ਅੱਖਾਂ ਦੀ ਰੋਸ਼ਨੀ ਦਾ ''ਕਾਲ'' ਬਣ ਕੇ ਆਉਂਦੇ ਹਨ ਸ਼ੂਗਰ ਦੇ ਇਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ
Thursday, Nov 13, 2025 - 04:49 PM (IST)
ਹੈਲਥ ਡੈਸਕ- ਸ਼ੂਗਰ (ਡਾਇਬਟੀਜ਼) ਸਿਰਫ਼ ਬਲੱਡ ਸ਼ੂਗਰ ਵਧਾਉਣ ਵਾਲੀ ਬੀਮਾਰੀ ਨਹੀਂ ਹੈ, ਸਗੋਂ ਇਹ ਹੌਲੀ-ਹੌਲੀ ਸਰੀਰ ਦੇ ਹਰ ਅੰਗ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਖ਼ਾਸ ਤੌਰ ‘ਤੇ ਕਿਡਨੀ, ਦਿਲ ਅਤੇ ਅੱਖਾਂ ਇਸ ਦੇ ਸਭ ਤੋਂ ਵੱਧ ਪ੍ਰਭਾਵਿਤ ਅੰਗ ਹੁੰਦੇ ਹਨ। ਵਿਜ਼ਨ ਆਈ ਕਲਿਨਿਕ ਅਤੇ ਆਈ7 ਹਸਪਤਾਲ ਦੇ ਸੀਨੀਅਰ ਰੈਟੀਨਾ ਸਰਜਨ ਡਾ. ਪਵਨ ਗੁਪਤਾ ਦੇ ਅਨੁਸਾਰ, ਹਾਈ ਬਲੱਡ ਸ਼ੂਗਰ ਕਾਰਨ ਅੱਖਾਂ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਹੌਲੀ-ਹੌਲੀ ਉਨ੍ਹਾਂ ਵਿਚ ਖੂਨ ਦਾ ਰਿਸਾਅ (ਬਲੀਡਿੰਗ) ਸ਼ੁਰੂ ਹੋ ਸਕਦਾ ਹੈ। ਇਸ ਹਾਲਤ ਨੂੰ ਡਾਇਬੈਟਿਕ ਰੈਟੀਨੋਪੈਥੀ (Diabetic Retinopathy) ਕਿਹਾ ਜਾਂਦਾ ਹੈ।
ਸ਼ੂਗਰ ਅਤੇ ਅੱਖਾਂ ਦਾ ਕਿਹੋ ਜਿਹਾ ਰਿਸ਼ਤਾ?
ਜਦੋਂ ਬਲੱਡ ਸ਼ੂਗਰ ਲੰਮੇ ਸਮੇਂ ਲਈ ਵਧੀ ਰਹਿੰਦੀ ਹੈ, ਤਾਂ ਇਹ ਅੱਖ ਦੀਆਂ ਨਿੱਕੀਆਂ-ਨਿੱਕੀਆਂ ਖੂਨ ਦੀਆਂ ਨਸਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਨਾਲ ਅੱਖਾਂ 'ਚ ਸੋਜ, ਧੁੰਦਲਾਪਣ ਅਤੇ ਨਜ਼ਰ ਘਟਣੀ ਸ਼ੁਰੂ ਹੋ ਜਾਂਦੀ ਹੈ। ਜੇਕਰ ਇਸ ਨੂੰ ਸਮੇਂ ‘ਤੇ ਰੋਕਿਆ ਨਾ ਜਾਵੇ, ਤਾਂ ਰੈਟੀਨਾ ਦੀਆਂ ਨਸਾਂ ਫੱਟ ਸਕਦੀਆਂ ਹਨ, ਜਿਸ ਨਾਲ ਸਥਾਈ ਰੋਸ਼ਨੀ ਜਾਣ ਦਾ ਖਤਰਾ ਬਣ ਜਾਂਦਾ ਹੈ।
