ਕੀ ਤੁਹਾਡਾ ਵੀ ਜ਼ਿਆਦਾ ਆ ਰਿਹਾ ਬਿਜਲੀ ਦਾ ਬਿੱਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
Thursday, Nov 07, 2024 - 11:34 AM (IST)
ਨੈਸ਼ਨਲ ਡੈਸਕ : ਬਿਜਲੀ ਦਾ ਬਿੱਲ ਆਮ ਤੌਰ 'ਤੇ ਹਰ ਘਰ ਵਿੱਚ ਇੱਕ ਮਹੱਤਵਪੂਰਨ ਖ਼ਰਚ ਹੁੰਦਾ ਹੈ। ਕਈ ਵਾਰ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਸਾਡਾ ਬਿਜਲੀ ਦਾ ਬਿੱਲ ਇੰਨਾ ਜ਼ਿਆਦਾ ਕਿਉਂ ਆ ਰਿਹਾ ਹੈ। ਹਾਲਾਂਕਿ ਅਸੀਂ ਸਾਰੇ ਬਿਜਲੀ ਦੀ ਖਪਤ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਕੁਝ ਅਜਿਹੀਆਂ ਆਦਤਾਂ ਹਨ, ਜੋ ਅਣਜਾਣੇ ਵਿੱਚ ਸਾਡੇ ਬਿੱਲਾਂ ਨੂੰ ਵਧਾ ਦਿੰਦੀਆਂ ਹਨ। ਅੱਜਕੱਲ੍ਹ, ਸਮਾਰਟਫ਼ੋਨ ਤੋਂ ਲੈ ਕੇ ਏਅਰ ਕੰਡੀਸ਼ਨਰ, ਵਾਸ਼ਿੰਗ ਮਸ਼ੀਨ, ਗੀਜ਼ਰ ਆਦਿ ਇਲੈਕਟ੍ਰਾਨਿਕ ਉਪਕਰਨਾਂ ਦੀ ਅਸੀਂ ਰੋਜ਼ਾਨਾ ਵਰਤੋਂ ਕਰਦੇ ਹਾਂ। ਇਹਨਾਂ ਵਿੱਚੋਂ ਬਹੁਤ ਸਾਰੇ ਉਪਕਰਨਾਂ ਦੀ ਖ਼ਾਸੀਅਤ ਇਹ ਹੈ ਕਿ ਜੇਕਰ ਸਹੀ ਢੰਗ ਨਾਲ ਨਾ ਵਰਤਿਆ ਜਾਵੇ, ਤਾਂ ਇਹ ਬਿਜਲੀ ਦੀ ਬੇਲੋੜੀ ਖਪਤ ਨੂੰ ਵਧਾ ਸਕਦੇ ਹਨ। ਆਓ ਜਾਣਦੇ ਹਾਂ ਕੁਝ ਅਜਿਹੀਆਂ ਆਦਤਾਂ ਅਤੇ ਗਲਤੀਆਂ ਬਾਰੇ, ਜੋ ਨਾ ਸਿਰਫ਼ ਸਾਡਾ ਬਿਜਲੀ ਦਾ ਬਿੱਲ ਵਧਾਉਂਦੀਆਂ ਹਨ ਸਗੋਂ ਬਿਜਲੀ ਦੀ ਖਪਤ ਨੂੰ ਵੀ ਬੇਵਜ੍ਹਾ ਵਧਾ ਕੇ ਰੱਖਦੀਆਂ ਹਨ।
ਪਲੱਗ-ਇਨ ਕਰਕੇ ਛੱਡ ਦੇਣਾ
