ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਭਾਜਪਾ ਦਾ ਜਲੰਧਰ 'ਚ ਵੱਡਾ ਪ੍ਰਦਰਸ਼ਨ

Wednesday, Mar 18, 2026 - 12:21 PM (IST)

ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਭਾਜਪਾ ਦਾ ਜਲੰਧਰ 'ਚ ਵੱਡਾ ਪ੍ਰਦਰਸ਼ਨ

ਜਲੰਧਰ (ਵੈੱਬ ਡੈਸਕ)-ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਕੇਸਰੀ ਦੇ ਹੋਟਲ ਪਾਰਕ ਪਲਾਜ਼ਾ 'ਤੇ ਕੀਤੀ ਗਈ ਕਾਰਵਾਈ ਮਗਰੋਂ ਪੰਜਾਬ ਕੇਸਰੀ ਦੇ ਹੱਕ 'ਚ ਭਾਜਪਾ ਅਤੇ ਕਾਂਗਰਸੀ ਆਗੂ ਪੂਰੀ ਤਰ੍ਹਾਂ ਡਟੇ ਹੋਏ ਹਨ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਭਾਜਪਾ ਲੀਡਰਸ਼ਿਪ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਜਲੰਧਰ ਵਿਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਧਰਨੇ 'ਤੇ ਭਾਜਪਾ ਆਗੂ ਪੰਜਾਬ ਸਰਕਾਰ ਮੂਰਦਾਬਾਦ ਦੇ ਨਾਅਰੇ ਲਗਾ ਰਹੇ ਹਨ। 

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਅਜੇ 3 ਦਿਨ ਹੋਰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਹਨ੍ਹੇਰੀ-ਤੂਫ਼ਾਨ ਦਾ Alert ਜਾਰੀ

ਉਥੇ ਹੀ ਇਸ ਦੌਰਾਨ ਜਲੰਧਰ ਕੋਰਟ 'ਚ ਪੇਸ਼ੀ ਭੁਗਤਣ ਆਏ ਲੋਕਾਂ ਨੂੰ ਅੱਜ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁਕਮਾਂ 'ਤੇ ਕੋਰਟ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਦਰਅਸਲ ਪੁਲਸ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁਕਮਾਂ 'ਤੇ ਜਲੰਧਰ ਅਦਾਲਤ ਦੀ ਸਖ਼ਤ ਘੇਰਾਬੰਦੀ ਕੀਤੀ ਗਈ। ਇਸ ਦੌਰਾਨ ਦੂਰੋਂ-ਦੂਰੋਂ ਆਪਣੀਆਂ ਤਾਰੀਖ਼ਾਂ ਭੁਗਤਣ ਆਏ ਲੋਕਾਂ ਨੂੰ ਅਦਾਲਤ ਦੇ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ।  ਇਸ ਤੋਂ ਗੁੱਸੇ ਵਿਚ ਆਏ ਲੋਕਾਂ ਨੇ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਏ। ਅਦਾਲਤ ਵਿਚ ਆਏ ਇਕ ਵਿਅਕਤੀ ਨੇ ਕਿਹਾ ਕਿ ਉਹ ਜਰਮਨ ਤੋਂ ਤਰੀਕ ਭੁਗਤਣ ਆਇਆ ਹੈ ਪਰ ਪੁਲਸ ਵੱਲੋਂ ਉਸ ਨੂੰ ਅਦਾਲਤ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਇਸ ਦੌਰਾਨ ਇਕ ਬਜ਼ੁਰਗ ਨੇ ਕਿਹਾ ਕਿ ਉਸ ਦਾ ਅਪਰਾਧਿਕ ਕੇਸ ਹੈ ਪਰ ਪੁਲਸ ਉਸ ਨੂੰ ਜ਼ਬਰਨ ਅੰਦਰ ਨਹੀਂ ਜਾਣ ਦੇ ਰਹੀ। 

