ਹਰਮਨਪ੍ਰੀਤ ਬਣੀ ਸਭ ਤੋਂ ਵੱਧ ਮੈਚ ਖੇਡਣ ਵਾਲੀ ਮਹਿਲਾ ਕ੍ਰਿਕਟਰ
Saturday, Feb 21, 2026 - 10:41 AM (IST)
ਕੈਨਬਰਾ - ਭਾਰਤ ਦੀ ਮਹਿਲਾ ਵਿਸ਼ਵ ਕੱਪ ਜੇਤੂ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਆਸਟ੍ਰੇਲੀਆ ਵਿਰੁੱਧ ਦੂਜੇ ਟੀ-20 ’ਚ ਖੇਡਣ ਦੇ ਨਾਲ ਹੀ ਸਭ ਤੋਂ ਵੱਧ ਮੈਚ ਖੇਡਣ ਵਾਲੀ ਕੌਮਾਂਤਰੀ ਮਹਿਲਾ ਕ੍ਰਿਕਟਰ ਬਣ ਗਈ। ਹਰਮਨਪ੍ਰੀਤ ਕੌਰ ਨੇ ਵੀਰਵਾਰ ਨੂੰ ਭਾਰਤ ਲਈ ਸਾਰੇ ਫਾਰਮੈੱਟਾਂ ’ਚ ਆਪਣਾ 356ਵਾਂ ਮੈਚ ਖੇਡ ਕੇ ਇਹ ਉਪਲੱਬਧੀ ਹਾਸਲ ਕੀਤੀ। ਇਸ ਦੇ ਨਾਲ ਉਸ ਨੇ ਨਿਊਜ਼ੀਲੈਂਡ ਦੀ ਮਹਾਨ ਸੂਜੀ ਬੇਟਸ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।
ਕੌਰ ਨੇ 2009 ’ਚ ਕੌਮਾਂਤਰੀ ਕ੍ਰਿਕਟ ’ਚ ਸ਼ੁਰੂਆਤ ਕਰਨ ਤੋਂ ਬਾਅਦ 6 ਟੈਸਟ ਮੈਚ, 161 ਵਨ ਡੇ ਅਤੇ 189 ਕੌਮਾਂਤਰੀ ਟੀ-20 ਮੈਚ ਖੇਡੇ ਹਨ। ਆਈ. ਸੀ. ਸੀ. ਅਨੁਸਾਰ, ਉਹ ਭਾਰਤ ’ਚ ਮਹਿਲਾ ਕ੍ਰਿਕਟ ਕ੍ਰਾਂਤੀ ਦਾ ਇਕ ਵੱਡਾ ਹਿੱਸਾ ਰਹੀ ਹੈ ਅਤੇ ਪਿਛਲੇ ਸਾਲ ਉਸ ਨੇ ਟੀਮ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਜਿਤਾਈ।
ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਕੌਰ ਨੇ 140 ਵਨ ਡੇ ਪਾਰੀਆਂ ’ਚ 37.05 ਦੀ ਔਸਤ ਨਾਲ 4409 ਦੌੜਾਂ ਬਣਾਈਆਂ ਹਨ, ਟੈਸਟ ’ਚ 200 ਦੌੜਾਂ ਅਤੇ ਟੀ-20 ’ਚ 3820 ਦੌੜਾਂ ਬਣਾਈਆਂ ਹਨ। ਉਸ ਨੇ ਭਾਰਤ ਲਈ 8 ਸੈਂਕੜੇ ਅਤੇ 38 ਅਰਧ ਸੈਂਕੜੇ ਲਾਏ ਹਨ।