ਸ਼ੁਰੂਆਤੀ ਲੱਛਣ ਜੋ ਕਦੇ ਨਜ਼ਰਅੰਦਾਜ਼ ਨਾ ਕਰੋ
- ਨਜ਼ਰ ਦਾ ਧੁੰਦਲਾ ਹੋਣਾ ਜਾਂ ਧੁੰਦਲਾਪਣ ਵਧਣਾ
- ਅੱਖਾਂ ਅੱਗੇ ਕਾਲੇ ਧੱਬੇ ਜਾਂ ਤੈਰਦੇ ਧਾਗੇ ਦਿਖਾਈ ਦੇਣਾ
- ਰਾਤ ਵੇਲੇ ਵੇਖਣ 'ਚ ਮੁਸ਼ਕਲ
- ਰੰਗ ਪਛਾਣਨ 'ਚ ਦਿੱਕਤ
- ਜੇ ਇਨ੍ਹਾਂ 'ਚੋਂ ਕੋਈ ਵੀ ਲੱਛਣ ਹੋਣ, ਤਾਂ ਤੁਰੰਤ ਰੈਟੀਨਾ ਮਾਹਿਰ ਨਾਲ ਸੰਪਰਕ ਕਰੋ।
ਅੱਖਾਂ 'ਚ ਤਬਦੀਲੀ ਕਿਉਂ ਆਉਂਦੀ ਹੈ?
ਅਚਾਨਕ ਨਜ਼ਰ ਬਦਲ ਜਾਣ ਦਾ ਮੁੱਖ ਕਾਰਨ ਰੈਟੀਨਲ ਬਲੀਡਿੰਗ ਹੁੰਦਾ ਹੈ। ਇਸ 'ਚ ਅੱਖ ਦੀਆਂ ਬਹੁਤ ਬਾਰੀਕ ਨਸਾਂ ਫੱਟ ਜਾਂਦੀਆਂ ਹਨ ਅਤੇ ਉਨ੍ਹਾਂ 'ਚੋਂ ਖੂਨ ਜਾਂ ਤਰਲ ਪਦਾਰਥ ਲੀਕ ਹੋਣ ਲੱਗਦਾ ਹੈ। ਇਸ ਨੂੰ ਸਮਝਣ ਲਈ ਰੈਟੀਨਾ ਐਗਜ਼ਾਮੀਨੇਸ਼ਨ ਸਭ ਤੋਂ ਵਧੀਆ ਤਰੀਕਾ ਹੈ। ਹਰ ਸਾਲ ਇਕ ਵਾਰੀ ਰੈਟੀਨਾ ਦੀ ਜਾਂਚ ਕਰਵਾਉਣਾ ਜ਼ਰੂਰੀ ਹੈ, ਤਾਂ ਜੋ ਬੀਮਾਰੀ ਨੂੰ ਸ਼ੁਰੂਆਤੀ ਪੜਾਅ 'ਚ ਹੀ ਪਛਾਣਿਆ ਜਾ ਸਕੇ।
ਸਭ ਤੋਂ ਪਹਿਲਾ ਕਲੀਨਿਕਲ ਸੰਕੇਤ
ਡਾਇਬਟੀਜ਼ ਦੇ ਮਰੀਜ਼ਾਂ ਦੀ ਅੱਖ ਦੀ ਜਾਂਚ ਦੌਰਾਨ ਸਭ ਤੋਂ ਪਹਿਲਾਂ ਮਾਈਕਰੋਐਨਯੂਰਿਜ਼ਮ (Microaneurysm) ਨਜ਼ਰ ਆਉਂਦਾ ਹੈ। ਇਸ 'ਚ ਰੈਟੀਨਾ ਦੀਆਂ ਛੋਟੀਆਂ ਨਸਾਂ 'ਚ ਸੋਜ ਜਾਂ ਗੰਢ ਬਣ ਜਾਂਦੀ ਹੈ। ਇਹ ਗੰਢਾਂ ਤਰਲ ਪਦਾਰਥ ਲੀਕ ਕਰਦੀਆਂ ਹਨ ਅਤੇ ਮੈਕਿਊਲਰ ਐਡੀਮਾ (Macular Edema) ਦਾ ਰੂਪ ਲੈ ਸਕਦੀਆਂ ਹਨ, ਜਿਸ ਨਾਲ ਨਜ਼ਰ ਕਮਜ਼ੋਰ ਹੋਣ ਲੱਗਦੀ ਹੈ।