ਅੱਜ-ਕੱਲ੍ਹ ਹਰ ਕਿਸੇ ਕੋਲ ਸਮਾਰਟਫੋਨ ਹੈ ਅਤੇ ਚਾਰਜਰ ਵੀ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਚਾਰਜਰ ਨੂੰ ਬੰਦ ਕੀਤੇ ਬਿਨਾਂ ਹੀ ਪਲੱਗ-ਇਨ ਕਰਕੇ ਛੱਡ ਦਿੰਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਇਸ ਕੋਈ ਫ਼ਰਕ ਨਹੀਂ ਪਵੇਗਾ ਪਰ ਇਹ ਛੋਟੀ ਜਿਹੀ ਆਦਤ ਤੁਹਾਡੀ ਬਿਜਲੀ ਦੀ ਖਪਤ ਨੂੰ ਵਧਾ ਸਕਦੀ ਹੈ। ਇਸ ਨਾਲ ਤੁਹਾਡਾ ਬਿਜਲੀ ਦਾ ਬਿੱਲ ਜ਼ਿਆਦਾ ਆ ਸਕਦਾ ਹੈ।
ਫਾਸਟ ਚਾਰਜਿੰਗ ਦੀ ਵਰਤੋਂ
ਅੱਜਕੱਲ੍ਹ ਜ਼ਿਆਦਾਤਰ ਸਮਾਰਟਫੋਨਜ਼ 'ਚ ਫਾਸਟ ਚਾਰਜਿੰਗ ਦੀ ਸਹੂਲਤ ਹੈ। ਇਹ ਚਾਰਜਰ ਮਿੰਟਾਂ ਵਿੱਚ ਫੋਨ ਨੂੰ ਪੂਰੀ ਤਰ੍ਹਾਂ ਚਾਰਜ ਕਰ ਦਿੰਦੇ ਹਨ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਫਾਸਟ ਚਾਰਜਿੰਗ ਚਾਰਜਰ ਆਮ ਚਾਰਜਰਾਂ ਨਾਲੋਂ ਜ਼ਿਆਦਾ ਬਿਜਲੀ ਦੀ ਖਪਤ ਕਰਦੇ ਹਨ। ਜਦੋਂ ਤੁਸੀਂ ਫਾਸਟ ਚਾਰਜਿੰਗ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੀ ਪਾਵਰ ਦੀ ਖਪਤ ਔਸਤਨ ਦੁੱਗਣੀ ਹੋ ਸਕਦੀ ਹੈ, ਕਿਉਂਕਿ ਉਹ ਜ਼ਿਆਦਾ ਪਾਵਰ ਤੇਜ਼ੀ ਨਾਲ ਖਿੱਚਦੇ ਹਨ। ਇਸੇ ਲਈ ਤੇਜ਼ ਚਾਰਜਿੰਗ ਦੀ ਵਰਤੋਂ ਘੱਟ ਤੋਂ ਘੱਟ ਕਰੋ। ਸਾਧਾਰਨ ਚਾਰਜਰ ਦੀ ਵਰਤੋਂ ਕਰੋ, ਜਿਸ ਨਾਲ ਬਿਜਲੀ ਦੀ ਖਪਤ ਘਟੇਗੀ।
ਬਿਜਲੀ ਦੇ ਉਪਰਕਰਨਾਂ ਦੀ ਵਰਤੋਂ
ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਅਸੀਂ ਟੀਵੀ, ਮਿਊਜ਼ਿਕ ਸਿਸਟਮ, ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ ਅਤੇ ਹੋਰ ਉਪਕਰਨਾਂ ਦੀ ਵਰਤੋਂ ਨਾ ਕਰਨ 'ਤੇ ਵੀ ਉਹਨਾਂ ਨੂੰ ਆਨ ਕਰਕੇ ਛੱਡ ਦਿੰਦੇ ਹਾਂ। ਇਹ ਆਮ ਗ਼ਲਤੀ ਹੈ, ਜੋ ਅਣਜਾਣੇ ਵਿੱਚ ਤੁਹਾਡੀ ਬਿਜਲੀ ਦੀ ਖਪਤ ਨੂੰ ਵਧਾ ਦਿੰਦੀ ਹੈ। ਉਕਤ ਉਪਕਰਨਾਂ ਦੇ ਸਵਿੱਚ ਆਨ ਹੋਣ 'ਤੇ ਤੁਹਾਡਾ ਬਿਜਲੀ ਦਾ ਬਿੱਲ ਜ਼ਿਆਦਾ ਆ ਸਕਦਾ ਹੈ।
