ਭਾਜਪਾ ਅਤੇ ''ਇੰਡੀਆ'' ਗੱਠਜੋੜ ’ਚ 300 ਸੀਟਾਂ ’ਤੇ ਸਿੱਧੀ ਟੱਕਰ

Friday, Apr 26, 2024 - 04:19 PM (IST)

ਭਾਜਪਾ ਅਤੇ ''ਇੰਡੀਆ'' ਗੱਠਜੋੜ ’ਚ 300 ਸੀਟਾਂ ’ਤੇ ਸਿੱਧੀ ਟੱਕਰ

ਨਵੀਂ ਦਿੱਲੀ- ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਸਾਰੇ ਮਤਭੇਦਾਂ ਦੇ ਬਾਵਜੂਦ ਇੰਡੀਆ ਗੱਠਜੋੜ ਲੋਕ ਸਭਾ ਦੀਆਂ 300 ਸੀਟਾਂ ’ਤੇ ਭਾਜਪਾ ਸਾਹਮਣੇ ਮਜ਼ਬੂਤੀ ਨਾਲ ਚੋਣ ਲੜ ਰਿਹਾ ਹੈ। ਇੰਡੀਆ ਗੱਠਜੋੜ ਨੇ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਦਿੱਲੀ, ਮੱਧ ਪ੍ਰਦੇਸ਼, ਗੁਜਰਾਤ, ਹਰਿਆਣਾ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਗੋਆ ’ਚ ਆਪਸੀ ਸਹਿਮਤੀ ਨਾਲ ਮਜ਼ਬੂਤ ​​ਉਮੀਦਵਾਰ ਖੜ੍ਹੇ ਕੀਤੇ ਹਨ। ਇਨ੍ਹਾਂ 10 ਸੂਬਿਆਂ ’ਚ ਲੋਕ ਸਭਾ ਦੀਆਂ ਕੁੱਲ 295 ਸੀਟਾਂ ਹਨ। ਦੂਜੇ ਪਾਸੇ ਪੱਛਮੀ ਬੰਗਾਲ ਦੀਆਂ 42, ਪੰਜਾਬ ਦੀਆਂ 13 ਅਤੇ ਜੰਮੂ-ਕਸ਼ਮੀਰ ਦੀਆਂ 5 ਸੀਟਾਂ ’ਤੇ ਗੱਠਜੋੜ ਨਹੀਂ ਹੋ ਸਕਿਆ। ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸ ਆਹਮੋ-ਸਾਹਮਣੇ ਹਨ, ਉਥੇ ਹੀ ਪੰਜਾਬ ’ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਹੈ। ਜੰਮੂ-ਕਸ਼ਮੀਰ ’ਚ ਕਾਂਗਰਸ-ਨੈਸ਼ਨਲ ਕਾਨਫਰੰਸ ਦੇ ਸਾਹਮਣੇ ਪੀ. ਡੀ. ਪੀ. ਚੋਣ ਲੜ ਰਹੀ ਹੈ। ਜੇਕਰ ਪੱਛਮੀ ਬੰਗਾਲ, ਪੰਜਾਬ ਅਤੇ ਜੰਮੂ-ਕਸ਼ਮੀਰ ’ਚ ਸੀਟਾਂ ਦੀ ਵੰਡ ’ਤੇ ਸਹਿਮਤੀ ਬਣ ਜਾਂਦੀ ਤਾਂ ਚੋਣਾਂ ’ਚ 350 ਤੋਂ ਵੱਧ ਸੀਟਾਂ ’ਤੇ ਭਾਜਪਾ ਖਿਲਾਫ ਗੱਠਜੋੜ ਦੇ ਉਮੀਦਵਾਰ ਹੁੰਦੇ।