ਸਭ ਤੋਂ ਗੰਭੀਰ ਹਾਲਤ — ਰੈਟੀਨਲ ਹੈਮਰੇਜ
ਇਸ 'ਚ ਅੱਖ ਦੀਆਂ ਨਸਾਂ 'ਚ ਖੂਨ ਦਾ ਰਿਸਾਅ ਹੋਣ ਲੱਗਦਾ ਹੈ। ਜਾਂਚ ਦੌਰਾਨ ਅੱਖ ਦੇ ਅੰਦਰ ਕਾਟਨ ਵੂਲ ਸਪੌਟਸ (Cotton Wool Spots) ਦਿਖਾਈ ਦਿੰਦੀਆਂ ਹਨ। ਇਹ ਇਸ਼ਾਰਾ ਹੁੰਦਾ ਹੈ ਕਿ ਰੈਟੀਨਾ ਨੂੰ ਗੰਭੀਰ ਨੁਕਸਾਨ ਪਹੁੰਚ ਚੁੱਕਾ ਹੈ ਜਾਂ ਹੋਣ ਵਾਲਾ ਹੈ।
ਰੈਟੀਨਾ ਦੀ ਨਿਯਮਿਤ ਜਾਂਚ ਕਿਉਂ ਜ਼ਰੂਰੀ ਹੈ
- ਡਾਇਬਟੀਜ਼ ਦੇ ਮਰੀਜ਼ਾਂ ਨੂੰ ਹਰ ਸਾਲ ਆਪਣੀ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਲਈ ਇਹ ਟੈਸਟ ਕੀਤੇ ਜਾਂਦੇ ਹਨ:
- ਫੰਡਸ ਫੋਟੋਗ੍ਰਾਫੀ (Fundus Photography): ਅੱਖ ਦੇ ਅੰਦਰਲੀ ਤਸਵੀਰ ਲਈ
- OCT (Optical Coherence Tomography): ਰੈਟੀਨਾ ਦੀਆਂ ਪਰਤਾਂ ਦੀ ਜਾਂਚ ਲਈ
- ਫਲੂਓਰੇਸਿਨ ਐਂਜਿਓਗ੍ਰਾਫੀ (Fluorescein Angiography): ਖੂਨ ਦੇ ਪ੍ਰਵਾਹ ਅਤੇ ਲੀਕੇਜ ਦੀ ਜਾਂਚ ਲਈ
- ਡਾਕਟਰ ਸਲਾਹ ਦਿੰਦੇ ਹਨ ਕਿ ਸ਼ੂਗਰ ਦਾ ਪਤਾ ਲੱਗਦੇ ਹੀ ਰੈਟੀਨਾ ਟੈਸਟ ਕਰਵਾਉਣਾ ਚਾਹੀਦਾ ਹੈ, ਭਾਵੇਂ ਕੋਈ ਲੱਛਣ ਨਾ ਹੋਣ।
ਕੀ ਕਰਨਾ ਹੈ ਤੇ ਕੀ ਨਹੀਂ
- ਬਲੱਡ ਸ਼ੂਗਰ ਦੀ ਨਿਯਮਿਤ ਜਾਂਚ ਕਰੋ
- ਸੰਤੁਲਿਤ ਡਾਇਟ ਲਵੋ ਤੇ ਮਿੱਠਾ ਘੱਟ ਖਾਓ
- ਹਰ ਸਾਲ ਅੱਖਾਂ ਦੀ ਜਾਂਚ ਕਰਵਾਓ
- ਸਮੇਂ ‘ਤੇ ਦਵਾਈ ਅਤੇ ਇਲਾਜ ਲਵੋ
- ਸਿਗਰਨੋਸ਼ੀ ਜਾਂ ਸ਼ਰਾਬ ਤੋਂ ਦੂਰ ਰਹੋ
- ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