ਜ਼ਿਕਰਯੋਗ ਹੈ ਕਿ ਨਗਰ ਨਿਗਮ ਜਲੰਧਰ ਦੇ ਬਿਲਡਿੰਗ ਵਿਭਾਗ ਵੱਲੋਂ ਬੀਤੇ ਦਿਨ ਬਾਅਦ ਦੁਪਹਿਰ ਪੁਲਸ ਲਾਈਨਜ਼ ਰੋਡ ’ਤੇ ਸਥਿਤ ਹੋਟਲ ਪਾਰਕ ਪਲਾਜ਼ਾ ’ਚ ਡੈਮੋਲਿਸ਼ਨ (ਭੰਨਤੋੜ) ਸਬੰਧੀ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਦੌਰਾਨ ਨਗਰ ਨਿਗਮ ਦੀਆਂ ਤਿੰਨ ਡਿੱਚ ਮਸ਼ੀਨਾਂ ਨੇ ਹੋਟਲ ਕੰਪਲੈਕਸ ਦੇ ਅੰਦਰ ਵੜ ਕੇ ਉੱਥੇ ਬਣੇ ਪੋਰਚ ਨੂੰ ਤੋੜਿਆ, ਉੱਥੇ ਹੀ ਚਾਰਦੀਵਾਰੀ, ਗੇਟ ਅਤੇ ਹੋਰ ਹਿੱਸਿਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਇਸ ਕਾਰਵਾਈ ’ਚ ਡਿੱਚ ਮਸ਼ੀਨਾਂ ਤੋਂ ਇਲਾਵਾ ਲੋਡਰਜ਼ ਅਤੇ ਹੋਰ ਮਸ਼ੀਨਰੀ ਦੀ ਵੀ ਵਰਤੋਂ ਕੀਤੀ ਗਈ।

PunjabKesariਕਾਰਵਾਈ ਦੀ ਅਗਵਾਈ ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਐੱਮ. ਟੀ. ਪੀ. ਮਿਹਰਬਾਨ ਸਿੰਘ ਨੇ ਕੀਤੀ। ਮੌਕੇ ’ਤੇ ਏ. ਟੀ. ਪੀ., ਬਿਲਡਿੰਗ ਇੰਸਪੈਕਟਰ ਸਮੇਤ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਮੌਜੂਦ ਰਹੇ। ਇਹ ਕਾਰਵਾਈ 4 ਘੰਟਿਆਂ ਤੱਕ ਚੱਲੀ, ਜਿਸ ਦੌਰਾਨ ਹੋਟਲ ਤੱਕ ਆਉਣ-ਜਾਣ ਵਾਲੇ ਰਸਤਿਆਂ ਨੂੰ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਕਿਉਂਕਿ ਇਹ ਕਾਰਵਾਈ ‘ਆਪ’ ਸਰਕਾਰ ਦੇ ਹੁਕਮਾਂ ’ਤੇ ਕੀਤੀ ਗਈ ਸੀ, ਇਸ ਲਈ ਭਾਜਪਾ, ਕਾਂਗਰਸ, ਅਕਾਲੀ ਦਲ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਕਈ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਮੌਕੇ ’ਤੇ ਵਿਰੋਧ ਪ੍ਰਗਟਾਉਣ ਪਹੁੰਚੇ।
ਹਾਲਾਂਕਿ ਪੁਲਸ ਫੋਰਸ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਜ਼ਬਰਦਸਤੀ ਹਟਾਇਆ ਗਿਆ ਅਤੇ ਕਈ ਲੋਕਾਂ ਨੂੰ ਹਿਰਾਸਤ ’ਚ ਵੀ ਲੈ ਲਿਆ ਗਿਆ। ਪੁਲਸ ਵੱਲੋਂ ਭਾਜਪਾ ਨੇਤਾ ਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਕਾਂਗਰਸ ਦੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਸਾਬਕਾ ਵਿਧਾਇਕ ਅਤੇ ਭਾਜਪਾ ਨੇਤਾ ਸ਼ੀਤਲ ਅੰਗੁਰਾਲ, ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ, ਭਾਜਪਾ ਨੇਤਾ ਨਵਲ ਕਿਸ਼ੋਰ ਕੰਬੋਜ, ਹਨੀ ਕੰਬੋਜ, ਕਾਂਗਰਸ ਪਾਰਟੀ ਦੇ ਕੌਂਸਲਰ ਸ਼ੈਰੀ ਚੱਢਾ, ਅਸ਼ੋਕ ਸਰੀਨ ਹਿੱਕੀ, ਕਾਂਗਰਸੀ ਕੌਂਸਲਰ ਜਸਲੀਨ ਸੇਠੀ, ਕਾਂਗਰਸੀ ਨੇਤਾ ਕਰਨ ਕੌਸ਼ਲ, ਪੰਕਜ ਚੱਢਾ, ਰੋਹਨ ਚੱਢਾ, ਰਾਜੇਸ਼ ਭੱਟੀ ਪ੍ਰਧਾਨ ਸਿਟੀ ਵਾਲਮੀਕਿ ਸਭਾ, ਪ੍ਰਦੀਪ ਖੁੱਲਰ, ਸਤਨਾਮ ਬਿੱਟਾ, ਵਿਪਨ ਸਭਰਵਾਲ, ਅਕਾਲੀ ਨੇਤਾ ਇਕਬਾਲ ਸਿੰਘ ਢੀਂਡਸਾ, ਵਿਜੇ ਦਕੋਹਾ, ਪ੍ਰਸ਼ਾਂਤ ਗੰਭੀਰ ਅਤੇ ਹੋਰਾਂ ਨੂੰ ਡਿਟੇਨ ਕਰਕੇ ਜ਼ਬਰਦਸਤੀ ਬੱਸਾਂ ’ਚ ਬਿਠਾ ਲਿਆ ਗਿਆ।