100 ਸੀਟਾਂ ’ਤੇ ਕਾਂਗਰਸ ਦਾ ਭਾਜਪਾ ਨਾਲ ਹੋ ਸਕਦੈ ਸਿੱਧਾ ਮੁਕਾਬਲਾ

ਕਾਂਗਰਸ ਨੇ ਇਨ੍ਹਾਂ ਚੋਣਾਂ ’ਚ ਨਵੀਂ ਰਣਨੀਤੀ ’ਤੇ ਕੰਮ ਕਰਦੇ ਹੋਏ ਭਾਜਪਾ ਨਾਲ ਸਿੱਧੇ ਮੁਕਾਬਲੇ ਵਾਲੀਆਂ ਆਪਣੀਆਂ ਸੀਟਾਂ ਦੀ ਗਿਣਤੀ ਵੀ ਘਟਾ ਦਿੱਤੀ ਹੈ। ਪਿਛਲੀਆਂ ਚੋਣਾਂ ’ਚ 190 ਸੀਟਾਂ ’ਤੇ ਕਾਂਗਰਸ ਅਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਹੋਇਆ ਸੀ, ਜਿਨ੍ਹਾਂ ’ਚੋਂ ਭਾਜਪਾ 175 ਸੀਟਾਂ ਜਿੱਤ ਗਈਆਂ ਸੀ, ਜਦਕਿ ਖੇਤਰੀ ਪਾਰਟੀਆਂ ਨਾਲ ਮੁਕਾਬਲੇ ’ਚ ਕਾਂਗਰਸ 34 ਸੀਟਾਂ ਹੀ ਜਿੱਤ ਸਕੀ ਸੀ। ਦੂਜੇ ਪਾਸੇ ਭਾਜਪਾ ਦਾ ਸਟ੍ਰਾਈਕ ਰੇਟ ਖੇਤਰੀ ਪਾਰਟੀਆਂ ਦੇ ਮੁਕਾਬਲੇ ਬਿਹਤਰ ਰਿਹਾ ਹੈ। ਭਾਜਪਾ ਨੇ ਖੇਤਰੀ ਪਾਰਟੀਆਂ ਖਿਲਾਫ 185 ਸੀਟਾਂ ’ਤੇ ਚੋਣ ਲੜੀ ਸੀ, ਜਿਸ ’ਚੋਂ 128 ਸੀਟਾਂ ’ਤੇ ਉਸ ਦੀ ਜਿੱਤ ਹੋਈ ਸੀ, ਜਦਕਿ 57 ਸੀਟਾਂ ਖੇਤਰੀ ਪਾਰਟੀਆਂ ਨੇ ਜਿੱਤੀਆਂ ਸਨ। ਕਾਂਗਰਸ ਇਸ ਵਾਰ ਗੁਜਰਾਤ, ਰਾਜਸਥਾਨ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਦਿੱਲੀ ਦੀਆਂ ਕਰੀਬ 100 ਸੀਟਾਂ ’ਤੇ ਹੀ ਭਾਜਪਾ ਨਾਲ ਸਿੱਧੇ ਮੁਕਾਬਲੇ ’ਚ ਹੈ।

ਸਭ ਤੋਂ ਘੱਟ ਸੀਟਾਂ ’ਤੇ ਚੋਣ ਲੜ ਰਹੀ ਹੈ ਕਾਂਗਰਸ

ਪਾਰਟੀ ਦੇ ਇਕ ਸੀਨੀਅਰ ਨੇਤਾ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਾਂਗਰਸ ਪੰਜਵੇਂ, ਛੇਵੇਂ ਅਤੇ ਸੱਤਵੇਂ ਪੜਾਅ ਲਈ ਕੁਝ ਹੋਰ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਇੰਡੀਆ ਗੱਠਜੋੜ ਕਾਰਨ ਇਨ੍ਹਾਂ ਚੋਣਾਂ ’ਚ ਕਾਂਗਰਸ ਆਪਣੇ ਇਤਿਹਾਸ ਵਿਚ ਸਭ ਤੋਂ ਘੱਟ ਸੀਟਾਂ ’ਤੇ ਚੋਣ ਲੜ ਰਹੀ ਹੈ, ਉਥੇ ਹੀ ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ ਅਤੇ ਤਾਮਿਲਨਾਡੂ ’ਚ ਪਾਰਟੀ ਛੋਟੇ ਭਰਾ ਦੀ ਭੂਮਿਕਾ ’ਚ ਚੋਣਾਂ ਲੜ ਰਹੀ ਹੈ। ਉੱਤਰ ਪ੍ਰਦੇਸ਼ ’ਚ ਪਾਰਟੀ 17, ਬਿਹਾਰ ’ਚ 9 ਅਤੇ ਤਾਮਿਲਨਾਡੂ ’ਚ 9 ਸੀਟਾਂ ’ਤੇ ਚੋਣ ਮੈਦਾਨ ’ਚ ਹੈ।


author

Rakesh

Content Editor

Related News