ਸਿਹਤ ਲਈ ਖਤਰਾ ਬਣ ਰਿਹੈ ਈ-ਕਚਰਾ
Sunday, Mar 22, 2020 - 05:56 PM (IST)
ਨਵੀਂ ਦਿੱਲੀ—ਕੋਰੋਨਾ ਵਾਇਰਸ ਤੋਂ ਬਚਾਅ ਲਈ ਪੂਰੇ ਦੇਸ਼ ’ਚ ਚਲਾਈ ਜਾ ਰਹੀ ਸਫਾਈ ਮੁਹਿੰਮ ਵਾਂਗ ਹੀ ਫਜ਼ੂਲ ਅਤੇ ਖਰਾਬ ਹੋ ਚੁੱਕੇ ਇਲੈਕਟ੍ਰਾਨਿਕਸ ਸਾਮਾਨ ਨੂੰ ਸੁਰੱਖਿਅਤ ਢੰਗ ਨਾਲ ਲਾਂਭੇ ਕੀਤੇ ਜਾਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ’ਚ ਮੌਜੂਦ ਰਸਾਇਣ ਫੇਫੜਿਆਂ, ਕਿਡਨੀ, ਲਿਵਰ, ਦਿਲ, ਦਿਮਾਗ ਅਤੇ ਨਸਾਂ ਦਾ ਨੁਕਸਾਨ ਕਰ ਸਕਦੇ ਹਨ। ਮਾਹਿਰਾਂ ਅਨੁਸਾਰ ਅਜਿਹੇ ਕੂੜੇ ’ਚ ਪਾਰਾ, ਸ਼ੀਸ਼ਾ, ਕੈਡਮੀਅਮ, ਤੇਜ਼ਾਬ ਅਤੇ ਬੇਰੀਲੀਅਮ ਵਰਗੇ ਜ਼ਹਿਰੀਲੇ ਪਦਾਰਥ ਹੁੰਦੇ ਹਨ, ਜਿਹੜੇ ਕਈ ਗੰਭੀਰ ਬੀਮਾਰੀਆਂ ਪੈਦਾ ਕਰਦੇ ਹਨ। ਬੇਕਾਰ ਹੋ ਚੁੱਕੇ ਕੰਪਿਊਟਰ ਦੇ ਮਾਨੀਟਰ, ਮਦਰਬੋਰਡ, ਲੈਪਟਾਪ, ਟੀ. ਵੀ., ਰੇਡੀਓ, ਰੈਫਰੀਜਰੇਟਰ, ਕੈਥੋਡ ਰੇ ਟਿਊਬ (ਸੀ.ਆਰ.ਟੀ.), ਪ੍ਰਿੰਟਿਡ ਸਰਕਟ ਬੋਰਡ (ਪੀ.ਸੀ.ਬੀ.), ਮੋਬਾਇਲ ਫੋਨ, ਚਾਰਜਰ, ਕਾਂਟੈਕਟ ਡਿਸਕ, ਹੈੱਡਫੋਨ ਨਾਲ ਐੱਲ.ਸੀ.ਡੀ. ਜਾਂ ਪਲਾਜ਼ਮਾ ਟੀ.ਵੀ. ਅਤੇ ਏਅਰ ਕੰਡੀਸ਼ਨਰ ਵਰਗੇ ਇਲੈਕਟ੍ਰਾਨਿਕਸ ਸਾਜ਼ ਸਾਮਾਨ ਨੂੰ ਈ-ਕੂੜਾ ਜਾਂ ਇਲੈਕਟ੍ਰਾਨਿਕਸ ਕੂੜਾ ਆਖਿਆ ਜਾਂਦਾ ਹੈ ਅਤੇ ਇਸ ਨੂੰ ਕਈ ਤਰੀਕਿਆਂ ਨਾਲ ਲਾਂਭੇ ਨਾ ਕੀਤੇ ਜਾਣ ਨਾਲ ਆਮ ਲੋਕਾਂ ਦੀ ਸਿਹਤ ਲਈ ਖਤਰਾ ਪੈਦਾ ਹੋ ਸਕਦਾ ਹੈ।
ਦੇਸ਼ ’ਚ ਇਲੈਕਟ੍ਰਾਨਿਕਸ ਦੀ ਟੁੱਟ-ਭੱਜ ਦੇ ਪ੍ਰਬੰਧ ਸਬੰਧੀ ਐਸੋਚੈਮ-ਕੇ.ਪੀ.ਐੱਮ.ਜੀ. ਵੱਲੋਂ ਜਾਰੀ ਕੀਤੀ ਗਈ ਇਕ ਰਿਪੋਰਟ ਅਨੁਸਾਰ ਦੁਨੀਆ ’ਚ ਹਰ ਸਾਲ ਜਿੰਨਾ ਈ-ਕੂੜਾ ਪੈਦਾ ਹੁੰਦਾ ਹੈ, ਉਸ ਦਾ ਲਗਭਗ 4 ਫੀਸਦੀ ਭਾਰਤ ’ਚ ਪੈਦਾ ਹੁੰਦਾ ਹੈ। ਈ-ਕੂੜੇ ’ਚ ਕੰਪਿਊਟਰਾਂ ਦੇ ਸਾਜ਼-ਸਾਮਾਨ ਦਾ ਲਗਭਗ 70 ਫੀਸਦੀ ਹਿੱਸਾ ਹੁੰਦਾ ਹੈ।