T20 World Cup ਦੌਰਾਨ ਦਿੱਗਜ ਕ੍ਰਿਕਟਰ ਦੇ ਪਿਤਾ ਦਾ ਦੇਹਾਂਤ, ਸੋਗ 'ਚ ਡੁੱਬੇ ਖੇਡ ਪ੍ਰੇਮੀ

Tuesday, Mar 03, 2026 - 06:10 PM (IST)

T20 World Cup ਦੌਰਾਨ ਦਿੱਗਜ ਕ੍ਰਿਕਟਰ ਦੇ ਪਿਤਾ ਦਾ ਦੇਹਾਂਤ, ਸੋਗ 'ਚ ਡੁੱਬੇ ਖੇਡ ਪ੍ਰੇਮੀ

ਕੈਂਡੀ (ਸ਼੍ਰੀਲੰਕਾ) : ਇਕ ਪਾਸੇ ਟੀ20 ਵਿਸ਼ਵ ਕੱਪ 2026 ਆਪਣੇ ਆਖ਼ਰੀ ਪੜਾਅ 'ਤੇ ਪੁੱਜ ਚੁੱਕਾ ਹੈ। ਦੂਜੇ ਪਾਸੇ ਕ੍ਰਿਕਟ ਜਗਤ ਤੋਂ ਹੀ ਇਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ਼੍ਰੀਲੰਕਾ ਦੇ ਮਹਾਨ ਕ੍ਰਿਕਟਰ ਕੁਮਾਰ ਸੰਗਕਾਰਾ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਨ੍ਹਾਂ ਦੇ ਪਿਤਾ ਕਸ਼ੇਮਾ ਸੰਗਕਾਰਾ ਦਾ ਦਿਹਾਂਤ ਹੋ ਗਿਆ ਹੈ। ਕਸ਼ੇਮਾ ਸੰਗਕਾਰਾ ਸ਼੍ਰੀਲੰਕਾ ਦੇ ਕੈਂਡੀ ਸ਼ਹਿਰ ਦੇ ਇੱਕ ਸਨਮਾਨਤ ਨਾਗਰਿਕ ਅਤੇ ਪ੍ਰਸਿੱਧ ਸਿਵਲ ਵਕੀਲ ਸਨ। ਸੰਗਕਾਰਾ ਦੇ ਪਰਿਵਾਰ ਨੇ ਇਸ ਦੁਖਦ ਖ਼ਬਰ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ 4 ਮਾਰਚ ਨੂੰ ਕੀਤਾ ਜਾਵੇਗਾ।

ਕੁਮਾਰ ਸੰਗਕਾਰਾ ਦੇ ਪਹਿਲੇ ਕੋਚ ਸਨ ਕਸ਼ੇਮਾ 
ਕਸ਼ੇਮਾ ਸੰਗਕਾਰਾ ਭਾਵੇਂ ਖੁਦ ਪੇਸ਼ੇਵਰ ਕ੍ਰਿਕਟਰ ਨਹੀਂ ਸਨ, ਪਰ ਉਹ ਕੁਮਾਰ ਸੰਗਕਾਰਾ ਦੇ ਪਹਿਲੇ ਕੋਚ ਸਨ। ਉਨ੍ਹਾਂ ਨੇ ਆਪਣੇ ਪੁੱਤਰ ਨੂੰ ਦੁਨੀਆ ਦਾ ਮਹਾਨਤਮ ਕ੍ਰਿਕਟਰ ਬਣਾਉਣ ਲਈ ਬਹੁਤ ਮਿਹਨਤ ਕੀਤੀ ਸੀ। ਉਹ ਆਪਣੇ ਬੱਚਿਆਂ ਦੀ ਸਿਖਲਾਈ ਨੂੰ ਲੈ ਕੇ ਬੇਹੱਦ ਅਨੁਸ਼ਾਸਿਤ ਸਨ ਅਤੇ ਰੋਜ਼ਾਨਾ ਘੰਟਿਆਂਬੱਧੀ ਸੰਗਕਾਰਾ ਅਤੇ ਉਨ੍ਹਾਂ ਦੇ ਭਰਾਵਾਂ ਦੀ ਕੋਚਿੰਗ 'ਤੇ ਸਮਾਂ ਬਿਤਾਉਂਦੇ ਸਨ। ਕੁਮਾਰ ਸੰਗਕਾਰਾ ਦੀ ਸਫਲਤਾ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਸੰਗਕਾਰਾ ਨੇ ਆਪਣੀ ਰਿਟਾਇਰਮੈਂਟ ਦੌਰਾਨ ਦਿੱਤੇ ਭਾਸ਼ਣ ਵਿੱਚ ਵੀ ਵਿਸ਼ੇਸ਼ ਤੌਰ 'ਤੇ ਆਪਣੇ ਪਿਤਾ ਦਾ ਧੰਨਵਾਦ ਕੀਤਾ ਸੀ।

ਪਰਿਵਾਰ ਅਤੇ ਖੇਡ ਜਗਤ ਵਿੱਚ ਸੋਗ 
ਪਰਿਵਾਰ ਵੱਲੋਂ ਜਾਰੀ ਬਿਆਨ ਅਨੁਸਾਰ, ਕਸ਼ੇਮਾ ਸੰਗਕਾਰਾ ਆਪਣੇ ਪਿੱਛੇ ਪਤਨੀ ਕੁਮਾਰੀ ਅਤੇ ਚਾਰ ਬੱਚੇ—ਤੁਸ਼ਾਰੀ, ਵੇਮਿੰਦਰਾ, ਸਾਰੰਗਾ ਅਤੇ ਕੁਮਾਰ ਛੱਡ ਗਏ ਹਨ। ਜ਼ਿਕਰਯੋਗ ਹੈ ਕਿ ਕੁਮਾਰ ਸੰਗਕਾਰਾ ਮੌਜੂਦਾ ਸਮੇਂ ਵਿੱਚ ਆਈਪੀਐਲ (IPL) ਟੀਮ ਰਾਜਸਥਾਨ ਰਾਇਲਜ਼ ਦੇ ਹੈੱਡ ਕੋਚ ਅਤੇ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ। ਇਸ ਦੁਖਦ ਖ਼ਬਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕ੍ਰਿਕਟ ਪ੍ਰੇਮੀਆਂ ਅਤੇ ਖੇਡ ਜਗਤ ਦੀਆਂ ਹਸਤੀਆਂ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ।


author

Tarsem Singh

Content Editor

Related News