ਕੀ ਮਾਹਿਰਾਂ ਨੇ ਮੋਦੀ ਨੂੰ ਕੋਰੋਨਾ ''ਤੇ ਕੀਤਾ ਗੁਮਰਾਹ

Thursday, May 21, 2020 - 09:47 PM (IST)

ਨਵੀਂ ਦਿੱਲੀ - ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲੇ ਜਿੰਨੀ ਤੇਜ਼ੀ ਨਾਲ ਵਧ ਰਹੇ ਹਨ ਉਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਪਰੇਸ਼ਾਨ ਹਨ ਅਤੇ ਜਿਸ ਹਿਸਾਬ ਨਾਲ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਉਸ ਤੋਂ ਲੱਗਦਾ ਹੈ ਕਿ ਜੂਨ ਦੀ ਸ਼ੁਰੂਆਤ ਵਿਚ ਇਹ ਗਿਣਤੀ 2 ਲੱਖ ਤੱਕ ਪਹੁੰਚ ਜਾਵੇਗੀ। ਜਿਸ ਗੱਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਕੀਤਾ ਉਹ ਇਹ ਹੈ ਕਿ ਕੋਰੋਨਾ ਦੀ ਇਨਫੈਕਸ਼ਨ 430 ਤੋਂ 550 ਜ਼ਿਲਿਆਂ ਵਿਚ ਫੈਲ ਗਈ ਹੈ।

ਮੋਦੀ ਇਸ ਗੱਲ ਤੋਂ ਵੀ ਨਾਖੁਸ ਹਨ ਕਿ ਮਾਹਿਰ ਲਗਾਤਾਰ ਉਨ੍ਹਾਂ ਨੂੰ ਕਹਿੰਦੇ ਰਹੇ ਹਨ ਕਿ ਕੋਰੋਨਾ ਦੇ ਮਾਮਲੇ 12 ਮਈ ਤੱਕ ਸਥਿਰ ਹੋ ਜਾਣਗੇ ਅਤੇ 16 ਮਈ ਤੋਂ ਬਾਅਦ ਇਸ ਦੀ ਰਫਤਾਰ ਧੀਮੀ ਪੈ ਜਾਵੇਗੀ। ਹਾਲਾਂਕਿ ਹੋਇਆ ਇਸ ਦੇ ਬਿਲਕੁਲ ਉਲਟ। ਕੋਰੋਨਾ ਨੂੰ ਲੈ ਕੇ ਡਾ. ਵੀ. ਕੇ. ਪਾਲ ਦੀ ਅਗਵਾਈ ਵਾਲੀ ਟਾਸਕ ਫੋਰਸ ਤੋਂ ਇਲਾਵਾ 20 ਤੋਂ ਜ਼ਿਆਦਾ ਮਾਹਿਰ ਹਨ ਜੋ ਕਿ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਆਪਣੀ ਸਲਾਹ ਦੇ ਰਹੇ ਹਨ। ਡਾ. ਪਾਲ ਨੇ 24 ਅਪ੍ਰੈਲ ਨੂੰ ਪਹਿਲਾ ਦਾਅਵਾ ਕੀਤਾ ਸੀ ਕਿ ਲਾਕਡਾਊਨ ਦੇ ਜ਼ਰੀਏ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ ਅਤੇ ਇਹ ਭਵਿੱਖਬਾਣੀ ਵੀ ਕੀਤੀ ਕਿ 16 ਮਈ ਤੋਂ ਬਾਅਦ ਵਾਇਰਸ ਦੀ ਰਫਤਾਰ ਧੀਮੀ ਪੈ ਜਾਵੇਗੀ। ਡਾ. ਪਾਲ ਨੀਤੀ ਆਯੋਗ ਦੇ ਮੈਂਬਰ ਹਨ।

ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਲਾਕਡਾਊਨ ਅਤੇ ਹੋਰ ਉਪਾਅ 'ਤੇ ਸਲਾਹ ਲਈ ਬਣਾਏ ਗਏ ਗੈਰ-ਰਸਮੀ ਸਮੂਹ ਦੀ ਅਗਵਾਈ ਲਈ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਡਾ. ਪਾਲ ਨੂੰ ਹੀ ਚੁਣਿਆ ਸੀ। ਪ੍ਰਧਾਨ ਮੰਤਰੀ ਮੋਦੀ ਮਾਹਿਰਾਂ 'ਤੇ ਇੰਨਾ ਭਰੋਸਾ ਕਰ ਰਹੇ ਸੀ ਕਿ 6 ਅਪ੍ਰੈਲ ਨੂੰ ਸਿਹਤ ਸਬੰਧੀ ਮਸਲਿਆਂ ਨੂੰ ਲੈ ਕੇ ਬਣਾਈ ਗਈ ਟਾਸਕ ਫੋਰਸ ਦਾ ਚੇਅਰਮੈਨ ਡਾ. ਵੀ. ਕੇ. ਪਾਲ ਨੂੰ ਬਣਾਇਆ ਗਿਆ। ਇਸ ਤੋਂ ਪਹਿਲਾਂ 6 ਫਰਵਰੀ ਨੂੰ ਕੋਰੋਨਾਵਾਇਰਸ ਨੂੰ ਲੈ ਕੇ 6 ਮੰਤਰੀ ਸਮੂਹਾਂ ਦਾ ਗਠਨ ਕੀਤਾ ਜਾ ਚੁੱਕਿਆ ਸੀ, ਜਿਨ੍ਹਾਂ ਦੀ ਕਮਾਨ ਡਾ. ਹਰਸ਼ਵਰਧਨ ਨੂੰ ਸੌਂਪੀ ਗਈ। ਮੰਤਰੀਆਂ ਅਤੇ ਹੋਰ ਰਾਜ ਨੇਤਾਵਾਂ 'ਤੇ ਪੂਰੀ ਤਰ੍ਹਾਂ ਨਿਰਭਰ ਰਹਿਣ ਦੀ ਬਜਾਏ ਮੋਦੀ ਨੇ ਸਿੱਧੇ ਮਾਹਿਰਾਂ ਨਾਲ ਸਲਾਹ ਕੀਤੀ।

ਹੌਲੀ-ਹੌਲੀ ਮੰਤਰੀ ਸਮੂਹਾਂ ਦਾ ਕੰਮ ਸਿਰਫ ਪੀ. ਐਮ. ਓ. ਅਤੇ ਟਾਸਕ ਫੋਰਸ ਵੱਲੋਂ ਦਿੱਤੇ ਜਾਣ ਵਾਲੇ ਸੁਝਾਅ ਨੂੰ ਲਾਗੂ ਕਰਨਾ ਹੀ ਰਹਿ ਗਿਆ। ਮੋਦੀ ਨੇ ਵਿਭਿੰਨ ਮੁੱਦਿਆਂ 'ਤੇ ਸਲਾਹ-ਮਸ਼ਵਰੇ ਲਈ 10 ਟਾਸਕ ਫੋਰਸ ਦਾ ਗਠਨ ਕੀਤਾ। ਬਾਅਦ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਅਹਿਸਾਸ ਹੋਇਆ ਕਿ ਇਹ ਮਾਹਿਰ ਵੀ ਹਨੇਰੇ ਵਿਚ ਤੀਰ ਚਲਾ ਰਹੇ ਹਨ।

ਕੋਰੋਨਾ ਦੇ ਮਾਮਲਿਆਂ ਦੀ ਰਫਤਾਰ ਨਾ ਰੋਕੀ ਅਤੇ ਲੋਕਾਂ ਵਿਚ ਨਰਾਜ਼ਗੀ ਪੈਦਾ ਹੋਣ ਲੱਗੀ। ਉਥੇ ਭਾਜਪਾ ਵਿਚ ਵੀ ਮਤਭੇਦ ਪੈਦਾ ਹੋਣ ਲੱਗੇ। ਮੋਦੀ ਨੇ 17 ਮਈ ਨੂੰ ਕੋਰੋਨਾ ਦੇ ਮਸਲੇ 'ਤੇ ਫੈਸਲੇ ਲੈਣ ਦਾ ਅਧਿਕਾਰ ਰਾਜਾਂ ਨੂੰ ਸੌਂਪਣ ਦਾ ਫੈਸਲਾ ਕੀਤਾ। ਉਹ ਟਾਸਕ ਫੋਰਸ ਅਤੇ ਮਾਹਿਰਾਂ ਤੋਂ ਬਹੁਤ ਨਰਾਜ਼ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਗੁਮਰਾਹ ਕੀਤਾ।


Khushdeep Jassi

Content Editor

Related News