ਦੂਜੇ ਦੇਸ਼ਾਂ ’ਤੇ ਨਿਰਭਰਤਾ ਸਾਡੀ ਸਭ ਤੋਂ ਵੱਡੀ ਦੁਸ਼ਮਣ : ਮੋਦੀ
Saturday, Sep 20, 2025 - 10:43 PM (IST)

ਭਾਵਨਗਰ (ਏਜੰਸੀਆਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਹੋਰ ਦੇਸ਼ਾਂ ’ਤੇ ਉਸ ਦੀ ਨਿਰਭਰਤਾ ਹੈ। ਉਨ੍ਹਾਂ ਨੇ ਆਤਮਨਿਰਭਰਤਾ ਦਾ ਨਾਅਰਾ ਦਿੱਤਾ ਅਤੇ ਸੈਮੀਕੰਡਕਟਰ ਚਿੱਪ ਤੋਂ ਲੈ ਕੇ ਜਹਾਜ਼ਾਂ ਤੱਕ ਹਰ ਚੀਜ਼ ਦਾ ਸਵਦੇਸ਼ੀ ਉਤਪਾਦਨ ਕਰਨ ਦਾ ਸੱਦਾ ਦਿੱਤਾ। ਉਹ ਗੁਜਰਾਤ ’ਚ ਭਾਵਨਗਰ ਦੇ ਗਾਂਧੀ ਮੈਦਾਨ ’ਚ ‘ਸਮੁੰਦਰ ਤੋਂ ਖੁਸ਼ਹਾਲੀ’ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਉਨ੍ਹਾਂ ਨੇ ਕੁੱਲ 34,200 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ-ਪੱਥਰ ਰੱਖੇ। ਮੋਦੀ ਨੇ ਕਿਹਾ ਕਿ ਭਾਰਤ ਦੀਆਂ ਸਾਰੀਆਂ ਸਮੱਸਿਆਵਾਂ ਦਾ ਇਕ ਹੀ ਹੱਲ ਹੈ ਅਤੇ ਉਹ ਹੈ ‘ਆਤਮਨਿਰਭਰਤਾ’।
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਵਿਸ਼ਵ ਭਾਈਚਾਰੇ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ ਅਤੇ ਅੱਜ ਦੁਨੀਆ ’ਚ ਭਾਰਤ ਦਾ ਕੋਈ ਵੱਡਾ ਦੁਸ਼ਮਣ ਨਹੀਂ ਹੈ ਪਰ ਸਹੀ ਮਾਅਨਿਆਂ ’ਚ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ‘ਹੋਰ ਦੇਸ਼ਾਂ ’ਤੇ ਨਿਰਭਰਤਾ’ ਹੈ।” ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਨਿਰਭਰਤਾ ਨੂੰ ਸਮੂਹਿਕ ਤੌਰ ’ਤੇ ਹਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਨਿਰਭਰਤਾ ਵਧਣ ਨਾਲ ਰਾਸ਼ਟਰੀ ਅਸਫਲਤਾ ਵਧਦੀ ਹੈ। ਮੋਦੀ ਨੇ ਕਿਹਾ, “ਗਲੋਬਲ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ, ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਨੂੰ ਆਤਮਨਿਰਭਰ ਬਣਨਾ ਪਵੇਗਾ।”
ਉਨ੍ਹਾਂ ਨੇ ਅਪੀਲ ਕੀਤੀ ਕਿ ਦੂਸਰਿਆਂ ’ਤੇ ਨਿਰਭਰਤਾ ਰਾਸ਼ਟਰੀ ਸਵੈ-ਮਾਣ ਲਈ ਖ਼ਤਰਾ ਹੈ। ਉਨ੍ਹਾਂ ਕਿਹਾ, “140 ਕਰੋੜ ਭਾਰਤੀਆਂ ਦਾ ਭਵਿੱਖ ਬਾਹਰੀ ਤਾਕਤਾਂ ’ਤੇ ਨਹੀਂ ਛੱਡਿਆ ਜਾ ਸਕਦਾ, ਨਾ ਹੀ ਰਾਸ਼ਟਰੀ ਵਿਕਾਸ ਦਾ ਸੰਕਲਪ ਵਿਦੇਸ਼ੀ ਨਿਰਭਰਤਾ ’ਤੇ ਆਧਾਰਿਤ ਹੋ ਸਕਦਾ ਹੈ। ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਦੂਸਰਿਆਂ ’ਤੇ ਨਹੀਂ ਛੱਡਿਆ ਜਾ ਸਕਦਾ। 140 ਕਰੋੜ ਦੀ ਆਬਾਦੀ ਵਾਲਾ ਦੇਸ਼ ਜੇ ਦੂਸਰਿਆਂ ’ਤੇ ਨਿਰਭਰ ਹੈ, ਤਾਂ ਇਹ ਰਾਸ਼ਟਰੀ ਸਵੈ-ਮਾਣ ਨਾਲ ਸਮਝੌਤਾ ਹੈ।”
ਮੋਦੀ ਨੇ ਕਿਹਾ ਕਿ ਇਕ ਮਸ਼ਹੂਰ ਕਹਾਵਤ ਅਨੁਸਾਰ, 100 ਤਰ੍ਹਾਂ ਦੇ ਦੁੱਖਾਂ ਦਾ ਇਕ ਹੀ ਇਲਾਜ ਹੈ, ਇਸ ਤਰ੍ਹਾਂ, ਭਾਰਤ ਦੀਆਂ ਸਾਰੀਆਂ ਸਮੱਸਿਆਵਾਂ ਦਾ ਇਕ ਹੀ ਹੱਲ ਹੈ ਤੇ ਉਹ ਹੈ ‘ਆਤਮਨਿਰਭਰਤਾ’।