ਘਰ ਅੰਦਰ ਦਾਖਲ ਹੋ ਕੇ ਪੰਜਾਬ ਪੁਲਸ ਦੇ ਮੁਲਾਜ਼ਮ ਦੇ ਸਿਰ ''ਤੇ ਤਾਣ ਦਿੱਤੀ ਰਿਵਾਲਵਰ, ਤੇ ਫਿਰ...

Thursday, Apr 02, 2026 - 01:40 PM (IST)

ਘਰ ਅੰਦਰ ਦਾਖਲ ਹੋ ਕੇ ਪੰਜਾਬ ਪੁਲਸ ਦੇ ਮੁਲਾਜ਼ਮ ਦੇ ਸਿਰ ''ਤੇ ਤਾਣ ਦਿੱਤੀ ਰਿਵਾਲਵਰ, ਤੇ ਫਿਰ...

ਫਰੀਦਕੋਟ (ਰਾਜਨ) : ਸ਼ਹਿਰ ਦੇ ਡਾ. ਅੰਬੇਡਕਰ ਨਗਰ ਇਲਾਕੇ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਦੋ ਨੌਜਵਾਨਾਂ ਵੱਲੋਂ ਇਕ ਘਰ ਵਿਚ ਜ਼ਬਰਦਸਤੀ ਦਾਖਲ ਹੋ ਕੇ ਰਿਵਾਲਵਰ ਦੀ ਨੋਕ ’ਤੇ ਪੁਲਸ ਮੁਲਾਜ਼ਮ ਨੂੰ ਧਮਕਾਉਣ ਦੀ ਘਟਨਾ ਸਾਹਮਣੇ ਆਈ। ਇਸ ਸਬੰਧੀ ਥਾਣਾ ਸਿਟੀ ਕੋਤਵਾਲੀ ਫਰੀਦਕੋਟ ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਰਨਪਾਲ ਸਿੰਘ ਵਾਸੀ ਡਾ. ਅੰਬੇਡਕਰ ਨਗਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪੰਜਾਬ ਪੁਲਸ ਦਾ ਮੁਲਾਜ਼ਮ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਵਿਚ ਮੌਜੂਦ ਸੀ। ਇਸ ਦੌਰਾਨ ਸ਼ਾਮ ਸਮੇਂ ਦੋ ਵਿਅਕਤੀ ਅਚਾਨਕ ਉਸਦੇ ਘਰ ਵਿਚ ਦਾਖਲ ਹੋ ਗਏ। ਦੋਸ਼ ਹੈ ਕਿ ਉਨ੍ਹਾਂ ਵਿਚੋਂ ਇਕ ਨੌਜਵਾਨ ਨੇ ਤੁਰੰਤ ਰਿਵਾਲਵਰ ਕੱਢ ਕੇ ਉਸਦੇ ਸਿਰ ’ਤੇ ਤਾਣ ਦਿੱਤਾ ਅਤੇ ਜਾਨੋਂ ਮਾਰਣ ਦੀਆਂ ਧਮਕੀਆਂ ਦੇਣ ਲੱਗ ਪਿਆ।

ਇਸ ਘਟਨਾ ਨਾਲ ਪਰਿਵਾਰਿਕ ਮੈਂਬਰ ਡਰ ਗਏ ਅਤੇ ਘਰ ਵਿਚ ਹੜਕੰਪ ਮਚ ਗਿਆ। ਸ਼ਿਕਾਇਤਕਰਤਾ ਵੱਲੋਂ ਸ਼ੋਰ ਮਚਾਉਣ ’ਤੇ ਦੋਵੇਂ ਮੁਲਜ਼ਮ ਮੌਕੇ ਤੋਂ ਧਮਕੀਆਂ ਦਿੰਦੇ ਹੋਏ ਮੋਟਰਸਾਈਕਲ ’ਤੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ, ਜਿਸ ’ਤੇ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕੀਤੀ।

ਪੁਲਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਦੋਵੇਂ ਮੁਲਜ਼ਮਾਂ ਵਿਚੋਂ ਮਨਪ੍ਰੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਕਿਲਾ ਨੌ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਇੱਕ ਅਣਪਛਾਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਹਜੇ ਬਾਕੀ ਹੈ। ਤਲਾਸ਼ੀ ਦੌਰਾਨ ਪੁਲਸ ਨੇ ਉਸਦੇ ਕੋਲੋਂ ਇੱਕ ਰਿਵਾਲਵਰ, 11 ਜ਼ਿੰਦਾ ਰੌਂਦ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲਸ ਅਧਿਕਾਰੀਆਂ ਮੁਤਾਬਕ ਦੂਜੇ ਅਣਪਛਾਤੇ ਮੁਲਜ਼ਮ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਹੋਰ ਤੱਥ ਸਾਹਮਣੇ ਆ ਸਕਣ। ਪੁਲਸ ਨੇ ਭਰੋਸਾ ਦਿਵਾਇਆ ਕਿ ਫਰਾਰ ਮੁਲਜ਼ਮ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।


author

Gurminder Singh

Content Editor

Related News