T20 WC 2026 ਖੇਡ ਰਹੇ ਸਟਾਰ ਕ੍ਰਿਕਟਰ ਨੇ ਅਚਾਨਕ ਸੰਨਿਆਸ ਦਾ ਕੀਤਾ ਐਲਾਨ, ਕ੍ਰਿਕਟ ਜਗਤ ਹੈਰਾਨ

Wednesday, Feb 18, 2026 - 02:57 PM (IST)

T20 WC 2026 ਖੇਡ ਰਹੇ ਸਟਾਰ ਕ੍ਰਿਕਟਰ ਨੇ ਅਚਾਨਕ ਸੰਨਿਆਸ ਦਾ ਕੀਤਾ ਐਲਾਨ, ਕ੍ਰਿਕਟ ਜਗਤ ਹੈਰਾਨ

ਸਪੋਰਟਸ ਡੈਸਕ : ਕੈਨੇਡਾ ਦੇ ਸਾਬਕਾ ਕਪਤਾਨ ਅਤੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਦੇਸ਼ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਨਵਨੀਤ ਧਾਲੀਵਾਲ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ। ਉਹ ਮੌਜੂਦਾ ਟੀ-20 ਵਿਸ਼ਵ ਕੱਪ 2026 ਤੋਂ ਬਾਅਦ ਸੰਨਿਆਸ ਲੈ ਲੈਣਗੇ। ਧਾਲੀਵਾਲ ਵੀਰਵਾਰ ਨੂੰ ਚੇਨਈ ਦੇ ਐੱਮ.ਏ. ਚਿਦੰਬਰਮ ਸਟੇਡੀਅਮ ਵਿੱਚ ਅਫਗਾਨਿਸਤਾਨ ਵਿਰੁੱਧ ਗਰੁੱਪ ਪੜਾਅ ਦੇ ਆਪਣੇ ਆਖਰੀ ਮੈਚ ਵਿੱਚ ਕੈਨੇਡਾ ਦੀ ਜਰਸੀ ਵਿੱਚ ਆਖਰੀ ਵਾਰ ਮੈਦਾਨ ਵਿੱਚ ਉਤਰਨਗੇ।

12 ਸਾਲਾਂ ਦਾ ਸ਼ਾਨਦਾਰ ਸਫ਼ਰ 
ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਵਿਸ਼ਵ ਕੱਪ ਵਿੱਚ ਆਉਣ ਤੋਂ ਪਹਿਲਾਂ ਹੀ ਇਹ ਫੈਸਲਾ ਕਰ ਲਿਆ ਸੀ। ਉਨ੍ਹਾਂ ਨੇ ਸਾਲ 2015 ਵਿੱਚ ਕੈਨੇਡਾ ਲਈ ਆਪਣਾ ਪਹਿਲਾ ਮੈਚ ਖੇਡਿਆ ਸੀ ਅਤੇ ਲਗਭਗ 12 ਸਾਲਾਂ ਤੱਕ ਟੀਮ ਦੀ ਸੇਵਾ ਕੀਤੀ। ਉਨ੍ਹਾਂ ਦੇ ਕਰੀਅਰ ਦੇ ਅੰਕੜੇ ਬੇਹੱਦ ਪ੍ਰਭਾਵਸ਼ਾਲੀ ਹਨ। ਉਨ੍ਹਾਂ ਨੇ ਟੀ-20 ਅੰਤਰਰਾਸ਼ਟਰੀ ਦੇ 48 ਮੈਚਾਂ ਵਿੱਚ 1305 ਦੌੜਾਂ (ਟੀਮ ਲਈ ਸਭ ਤੋਂ ਵੱਧ) ਬਣਾਈਆਂ। ਵਨਡੇ (ODI)'ਚ 18 ਮੈਚਾਂ ਵਿੱਚ 456 ਦੌੜਾਂ ਬਣਾਈਆਂ। ਉਨ੍ਹਾਂ ਦੀ ਕਪਤਾਨੀ ਹੇਠ ਕੈਨੇਡਾ ਨੇ 25 ਵਿੱਚੋਂ 21 ਮੈਚਾਂ ਵਿੱਚ ਜਿੱਤ ਦਰਜ ਕੀਤੀ।

