ਕਾਰਵਾਈ ਹੁੰਦੀ ਤਾਂ ਬਚਾਈ ਜਾ ਸਕਦੀ ਸੀ DM ਰੰਧਾਵਾ ਦੀ ਜਾਨ : ਖਹਿਰਾ

Monday, Mar 23, 2026 - 08:11 PM (IST)

ਜੇ ਸਮੇਂ ਸਿਰ ਕਾਰਵਾਈ ਹੁੰਦੀ ਤਾਂ ਬਚਾਈ ਜਾ ਸਕਦੀ ਸੀ DM ਰੰਧਾਵਾ ਦੀ ਜਾਨ : ਖਹਿਰਾ

ਚੰਡੀਗੜ੍ਹ: ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖੇ ਹਮਲੇ ਕਰਦਿਆਂ ਦੋਸ਼ ਲਾਇਆ ਹੈ ਕਿ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਡੀਐੱਮ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਲਈ ਸਰਕਾਰ ਅਤੇ ਅਫਸਰਸ਼ਾਹੀ ਦੀ ਲਾਪਰਵਾਹੀ ਜ਼ਿੰਮੇਵਾਰ ਹੈ। ਖਹਿਰਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ, ਚੀਫ ਸੈਕਟਰੀ ਅਤੇ ਡੀਸੀ ਤਰਨ ਤਾਰਨ ਨੇ ਰੰਧਾਵਾ ਦੀਆਂ ਸ਼ਿਕਾਇਤਾਂ 'ਤੇ ਸਮੇਂ ਸਿਰ ਐਕਸ਼ਨ ਲਿਆ ਹੁੰਦਾ ਤਾਂ ਅੱਜ ਉਹ ਜਿਉਂਦੇ ਹੁੰਦੇ ਅਤੇ ਆਪਣੇ ਬੱਚਿਆਂ ਦੇ ਕੋਲ ਹੁੰਦੇ।

ਖਹਿਰਾ ਨੇ ਕਿਹਾ ਕਿ ਰੰਧਾਵਾ ਦੇ ਪਰਿਵਾਰ ਨੂੰ ਲਾਲਜੀਤ ਭੁੱਲਰ ਦੀ ਦਹਿਸ਼ਤ ਕਾਰਨ ਇੱਕ ਹਫ਼ਤਾ ਰਿਸ਼ਤੇਦਾਰਾਂ ਅਤੇ ਗੁਰਦੁਆਰਾ ਸਾਹਿਬ 'ਚ ਪਨਾਹ ਲੈਣੀ ਪਈ। ਉਨ੍ਹਾਂ ਦੋਸ਼ ਲਾਇਆ ਕਿ ਰੰਧਾਵਾ ਨੂੰ ਬੰਧਕ ਬਣਾ ਕੇ ਉਸ ਦੀ ਵੀਡੀਓ ਬਣਾਈ ਗਈ, ਕੁੱਟਮਾਰ ਕੀਤੀ ਗਈ ਅਤੇ ਉਸ ਦੀਆਂ ਲੜਕੀਆਂ ਨੂੰ ਚੁੱਕਣ ਵਰਗੀਆਂ ਗੈਂਗਸਟਰਾਂ ਦੀਆਂ ਧਮਕੀਆਂ ਦਿੱਤੀਆਂ ਗਈਆਂ। ਖਹਿਰਾ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਹੁਣ ਆਪਣੀ ਪਿੱਠ ਥਾਪੜ ਰਹੇ ਹਨ, ਪਰ ਅਸਲ 'ਚ ਐੱਫਆਈਆਰ 18 ਘੰਟੇ ਦੇਰੀ ਨਾਲ ਅਤੇ ਕੇਵਲ ਲੋਕਾਂ ਦੇ ਭਾਰੀ ਵਿਰੋਧ ਤੇ ਵਿਰੋਧੀ ਧਿਰ ਦੇ ਦਬਾਅ ਕਾਰਨ ਦਰਜ ਕੀਤੀ ਗਈ ਹੈ।

ਸੀਬੀਆਈ ਜਾਂਚ ਦੇ ਡਰੋਂ ਹੋਈ ਗ੍ਰਿਫਤਾਰੀ?
ਖਹਿਰਾ ਨੇ ਖੁਲਾਸਾ ਕੀਤਾ ਕਿ ਜਦੋਂ ਅੰਮ੍ਰਿਤਸਰ ਤੋਂ ਐੱਮਪੀ ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ਵਿੱਚ ਇਹ ਮੁੱਦਾ ਉਠਾਇਆ ਅਤੇ ਕੇਂਦਰੀ ਗ੍ਰਹਿ ਮੰਤਰੀ ਨੇ ਸੀਬੀਆਈ ਜਾਂਚ ਦਾ ਭਰੋਸਾ ਦਿੱਤਾ, ਤਾਂ ਪੰਜਾਬ ਸਰਕਾਰ ਡਰ ਗਈ। ਉਨ੍ਹਾਂ ਮੁਤਾਬਕ, ਸਰਕਾਰ ਨੂੰ ਲੱਗਿਆ ਕਿ ਜੇਕਰ ਸੀਬੀਆਈ ਆ ਗਈ ਤਾਂ ਪਰਤਾਂ ਉੱਤੇ ਤੱਕ ਖੁੱਲ੍ਹਣਗੀਆਂ, ਜਿਸ ਕਾਰਨ ਕਾਹਲੀ ਵਿੱਚ ਗ੍ਰਿਫਤਾਰੀ ਕੀਤੀ ਗਈ।