ਉਧਰ ਕਾਂਗਰਸ ਦੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਨਾਲ ਚਲਦੀ ਬੱਸ ’ਚ ਮੁਲਾਜ਼ਮਾਂ ਵੱਲੋਂ ਧੱਕਾਮੁੱਕੀ ਕੀਤੀ ਗਈ ਤਾਂ ਬੇਰੀ ਨੇ ਚਲਦੀ ਬੱਸ ’ਚੋਂ ਛਾਲ ਮਾਰ ਦਿੱਤੀ ਅਤੇ ਪੈਦਲ ਹੀ ਹੋਟਲ ਦੇ ਬਾਹਰ ਪਹੁੰਚ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲਸ ਨੇ ਦੁਬਾਰਾ ਉਨ੍ਹਾਂ ਨੂੰ ਡਿਟੇਨ ਕੀਤਾ। ਜਿਵੇਂ ਹੀ ਪੁਲਸ ਨੇ ਪ੍ਰਦਰਸ਼ਨ ਕਰ ਰਹੇ ਨੇਤਾਵਾਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਡਿਟੇਨ ਕਰਕੇ ਭੇਜਿਆ ਤਾਂ ਤੁਰੰਤ ਨਿਗਮ ਦੇ ਅਧਿਕਾਰੀਆਂ ਨੇ ਹੋਟਲ ’ਤੇ ਡਿਚ ਮਸ਼ੀਨਾਂ ਚਲਾ ਦਿੱਤੀਆਂ। ਡਿਟੇਨ ਕੀਤੇ ਗਏ ਨੇਤਾਵਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪੁਲਸ ਕੈਂਟ ਇਲਾਕੇ ’ਚ 50 ਮਿੰਟ ਤੱਕ ਘੁਮਾਉਂਦੀ ਰਹੀ ਅਤੇ ਬਾਅਦ ’ਚ ਉਨ੍ਹਾਂ ਨੂੰ ਥਾਣਾ ਸਦਰ ਲੈ ਜਾਇਆ ਗਿਆ। ਥਾਣਾ ਸਦਰ ਪਹੁੰਚਣ ’ਤੇ ਵੀ ਪੰਜਾਬ ਸਰਕਾਰ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਖਬਰ ਲਿਖੇ ਜਾਣ ਤੱਕ ਸਾਰਿਆਂ ਨੂੰ ਥਾਣਾ ਸਦਰ ’ਚ ਹੀ ਡਿਟੇਨ ਕਰ ਕੇ ਰੱਖਿਆ ਹੋਇਆ ਸੀ।

