ਖੇਡ-ਖੇਡ 'ਚ ਗੰਦੇ ਹੋਏ ਕੱਪੜੇ ! ਮਾਪਿਆਂ ਨੇ ਕੁੱਟ-ਕੁੱਟ ਮਾਰ'ਤੀ ਮਾਸੂਮ ਧੀ
Tuesday, Jan 13, 2026 - 01:47 PM (IST)
ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਇਕ 6 ਸਾਲਾ ਮਾਸੂਮ ਬੱਚੀ ਸ਼ਿਫਾ ਦੀ ਉਸ ਦੇ ਆਪਣੇ ਹੀ ਪਿਤਾ ਅਤੇ ਮਤਰੇਈ ਮਾਂ ਨੇ ਬੇਰਹਿਮੀ ਨਾਲ ਕੁੱਟਮਾਰ ਕਰਕੇ ਜਾਨ ਲੈ ਲਈ। ਇਹ ਖ਼ੌਫ਼ਨਾਕ ਮਾਮਲਾ ਵੇਵ ਸਿਟੀ ਥਾਣਾ ਖੇਤਰ ਦੇ ਡਾਸਨਾ ਸਥਿਤ ਮੁਹੱਲਾ ਬਾਜ਼ੀਗੀਰਾਨ ਦਾ ਹੈ।
ਨਾਲੀ 'ਚ ਡਿੱਗਣ ਕਾਰਨ ਗੰਦੇ ਹੋਏ ਸਨ ਕੱਪੜੇ
ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ 12 ਜਨਵਰੀ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਸੂਮ ਸ਼ਿਫਾ ਘਰੋਂ ਬਾਹਰ ਖੇਡਣ ਗਈ ਸੀ, ਜਿੱਥੇ ਉਹ ਗਲਤੀ ਨਾਲ ਨਾਲੀ 'ਚ ਡਿੱਗ ਗਈ ਅਤੇ ਉਸ ਦੇ ਕੱਪੜੇ ਗੰਦੇ ਹੋ ਗਏ। ਇਸ ਗੱਲ ਤੋਂ ਗੁੱਸੇ 'ਚ ਆ ਕੇ ਮਤਰੇਈ ਮਾਂ ਨਿਸ਼ਾ ਪਰਵੀਨ ਨੇ ਪਹਿਲਾਂ ਬੱਚੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਉਸ ਦੇ ਪਿਤਾ ਅਕਰਮ ਨੂੰ ਇਸ ਦੀ ਸ਼ਿਕਾਇਤ ਕੀਤੀ। ਦੋਸ਼ ਹੈ ਕਿ ਪਿਤਾ ਨੇ ਵੀ ਡੰਡੇ ਨਾਲ ਬੱਚੀ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਗੁਪਚੁਪ ਤਰੀਕੇ ਨਾਲ ਲਾਸ਼ ਦਫ਼ਨਾਉਣ ਦੀ ਸੀ ਤਿਆਰੀ
ਘਟਨਾ ਤੋਂ ਬਾਅਦ ਮੁਲਜ਼ਮ ਮਾਪਿਆਂ ਨੇ ਆਪਣਾ ਗੁਨਾਹ ਲੁਕਾਉਣ ਲਈ ਬੱਚੀ ਦੀ ਲਾਸ਼ ਨੂੰ ਚੁੱਪ-ਚਾਪ ਦਫ਼ਨਾਉਣ ਦੀ ਯੋਜਨਾ ਬਣਾਈ ਸੀ। ਪਰ ਇਕ ਰਿਸ਼ਤੇਦਾਰ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦੇ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਬੱਚੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਬੱਚੀ ਦੇ ਸਰੀਰ 'ਤੇ ਸੱਟਾਂ ਦੇ ਕਈ ਡੂੰਘੇ ਨਿਸ਼ਾਨ ਪਾਏ ਗਏ ਹਨ।
ਮੁਲਜ਼ਮ ਪਿਤਾ ਅਤੇ ਮਤਰੇਈ ਮਾਂ ਗ੍ਰਿਫਤਾਰ
ਪੁਲਸ ਨੇ ਕਾਰਵਾਈ ਕਰਦੇ ਹੋਏ ਬੱਚੀ ਦੇ ਪਿਤਾ ਅਕਰਮ ਅਤੇ ਮਤਰੇਈ ਮਾਂ ਨਿਸ਼ਾ ਪਰਵੀਨ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਅਕਰਮ ਪੈਠ ਬਾਜ਼ਾਰਾਂ 'ਚ ਜੁੱਤੀਆਂ-ਚੱਪਲਾਂ ਦੀ ਦੁਕਾਨ ਲਗਾਉਂਦਾ ਹੈ। ਉਸ ਦੀ ਪਹਿਲੀ ਪਤਨੀ ਦੀ 2023 'ਚ ਬੀਮਾਰੀ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਦੂਜਾ ਵਿਆਹ ਕੀਤਾ ਸੀ। ਗੁਆਂਢੀਆਂ ਮੁਤਾਬਕ ਦੋਵੇਂ ਅਕਸਰ ਬੱਚਿਆਂ ਨਾਲ ਕੁੱਟਮਾਰ ਅਤੇ ਸ਼ੋਸ਼ਣ ਕਰਦੇ ਰਹਿੰਦੇ ਸਨ। ਸਹਾਇਕ ਪੁਲਸ ਕਮਿਸ਼ਨਰ ਪ੍ਰਿਆਸ਼੍ਰੀ ਪਾਲ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