ਯਾਦਗਾਰ ਪਲ 
ਧਾਲੀਵਾਲ ਨੇ ਆਪਣੇ ਕਰੀਅਰ ਨੂੰ ਯਾਦ ਕਰਦਿਆਂ ਕਿਹਾ ਕਿ ਜਦੋਂ ਕੈਨੇਡਾ ਨੇ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ, ਉਹ ਉਨ੍ਹਾਂ ਲਈ ਸਭ ਤੋਂ ਮਾਣ ਵਾਲਾ ਪਲ ਸੀ। ਇਸ ਤੋਂ ਇਲਾਵਾ, ਪਿਛਲੇ ਵਿਸ਼ਵ ਕੱਪ ਦੇ ਉਦਘਾਟਨੀ ਮੈਚ ਵਿੱਚ 44 ਗੇਂਦਾਂ ਵਿੱਚ 61 ਦੌੜਾਂ ਬਣਾਉਣਾ ਅਤੇ ਟੀਮ ਦਾ ਕਪਤਾਨ ਬਣਨਾ ਉਨ੍ਹਾਂ ਦੀਆਂ ਸਭ ਤੋਂ ਪਿਆਰੀਆਂ ਯਾਦਾਂ ਵਿੱਚ ਸ਼ਾਮਲ ਹੈ।

ਨਵੀਂ ਪੀੜ੍ਹੀ ਨੂੰ ਤਿਆਰ ਕਰਨ ਦੀ ਯੋਜਨਾ 
ਸੰਨਿਆਸ ਤੋਂ ਬਾਅਦ ਧਾਲੀਵਾਲ ਕ੍ਰਿਕਟ ਤੋਂ ਦੂਰ ਨਹੀਂ ਹੋਣਗੇ, ਸਗੋਂ ਉਹ ਕੋਚਿੰਗ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਉਨ੍ਹਾਂ ਦਾ ਮੁੱਖ ਟੀਚਾ ਕੈਨੇਡਾ ਦੀ ਕ੍ਰਿਕਟ ਨੂੰ ਹੇਠਲੇ ਪੱਧਰ (grassroots level) ਤੋਂ ਮਜ਼ਬੂਤ ਕਰਨਾ ਅਤੇ ਨੌਜਵਾਨ ਖਿਡਾਰੀਆਂ ਦੀ ਮਦਦ ਕਰਨਾ ਹੈ। ਉਨ੍ਹਾਂ ਕਿਹਾ ਕਿ ਕ੍ਰਿਕਟ ਉਨ੍ਹਾਂ ਦੇ ਖੂਨ ਵਿੱਚ ਹੈ, ਇਸ ਲਈ ਇਸ ਨੂੰ ਪੂਰੀ ਤਰ੍ਹਾਂ ਛੱਡਣਾ ਮੁਸ਼ਕਿਲ ਹੈ।

ਜ਼ਿਕਰਯੋਗ ਹੈ ਕਿ ਚੱਲ ਰਹੇ ਵਿਸ਼ਵ ਕੱਪ ਵਿੱਚ ਕੈਨੇਡਾ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਹੈ ਅਤੇ ਟੀਮ ਆਪਣੇ ਪਹਿਲੇ ਤਿੰਨੇ ਮੈਚ ਹਾਰ ਚੁੱਕੀ ਹੈ। ਹੁਣ ਧਾਲੀਵਾਲ ਅਤੇ ਉਨ੍ਹਾਂ ਦੀ ਟੀਮ ਅਫਗਾਨਿਸਤਾਨ ਵਿਰੁੱਧ ਜਿੱਤ ਦਰਜ ਕਰਕੇ ਟੂਰਨਾਮੈਂਟ ਦਾ ਅੰਤ ਖੁਸ਼ਗਵਾਰ ਤਰੀਕੇ ਨਾਲ ਕਰਨਾ ਚਾਹੁਣਗੇ।


author

Tarsem Singh

Content Editor

Related News