PunjabKesari

ਜ਼ਿਕਰਯੋਗ ਹੈ ਕਿ ਹੋਟਲ ਪਾਰਕ ਪਲਾਜ਼ਾ ਨਾਲ ਸਬੰਧਤ ਮਾਮਲਾ ਅਦਾਲਤਾਂ ’ਚ ਵਿਚਾਰ ਅਧੀਨ ਹੈ। ਕਾਰਵਾਈ ਦੌਰਾਨ ਜਦੋਂ ਐੱਮ. ਟੀ. ਪੀ. ਅਤੇ ਹੋਰ ਨਿਗਮ ਅਧਿਕਾਰੀਆਂ ਤੋਂ ਭੰਨਤੋੜ ਨਾਲ ਜੁੜੇ ਅਦਾਲਤੀ ਹੁਕਮਾਂ ਜਾਂ ਡੈਮੋਲੀਸ਼ਨ ਆਰਡਰ ਦੀ ਕਾਪੀ ਮੰਗੀ ਗਈ, ਤਾਂ ਉਨ੍ਹਾਂ ਇਸ ਸਬੰਧ ’ਚ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਇਹ ਵੀ ਜ਼ਿਕਰਯੋਗ ਹੈ ਕਿ ਹੋਟਲ ਨੂੰ ਕੁਝ ਦਿਨ ਪਹਿਲਾਂ ਹੀ ਸੀਲ ਕਰ ਦਿੱਤਾ ਗਿਆ ਸੀ।

ਇਸ ਪੂਰੇ ਮਾਮਲੇ ਦਾ ਇਕ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਹੋਟਲ ਦੀ ਬਿਲਡਿੰਗ ਬਾਇਲਾਜ਼ ਨਾਲ ਜੁੜਿਆ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਾ ਹੈ। ਸੁਣਵਾਈ ਦੌਰਾਨ ਮਾਣਯੋਗ ਸੁਪਰੀਮ ਕੋਰਟ ਨੇ ਹਾਈ ਕੋਰਟ ਅਤੇ ਸਥਾਨਕ ਅਦਾਲਤ ਨੂੰ ਨਿਰਦੇਸ਼ ਦਿੱਤੇ ਸਨ ਕਿ ਇਸ ਮਾਮਲੇ ’ਚ ਅੱਗੇ ਕੋਈ ਕਾਰਵਾਈ ਨਾ ਕੀਤੀ ਜਾਵੇ। ਇਸ ਦੇ ਬਾਵਜੂਦ ਬੀਤੇ ਦਿਨ ਜਿਵੇਂ ਹੀ ਸਥਾਨਕ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਇਆ, ਜਲੰਧਰ ਨਗਰ ਨਿਗਮ ਨੇ ਪਹਿਲਾਂ ਤੋਂ ਕੀਤੀਆਂ ਤਿਆਰੀਆਂ ਤਹਿਤ ਤੁਰੰਤ ਆਪਣੀਆਂ ਡਿਚ ਮਸ਼ੀਨਾਂ ਹੋਟਲ ਕੰਪਲੈਕਸ ਵੱਲ ਰਵਾਨਾ ਕਰ ਦਿੱਤੀਆਂ ਅਤੇ ਭੰਨਤੋੜ ਸ਼ੁਰੂ ਕਰ ਦਿੱਤੀ। ਦੇਰ ਰਾਤ ਹੋਟਲ ਪ੍ਰਮੋਟਰ ਹਾਈ ਕੋਰਟ ਪਹੁੰਚੇ ਅਤੇ ਮਾਣਯੋਗ ਹਾਈ ਕੋਰਟ ਨੇ ਰਾਤ 10 ਵਜੇ ਰਿਵੀਜ਼ਨ ਪਟੀਸ਼ਨ ’ਤੇ ਆਰਡਰ ਪਾਸ ਕਰਕੇ ‘ਆਪ’ ਸਰਕਾਰ ਵੱਲੋਂ ਕੀਤੀ ਜਾ ਰਹੀ ਦਮਨਕਾਰੀ ਕਾਰਵਾਈ ’ਤੇ ਸਟੇਅ ਜਾਰੀ ਕਰ ਕੇ ਰੋਕ ਲਗਾ ਦਿੱਤੀ।

 

ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ 3 ਛੁੱਟੀਆਂ ! ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News