ਇਲੈਕਟ੍ਰਾਨਿਕ ਯੰਤਰਾਂ ਨੂੰ ਬੰਦ ਰੱਖੋ
ਜਦੋਂ ਵੀ ਤੁਸੀਂ ਬਿਜਲੀ ਦੇ ਉਪਕਰਨਾਂ ਦੀ ਵਰਤੋਂ ਨਹੀਂ ਕਰ ਰਹੇ ਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿਓ। ਇਹ ਸਟੈਂਡਬਾਏ ਮੋਡ ਵਿੱਚ ਵੀ ਬਿਜਲੀ ਦੀ ਖਪਤ ਕਰਦੇ ਹਨ। ਇਸ ਲਈ ਜਦੋਂ ਲੋੜ ਨਾ ਹੋਵੇ ਤਾਂ ਏਅਰ ਕੰਡੀਸ਼ਨਰ ਨੂੰ ਵੀ ਬੰਦ ਕਰ ਦਿਓ।
ਪੱਖੇ ਅਤੇ ਏਸੀ ਦੀ ਸਹੀ ਵਰਤੋਂ
ਗਰਮੀਆਂ ਵਿੱਚ AC ਦੀ ਵਰਤੋਂ ਘੱਟ ਅਤੇ ਪੱਖੇ ਦੀ ਜ਼ਿਆਦਾ ਵਰਤੋਂ ਕਰੋ। ਜੇਕਰ AC ਦੀ ਵਰਤੋਂ ਕਰ ਰਹੇ ਹੋ, ਤਾਂ ਤਾਪਮਾਨ ਨੂੰ 25-26 ਡਿਗਰੀ ਸੈਲਸੀਅਸ 'ਤੇ ਸੈੱਟ ਕਰੋ। ਇਸ ਨਾਲ ਬਿਜਲੀ ਦੀ ਖਪਤ ਘੱਟ ਜਾਵੇਗੀ।
ਫਰਿੱਜ ਤੇ ਵਾਸ਼ਿੰਗ ਮਸ਼ੀਨ
ਫਰਿੱਜ ਦੇ ਤਾਪਮਾਨ ਨੂੰ ਸਹੀ ਸੈਟਿੰਗ 'ਤੇ ਰੱਖੋ ਅਤੇ ਦਰਵਾਜ਼ਾ ਵਾਰ-ਵਾਰ ਨਾ ਖੋਲ੍ਹੋ। ਵਾਸ਼ਿੰਗ ਮਸ਼ੀਨ ਦੀ ਵਰਤੋਂ ਪੂਰੇ ਲੋਡ 'ਤੇ ਕਰੋ ਤਾਂਕਿ ਵੱਧ ਤੋਂ ਵੱਧ ਊਰਜਾ ਦਾ ਇਸਤੇਮਾਲ ਕੀਤਾ ਜਾ ਸਕੇ।
ਕੁਦਰਤੀ ਰੌਸ਼ਨੀ ਦਾ ਇਸਤੇਮਾਲ
ਦਿਨ ਦੇ ਸਮੇਂ ਜਦੋਂ ਸੂਰਜ ਦੀ ਰੌਸ਼ਨੀ ਆਉਂਦੀ ਹੈ, ਤਾਂ ਘਰ ਵਿੱਚ ਟਿਊਬ ਲਾਈਟਾਂ, LED ਬਲਬ ਅਤੇ ਹੋਰ ਰੋਸ਼ਨੀ ਵਾਲੇ ਯੰਤਰਾਂ ਨੂੰ ਬੰਦ ਕਰ ਦਿਓ। ਇਸ ਨਾਲ ਬਿਜਲੀ ਦਾ ਇਸਤੇਮਾਲ ਘੱਟ ਜਾਵੇਗਾ। ਇਨ੍ਹਾਂ ਸਾਰੇ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਯਕੀਨੀ ਤੌਰ 'ਤੇ ਆਪਣੇ ਬਿਜਲੀ ਦੇ ਬਿੱਲ ਨੂੰ ਘਟਾ ਸਕਦੇ ਹੋ।