ਸਰਕਾਰ 'ਤੇ ਚੁੱਕੇ ਸਵਾਲ
ਮੁੱਖ ਮੰਤਰੀ ਦੀ 'ਜ਼ੀਰੋ ਟਾਲਰੈਂਸ' ਨੀਤੀ 'ਤੇ ਸਵਾਲ ਉਠਾਉਂਦਿਆਂ ਖਹਿਰਾ ਨੇ ਕਈ ਹੋਰ ਮਾਮਲੇ ਗਿਣਾਏ। ਉਨ੍ਹਾਂ ਕਿਹਾ ਕਿ ਲਾਲ ਚੰਦ ਕਟਾਰੂਚੱਕ ਖਿਲਾਫ ਵੀਡੀਓ ਕਲਿੱਪ ਦੀ ਫੋਰੈਂਸਿਕ ਪੁਸ਼ਟੀ ਹੋਣ ਅਤੇ ਗਵਰਨਰ ਦੀਆਂ ਚਿੱਠੀਆਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਡਾਕਟਰ ਵਿਜੇ ਸਿੰਗਲਾ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਅਜੇ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਨੇ ਸਰਬਜੀਤ ਕੌਰ ਮਾਣੂਕੇ ਵੱਲੋਂ ਕਥਿਤ ਪ੍ਰਾਪਰਟੀ ਕਬਜ਼ੇ, ਮੰਤਰੀ ਬਲਕਾਰ ਸਿੰਘ ਦੀ ਅਸ਼ਲੀਲ ਵੀਡੀਓ ਅਤੇ ਪੁਲਸ ਹਿਰਾਸਤ ਵਿੱਚ ਹੋਏ ਤਸ਼ੱਦਦ ਦੇ ਮਾਮਲਿਆਂ ਦਾ ਵੀ ਜ਼ਿਕਰ ਕੀਤਾ। ਵਿਧਾਇਕ ਦੇਵ ਮਾਨ ਵੱਲੋਂ ਬਜ਼ੁਰਗ ਦੇ ਠੁੱਡ ਮਾਰੇ ਗਏ ਉਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ। ਹਰਜੋਤ ਬੈਂਸ ਦੀ ਘਰਵਾਲੀ ਐੱਸਐੱਸਪੀ ਜੋਤੀ ਯਾਦਵ ਨੇ ਕਿਹਾ ਕਿ ਪੀਲੇ ਪਰਨੇ ਵਾਲਿਆਂ ਨੂੰ ਚੁੱਕੋ। ਇਕ ਕਿਸਾਨ ਦੀਆਂ ਲੱਤਾਂ ਪੁਲਸ ਕਸਟਡੀ ਵਿਚ ਟੁੱਟੀਆਂ ਉਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ। ਕਰਨਲ ਬਾਠ ਤੇ ਉਸ ਦੇ ਬੇਟੇ ਨੂੰ ਪੁਲਸ ਵਾਲਿਆਂ ਨੇ ਕੁੱਟਿਆ। ਇਕ ਮਹੀਨਾ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ। 42 ਝੂਠੇ ਮੁਕਾਬਲੇ ਹੋਏ, 19 ਸਾਲਾ ਰਣਜੀਤ ਸਿੰਘ ਲੇਟੈਸਟ ਮਾਮਲਾ ਹੈ। ਕੀ ਮੁੱਖ ਮੰਤਰੀ ਨੇ ਉਸ ਦੇ ਪਰਿਵਾਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਐੱਸਡੀਐੱਮ ਬਾਘਾਪੁਰਾਣਾ ਹੁਣ ਦਾ ਤਾਜ਼ਾ ਮਾਮਲਾ ਹੈ, ਜਿਸ ਉੱਤੇ ਚੋਣਾਂ ਸਬੰਧੀ ਦਬਾਅ ਬਣਾਇਆ ਜਾ ਰਿਹਾ ਹੈ।  

ਅਫਸਰਸ਼ਾਹੀ ਨੂੰ ਅਪੀਲ
ਖਹਿਰਾ ਨੇ ਪੰਜਾਬ ਦੇ ਆਈਏਐੱਸ ਅਤੇ ਆਈਪੀਐੱਸ ਅਫਸਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਪੋਸਟਿੰਗਾਂ ਬਚਾਉਣ ਲਈ ਗਲਤ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਸੰਵਿਧਾਨ ਪ੍ਰਤੀ ਜਵਾਬਦੇਹ ਬਣਨ। ਉਨ੍ਹਾਂ ਕਿਹਾ ਕਿ ਅਫਸਰਸ਼ਾਹੀ ਨੂੰ ਆਪਣੀ ਹੀ 'ਨਸਲ ਕੁਸ਼ੀ' ਰੋਕਣੀ ਚਾਹੀਦੀ ਹੈ, ਕਿਉਂਕਿ ਰੰਧਾਵਾ ਵਰਗੇ ਅਫਸਰ ਸਰਕਾਰੀ ਤੰਤਰ ਦੀ ਬੁਰਸ਼ਾਗਰਦੀ ਦਾ ਸ਼ਿਕਾਰ ਹੋ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News